Latest News
ਦੁਬਈ ਤੋਂ ਪੱਟੀ ਪਰਤੀ ਔਰਤ ਨੇ ਸੁਣਾਈ ਦਾਸਤਾਨ

Published on 23 Feb, 2021 10:44 AM.


ਪੱਟੀ (ਬਲਦੇਵ ਸਿੰਘ ਸੰਧੂ,
ਸ਼ਮਸ਼ੇਰ ਸਿੰਘ ਯੋਧਾ)
ਪਰਵਾਰ ਦੇ ਆਰਥਿਕ ਹਾਲਾਤ ਬਿਹਤਰ ਕਰਨ ਦੇ ਮੰਤਵ ਨਾਲ ਵੱਡੀ ਗਿਣਤੀ ਵਿੱਚ ਨੌਜਵਾਨ ਲੜਕੇ, ਲੜਕੀਆਂ ਵਿਦੇਸ਼ਾਂ ਵਿੱਚ ਰੁਜ਼ਗਾਰ ਦੀ ਭਾਲ ਲਈ ਜਾ ਰਹੇ ਹਨ, ਉਹਨਾਂ ਦੀ ਮਜਬੂਰੀ ਦਾ ਫਾਇਦਾ ਚੁੱਕਣ ਲਈ ਕਈ ਏਜੰਟ ਉਹਨਾਂ ਨੂੰ ਸਬਜ਼ਬਾਗ ਦਿਖਾ ਕੇ ਉਹਨਾਂ ਦਾ ਜਿੱਥੇ ਆਰਥਿਕ ਸ਼ੋਸ਼ਣ ਕਰਦੇ ਹਨ, ਉਥੇ ਉਹਨਾਂ ਨੂੰ ਨਰਕ ਜਿਹੇ ਹਾਲਾਤ ਵਿੱਚ ਰੁਲਣ ਲਈ ਮਜਬੂਰ ਕਰ ਦਿੰਦੇ ਹਨ |
ਪੱਟੀ ਦੀ ਇੱਕ ਔਰਤ ਜੋ ਕਿ ਏਜੰਟ ਵੱਲੋਂ ਦੁਬਈ ਵਿਖੇ ਨੌਕਰੀ ਦਿਵਾਉਣ ਦੇ ਝਾਂਸੇ 'ਚ ਆ ਕੇ ਦੁਬਈ ਤੋਂ ਪੱਟੀ ਵਾਪਸ ਆਈ, ਨੇ ਆਪਣੇ ਪਤੀ ਗੁਰਸੇਵਕ ਸਿੰਘ ਦੀ ਹਾਜ਼ਰੀ 'ਚ ਪ੍ਰੈੱਸ ਕਾਨਫਰੰਸ ਦੌਰਾਨ ਅਹਿਮ ਖੁਲਾਸੇ ਕੀਤੇ | ਪ੍ਰਵੀਨ ਬਾਲਾ ਨੇ ਦੱਸਿਆ ਕਿ ਉਹ ਪੱਟੀ ਦੇ ਹੀ ਇੱਕ ਏਜੰਟ ਦੇ ਝਾਂਸੇ 'ਚ ਆ ਕੇ ਦੁਬਈ ਗਈ ਸੀ ਕਿ ਉਸ ਨੂੰ ਨੌਕਰੀ ਮਿਲੇਗੀ ਅਤੇ ਇੱਕ ਲੱਖ ਰੁਪਏ ਮਹੀਨਾ ਤਨਖਾਹ ਦਿੱਤੀ ਜਾਵੇਗੀ | 11 ਜਨਵਰੀ ਨੂੰ ਉਹ ਦੁਬਈ ਗਈ, ਜਿੱਥੇ ਉਸ ਨੂੰ ਦੋ ਦਿਨ ਇੱਕ ਕਮਰੇ 'ਚ ਰੱਖਿਆ ਅਤੇ ਸਾਡੇ ਕੋਲੋਂ ਮੋਬਾਈਲ ਫੋਨ ਵੀ ਖੋਹ ਲਏ ਗਏ | ਬਾਅਦ ਵਿੱਚ ਉਸ ਨੂੰ ਘਰੇਲੂ ਕੰਮ ਕਹਿ ਕੇ ਸਾਨੂੰ ਗਲਤ ਕੰਮਾਂ ਵੱਲ ਧਕੇਲਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ | ਅਸੀਂ ਇਸ ਦਾ ਵਿਰੋਧ ਕੀਤਾ | ਉਸ ਨੇ ਦੱਸਿਆ ਕਿ ਉਸ ਨੂੰ ਅਤੇ ਉਸ ਨਾਲ ਹੋਰ 60 ਦੇ ਕਰੀਬ ਲੜਕੀਆਂ ਨੂੰ ਬੇਹੱਦ ਨਰਕ ਭਰੇ ਹਾਲਾਤ ਵਿੱਚ ਰੱਖਿਆ ਗਿਆ, ਖਾਣ-ਪੀਣ ਦੇ ਨਾਂਅ 'ਤੇ ਉਹਨਾਂ ਨੂੰ ਥੋੜੇ੍ਹ ਜਿਹੇ ਚੌਲ ਦਿੱਤੇ ਜਾਂਦੇ ਸਨ, ਜੋ ਲੜਕੀ ਇਸ ਦਾ ਵਿਰੋਧ ਕਰਦੀ ਸੀ, ਉਸ ਨਾਲ ਮਾਰ-ਕੁਟਾਈ ਕੀਤੀ ਜਾਂਦੀ ਸੀ | ਇਸ ਉਪਰੰਤ ਸਾਰੀਆਂ ਲੜਕੀਆਂ ਨੂੰ ਬਾਜ਼ਾਰ ਵਿੱਚ ਨੁਮਾਇਸ਼ ਲਗਾ ਕੇ ਖੜਨ ਨੂੰ ਮਜਬੂਰ ਕੀਤਾ ਜਾਂਦਾ ਸੀ | ਏਜੰਟਾਂ ਵੱਲੋਂ ਕਿਹਾ ਗਿਆ ਕਿ ਸ਼ੇਖ ਤੁਹਾਨੂੰ ਪਸੰਦ ਕਰਨਗੇ | ਸ਼ੇਖ ਦੇ ਪਸੰਦ ਆਉਣ 'ਤੇ ਉਸ ਵੱਲੋਂ ਕੰਮ 'ਤੇ ਰੱਖਿਆ ਜਾਵੇਗਾ | ਪ੍ਰਵੀਨ ਬਾਲਾ ਨੇ ਦੱਸਿਆ ਕਿ ਇੱਕ ਮਹੀਨੇ ਉਪਰੰਤ ਜਦ ਉਸ ਨੂੰ ਉਸ ਦਾ ਫੋਨ ਮਿਲਿਆ ਤਾਂ ਉਸ ਨੇ ਪੰਜਾਬ ਰਹਿੰਦੇ ਆਪਣੇ ਪਰਵਾਰ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਅਤੇ ਪਰਵਾਰ ਨੂੰ ਕਿਹਾ ਕਿ ਉਸ ਨੂੰ ਜਲਦ ਤੋਂ ਜਲਦ ਇਸ ਨਰਕ ਤੋਂ ਵਾਪਸ ਪੰਜਾਬ ਬੁਲਾਇਆ ਜਾਵੇ | ਪ੍ਰਵੀਨ ਬਾਲਾ ਦੇ ਪਤੀ ਗੁਰਸੇਵਕ ਸਿੰਘ ਵੱਲੋਂ ਜਦ ਪੰਜਾਬ ਦੇ ਏਜੰਟਾਂ ਨਾਲ ਗੱਲ ਕੀਤੀ ਤਾਂ ਉਲਟਾ ਏਜੰਟਾਂ ਵੱਲੋਂ ਉਸ ਨੂੰ ਡਰਾਇਆ ਗਿਆ ਕਿ ਉਹ ਪ੍ਰਵੀਨ ਬਾਲਾ ਦਾ ਪਾਸਪੋਰਟ ਬਲਾਕ ਕਰਵਾ ਦੇਣਗੇ, ਫਿਰ ਉਹ ਕਦੇ ਪੰਜਾਬ ਨਹੀਂ ਆ ਸਕੇਗੀ | ਪ੍ਰਵੀਨ ਬਾਲਾ ਨੇ ਦੱਸਿਆ ਕਿ ਇਸ ਦੌਰਾਨ ਉਸ ਦੀ ਸਿਹਤ ਬਹੁਤ ਖਰਾਬ ਹੋ ਗਈ | ਦੁਬਈ ਰਹਿੰਦੇ ਏਜੰਟ ਨੂੰ ਬੇਨਤੀ ਕੀਤੀ ਕਿ ਉਸ ਨੂੰ ਵਾਪਸ ਪੰਜਾਬ ਜਾਣ ਦਿੱਤਾ ਜਾਵੇ | ਉਸ ਏਜੰਟ ਵੱਲੋਂ 2 ਲੱਖ ਰੁਪਏ ਦੀ ਮੰਗ ਕੀਤੀ ਗਈ, ਆਰਥਿਕ ਤੌਰ 'ਤੇ ਕਮਜ਼ੋਰ ਹੋਣ ਕਾਰਨ ਉਹ ਪੈਸੇ ਦੇਣ ਤੋਂ ਅਸਮਰੱਥ ਸਨ | ਅੰਤ ਕਿਸੇ ਪਾਸੇ ਕੋਈ ਸੁਣਵਾਈ ਨਾ ਹੁੰਦੀ ਵੇਖ ਇੱਕ ਵਾਰ ਤਾਂ ਇਹਨਾਂ ਹਾਲਤਾਂ ਵਿੱਚ ਹੀ ਜ਼ਿੰਦਗੀ ਬਿਤਾਉਣ ਤੋਂ ਇਲਾਵਾ ਕੋਈ ਹੋਰ ਰਸਤਾ ਵਿਖਾਈ ਨਹੀਂ ਦੇ ਰਿਹਾ ਸੀ | ਫਿਰ ਮੇਰੇ ਪਤੀ ਗੁਰਸੇਵਕ ਸਿੰਘ ਨੂੰ ਕਿਸੇ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਡਾ. ਐੱਸ ਪੀ ਸਿੰਘ ਉਬਰਾਏ ਬਾਰੇ ਦੱਸਿਆ | ਮੇਰੇ ਪਤੀ ਵੱਲੋਂ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਪਿ੍ੰਸ ਧੁੰਨਾ ਨਾਲ ਰਾਬਤਾ ਕਰਕੇ ਮਦਦ ਦੀ ਗੁਹਾਰ ਲਗਾਈ ਗਈ | ਉਸ ਤੋਂ ਅਗਲੇ ਦਿਨ ਹੀ ਸਰਦਾਰ ਐੱਸ ਪੀ ਸਿੰਘ ਉਬਰਾਏ ਦਾ ਮੈਨੂੰ ਫੋਨ ਆਇਆ | ਉਹਨਾਂ ਨੇ ਮੈਨੂੰ ਪੰਜਾਬ ਭੇਜਣ ਦਾ ਭਰੋਸਾ ਦਿੱਤਾ ਅਤੇ ਮੇਰੇ ਦੁਬਈ ਏਜੰਟ ਨਾਲ ਰਾਬਤਾ ਕਰਕੇ 60 ਹਜ਼ਾਰ ਰੁਪਏ ਦੇ ਕੇ ਮੈਨੂੰ ਉੱਥੋਂ ਛੁਡਵਾਇਆ | ਸੋਮਵਾਰ ਹੀ ਮੈਂ ਆਪਣੇ ਘਰ ਵਾਪਸ ਪਰਤੀ ਹਾਂ | ਉਸ ਨੇ ਕਿਹਾ ਕਿ ਮੈਂ ਮੇਰਾ ਪਰਵਾਰ ਉਬਰਾਏ ਸਾਹਿਬ ਦਾ ਦੇਣ ਸਾਰੀ ਉਮਰ ਨਹੀਂ ਦੇ ਸਕਦੇ | ਉਹਨਾਂ ਮੈਨੂੰ ਨਵਾਂ ਜੀਵਨ ਦਿੱਤਾ ਹੈ | ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਪਿ੍ੰਸ ਧੁੰਨਾ ਨੇ ਦੱਸਿਆ ਕਿ ਟਰੱਸਟ ਦੇ ਚੇਅਰਮੈਨ ਐੱਸ.ਪੀ. ਸਿੰਘ ਉਬਰਾਏ ਵੱਲੋਂ ਪੱਟੀ ਦੇ ਇਸ ਪਰਵਾਰ ਦੀ ਮਦਦ ਕੀਤੀ ਗਈ ਹੈ | ਇਸ ਤੋਂ ਪਹਿਲਾਂ ਵੀ ਕਈ ਅਜਿਹੀਆਂ ਲੜਕੀਆਂ ਉਨ੍ਹਾਂ ਨੇ ਦੁਬਈ ਤੋਂ ਛੁਡਾ ਕੇ ਲਿਆਂਦੀਆਂ ਹਨ |
ਉਹਨਾਂ ਇਸ ਮੌਕੇ ਕਿਹਾ ਕਿ ਜੋ ਨੌਜਵਾਨ ਵਿਦੇਸ਼ ਖਾਸ ਤੌਰ 'ਤੇ ਅਰਬ ਦੇਸ਼ਾਂ ਵਿੱਚ ਜਾਣਾ ਚਾਹੁੰਦੇ ਹਨ, ਉਹ ਆਪਣਾ ਵੀਜ਼ਾ ਸਾਡੇ ਕੋਲੋਂ ਚੈੱਕ ਕਰਵਾ ਲੈਣ | ਅਸੀਂ ਇੱਕ ਹਫਤੇ ਦੇ ਅੰਦਰ ਤੁਹਾਡੇ ਵੀਜ਼ੇ ਦੇ ਗਲਤ-ਸਹੀ ਹੋਣ ਦੀ ਜਾਣਕਾਰੀ ਤੁਹਾਨੂੰ ਦੇ ਦਿਆਂਗੇ ਤਾਂ ਜੋ ਅਜਿਹੇ ਅਣਸੁਖਾਵੇਂ ਹਾਲਾਤ ਤੋਂ ਬਚਿਆ ਜਾ ਸਕੇ | ਇਸ ਮੌਕੇ ਕੇ ਪੀ ਗਿੱਲ ਪ੍ਰੈੱਸ ਸਕੱਤਰ, ਵਿਸ਼ਾਲ ਸੂਦ, ਸੰਜੀਵ ਸੂਦ, ਨਵਰੂਪ ਸੰਧੂ, ਸਤਨਾਮ ਸਿੰਘ ਹਾਜ਼ਰ ਸਨ |

72 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper