Latest News
ਗਿਆਨੀ ਹਰਪ੍ਰੀਤ ਸਿੰਘ ਇੱਕ ਧੜੇ ਦੇ ਬੁਲਾਰੇ ਨਾ ਬਣਨ : ਜਥੇਦਾਰ ਭੁਪਿੰਦਰ ਸਿੰਘ

Published on 23 Feb, 2021 10:43 AM.


ਅੰਮਿ੍ਤਸਰ (ਜਸਬੀਰ ਸਿੰਘ ਪੱਟੀ)
ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਕਰਵਾਏ ਗਏ ਸ਼ਹੀਦੀ ਸਮਾਗਮ ਨੂੰ ਸੰਬੋਧਨ ਕਰਦਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੁਝ ਸਿੱਖ ਸੰਸਥਾਵਾਂ ਤੇ ਸਿੱਖ ਆਗੂਆਂ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਸਿੱਖ ਪੰਥ ਦੀ ਨੌਨਿਹਾਲ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੇ ਹਨ, ਇਸ ਦਾ ਕਰੜਾ ਨੋਟਿਸ ਲੈਂਦਿਆਂ ਪੰਥਕ ਜਥੇਬੰਦੀਆ ਨੇ ਜਥੇਦਾਰ ਨੂੰ ਪੁੱਛਿਆ ਕਿ ਉਹ ਇਸ ਮਹੱਤਵਪੂਰਨ ਮੁੱਦੇ 'ਤੇ ਗੁੰਗੀ ਬੈਅ ਨਾ ਰੱਖਣ ਤੇ ਸਪੱਸ਼ਟ ਸ਼ਬਦਾਂ ਉਹਨਾਂ ਜਥੇਬੰਦੀਆ ਤੇ ਵਿਅਕਤੀਆਂ ਦਾ ਨਾਂਅ ਲੈ ਕੇ ਸੰਗਤਾਂ ਨਾਲ ਜਾਣਕਾਰੀ ਸਾਂਝੀ ਕਰਨ, ਨਹੀ ਤਾਂ ਉਹਨਾ ਦੀ ਭੂਮਿਕਾ ਵੀ ਸਵਾਲਾਂ ਦੇ ਘੇਰੇ ਵਿੱਚ ਆ ਜਾਵੇਗੀ | ਜਥੇਦਾਰ ਨੂੰ ਇੱਕ ਧਿਰ ਦੇ ਬੁਲਾਰੇ ਬਣਨ ਤੋਂ ਸੰਕੋਚ ਕਰਨਾ ਚਾਹੀਦਾ ਹੈ |
ਦੱਸਿਆ ਜਾਂਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਗੁਪਤ ਤੌਰ 'ਤੇ ਹਦਾਇਤ ਕੀਤੀ ਗਈ ਹੈ ਕਿ ਉਹ ਗਰਮ ਬਿਆਨਬਾਜ਼ੀ ਕਰਕੇ ਸਮੁੱਚੀ ਸਿੱਖ ਕੌਮ ਨੂੰ ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਇੱਕਜੁੱਟ ਕਰਨ, ਜਿਸ ਦੇ ਮੱਦੇਨਜ਼ਰ ਅਕਾਲੀ ਦਲ ਨੂੰ ਮਜ਼ਬੂਤੀ ਮਿਲ ਸਕੇ, ਪਰ ਵਿਰੋਧੀ ਧਿਰ ਦੇ ਆਗੂਆਂ ਵਿਸ਼ੇਸ਼ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲੰਮਾ ਸਮਾਂ ਹਿੱਸਾ ਰਹੇ ਤੇ ਅੱਜਕੱਲ੍ਹ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੀ ਉਵਰਸੀਜ਼ ਇਕਾਈ ਦੇ ਆਗੂ ਜਥੇਦਾਰ ਭੁਪਿੰਦਰ ਸਿੰਘ ਖਾਲਸਾ ਨੇ ਜਥੇਦਾਰ ਦੇ ਬਿਆਨ ਦਾ ਸਵਾਗਤ ਕਰਦਿਆਂ ਕਿਹਾ ਕਿ ਅੱਜ ਦੇ ਜ਼ਮਾਨੇ ਵਿੱਚ ਇਹ ਅਵੱਸ਼ ਜ਼ਰੂਰੀ ਹੈ ਕਿ ਪੰਥਕ ਏਕਤਾ ਹੋਵੇ, ਪਰ ਜਥੇਦਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਸਪੱਸ਼ਟ ਕਰਨ ਕਿ ਉਹ ਪੰਥਕ ਏਕਤਾ ਕੀ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਬਖਸ਼ਣ ਵਾਲਿਆਂ, ਬਹਿਬਲ ਕਲਾਂ ਤੇ ਕੋਟਕਪੂਰਾ ਕਾਂਡ ਨੂੰ ਅੰਜ਼ਾਮ ਦੇ ਕੇ ਦੋ ਸਿੱਖਾਂ ਨੂੰ ਕਤਲ ਕਰਕੇ ਤੇ ਦਰਜਨਾਂ ਨੂੰ ਗੋਲੀਆ ਮਾਰ ਕੇ ਫੱਟੜ ਕਰਨ ਵਾਲੇ ਪੁਲਸ ਅਧਿਕਾਰੀਆਂ ਨੂੰ ਤਰੱਕੀਆਂ ਦੇਣ, ਸੌਦਾ ਸਾਧ ਨੂੰ ਮੁਆਫੀ ਦੇਣ ਤੇ ਫਿਰ ਮੁਆਫੀ ਵਾਪਸ ਲੈਣ ਦਾ ਡਰਾਮਾ ਕਰਨ ਵਾਲਿਆਂ ਦੀ ਅਗਵਾਈ ਹੇਠ ਏਕਤਾ ਕੀਤੀ ਜਾਵੇ ਜਾਂ ਉਹਨਾ ਦਾ ਭਾਵ ਕਿਸੇ ਪੰਥਕ ਸੋਚ ਰੱਖਣ ਵਾਲੇ ਆਗੂ ਤੋਂ ਹੈ | ਜਥੇਦਾਰ ਭੁਪਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਨਨਕਾਣਾ ਸਾਹਿਬ ਸਾਕੇ ਦੇ ਸ਼ਹੀਦਾਂ ਦੀ ਸ਼ਤਾਬਦੀ ਮਨਾਉਣ ਲਈ ਪਾਕਿਸਤਾਨ ਜਾਣ ਵਾਲੇ ਜਥੇ ਨੂੰ ਆਗਿਆ ਨਾ ਦੇਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਨ ਵਾਲੇ ਜਥੇਦਾਰ ਨੂੰ ਇਸ ਬਾਰੇ ਵੀ ਸੰਗਤਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣਾ ਸੀ ਤਾਂ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਤੱਤਕਾਲੀ ਕੇਂਦਰੀ ਫੂਡ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਹ ਕਹਿ ਕੇ ਵਿਰੋਧ ਕੀਤਾ ਸੀ ਕਿ ਇਸ ਰਸਤੇ ਅੱਤਵਾਦੀ ਆ ਸਕਦੇ ਹਨ | ਹਰਸਿਮਰਤ ਬਾਦਲ ਇਥੇ ਹੀ ਨਹੀਂ ਰੁਕੀ, ਸਗੋਂ ਇੱਥੋਂ ਤੱਕ ਕਿਹਾ ਕਿ ਜਿਹੜਾ ਪਾਕਿਸਤਾਨ ਸਾਡੇ ਸਰਹੱਦ 'ਤੇ ਫੌਜੀਆਂ ਨੂੰ ਮਾਰ ਰਿਹਾ ਹੈ, ਉਸ ਉਪਰ ਵਿਸ਼ਵਾਸ ਨਹੀ ਕੀਤਾ ਜਾ ਸਕਦਾ | 'ਚੋਰ ਨਾਲੋਂ ਪੰਡ ਕਾਹਲੀ' ਦੀ ਅਖਾਣ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਨੇ ਤਾਂ ਕਰਤਾਰਪੁਰ ਲਾਂਘਾ ਖੋਹਲਣ ਦੀ ਇਜਾਜ਼ਤ ਦਿੰਦਿਆਂ ਕਿਹਾ ਕਿ ਇਸ ਲਾਂਘੇ ਨਾਲ ਦੋਹਾਂ ਦੇਸ਼ਾਂ ਵਿੱਚ ਹਾਲਾਤ ਸੁਖਾਵੇ ਬਣਨਗੇ, ਪਰ ਹਰਸਿਮਰਤ ਇਸ ਲਾਂਘੇ ਨੂੰ ਸਰਹੱਦ ਨਾਲ ਜੋੜ ਕੇ ਵਿਰੋਧ ਕਰਦੀ ਰਹੀ | ਅੱਜ ਉਹੀ ਹਰਸਿਮਰਤ, ਸੁਖਬੀਰ ਤੇ ਉਹਨਾਂ ਦੇ ਸਾਥੀ ਕੇਂਦਰ ਸਰਕਾਰ ਵੱਲੋਂ ਪਾਕਿਸਤਾਨ ਜੱਥਾ ਭੇਜਣ ਦੀ ਇਜਾਜ਼ਤ ਨਾ ਦਿੱਤੇ ਜਾਣ ਦੀ ਆਲੋਚਨਾ ਕਰਦੇ ਹਨ ਤਾਂ ਉਹਨਾਂ 'ਤੇ ਇਹ ਕਹਾਵਤ ਫਿੱਟ ਬੈਠਦੀ ਹੈ, 'ਚੋਰ ਦਾ ਮਾਂ ਬੁੱਕਲ ਵਿੱਚ ਮੰੂਹ |' ਪਾਕਿਸਤਾਨ ਜੱਥਾ ਜਾਣਾ ਚਾਹੀਦਾ ਹੈ, ਇਸ ਦੇ ਉਹ ਮੁੱਦਈ ਹਨ, ਪਰ ਦੋਗਲੇ ਮੰੂਹ ਵਾਲਿਆਂ 'ਤੇ ਕਿਸੇ ਕਿਸਮ ਦਾ ਭਰੋਸਾ ਕਰਨ ਤੋਂ ਪਹਿਲਾਂ ਸਿੱਖ ਪੰਥ ਨੂੰ ਪਹਿਲਾਂ ਸੋਚਣਾ ਚਾਹੀਦਾ ਹੈ ਤੇ ਜਥੇਦਾਰ ਨੂੰ ਵੀ ਗੁੰਗੀ ਬੈਅ ਰੱਖਣ ਦੀ ਬਜਾਏ ਨਾਂਅ ਲੈ ਕੇ ਗੱਲ ਕਰਨੀ ਚਾਹੀਦੀ ਹੈ | ਉਹਨਾ ਕਿਹਾ ਕਿ ਇਥੇ ਹੀ ਬੱਸ ਨਹੀਂ, ਏਕਤਾ ਦੀ ਬਾਤ ਪਾਉਣ ਵਾਲੇ ਗਿਆਨੀ ਹਰਪ੍ਰੀਤ ਸਿੰਘ ਇਹ ਵੀ ਦੱਸਣ ਦੀ ਕਿਰਪਾਲਤਾ ਕਰਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਕਿੱਥੇ ਹਨ? ਉਹਨਾ ਦੀ ਕਦੇ ਵੀ ਜ਼ੁਬਾਨ ਨਹੀਂ ਖੁੱਲ੍ਹੇਗੀ, ਕਿਉਂਕਿ ਜ਼ੁਬਾਨ 'ਤੇ ਬਾਦਲ ਪਰਵਾਰ ਨੇ ਤਾਲਾ ਲਗਾਇਆ ਹੈ ਤੇ ਉਸ ਮੁੱਦੇ 'ਤੇ ਹੀ ਬੋਲਿਆ ਜਾਂਦਾ ਹੈ, ਜਿਹੜਾ ਮੁੱਦਾ ਸੁਖਬੀਰ ਦੀ ਪ੍ਰਧਾਨਗੀ ਨੂੰ ਫਿੱਟ ਬੈਠਦਾ ਹੋਵੇ | ਜਦੋਂ 328 ਸਰੂਪਾਂ ਦੀ ਜਾਣਕਾਰੀ ਹਾਸਲ ਕਰਨ ਲਈ ਪੰਥਕ ਜਥੇਬੰਦੀਆਂ ਦੇ ਆਗੂ ਮੋਰਚਾ ਲਗਾ ਕੇ ਬੈਠੇ ਸਨ ਤਾਂ ਉਹਨਾਂ ਤੇ ਸ਼੍ਰੋਮਣੀ ਕਮੇਟੀ ਦੇ ਗੁੰਡਿਆਂ ਨੇ ਜਿਸ ਤਰੀਕੇ ਨਾਲ ਹਮਲੇ ਕਰਕੇ ਅੰਮਿ੍ਤਧਾਰੀ ਸਿੰਘਾਂ ਤੇ ਬੀਬੀਆਂ ਦੇ ਹੱਥ ਪਿੱਛੇ ਬੰਨ੍ਹ ਕੇ ਕਕਾਰਾਂ ਦੀ ਬੇਅਦਬੀ ਕੀਤੀ ਤੇ ਏਨੀ ਕੁੱਟਮਾਰ ਕੀਤੀ ਕਿ ਉਹਨਾਂ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ, ਉਸ ਸਮੇਂ ਏਕਤਾ ਦੀ ਬਾਤ ਪਾਉਣ ਵਾਲੇ ਜਥੇਦਾਰ ਜੀ ਚੁੱਪ ਕਿਉਂ ਰਹੇ | ਜਥੇਦਾਰ ਭੁਪਿੰਦਰ ਸਿੰਘ ਨੇ ਕਿਹਾ ਕਿ ਜਥੇਦਾਰ ਨੂੰ ਚਾਹੀਦਾ ਹੈ ਕਿ ਉਹ ਕੌਮ ਦਾ ਜਥੇਦਾਰ ਹੋਣ ਦਾ ਸਬੂਤ ਦੇਣ, ਇੱਕ ਧੜੇ ਦੇ ਜਥੇਦਾਰ ਹੋਣ ਨਾਲ ਉਹ ਜਥੇਦਾਰੀ ਦੀ ਆਭਾ ਨੂੰ ਠੇਸ ਪਹੁੰਚਾ ਰਹੇ ਹਨ | ਉਹਨਾ ਕਿਹਾ ਕਿ ਕਿੰਨਾ ਚੰਗਾ ਹੁੰਦਾ ਜੇਕਰ ਜਥੇਦਾਰ ਸਾਹਿਬ ਇੱਕ ਧੜੇ ਦੇ ਬੁਲਾਰੇ ਬਣਨ ਦੀ ਬਜਾਏ ਅਸਤੀਫਾ ਦੇਣ ਨੂੰ ਪਹਿਲ ਦਿੰਦੇ |

71 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper