ਸਮਰਾਲਾ (ਸੁਰਜੀਤ ਸਿੰਘ)
ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਅਤੇ ਪ੍ਰਚੰਡ ਕਰਨ ਲਈ ਸਾਰੇ ਵਹੀਰਾਂ ਘੱਤ ਕੇ ਦਿੱਲੀ ਬਾਰਡਰਾਂ ਵੱਲ ਕੂਚ ਕਰਨ | ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਇੱਕ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਪ੍ਰਗਟ ਕੀਤੇ | ਉਹਨਾਂ ਕੇਂਦਰ ਸਰਕਾਰ ਦੀ ਝਾੜ-ਝੰਬ ਕਰਦਿਆਂ ਕਿਹਾ ਕਿ ਕਰੀਬ ਤਿੰਨ ਮਹੀਨੇ ਹੋ ਗਏ ਹਨ ਕਿਸਾਨਾਂ ਨੂੰ ਦਿੱਲੀ ਬਾਰਡਰਾਂ 'ਤੇ ਬੈਠਿਆਂ ਨੂੰ , ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਬਜਾਏ ਉਹਨਾਂ ਵਿਰੁੱਧ ਕੂੜ ਪ੍ਰਚਾਰ ਕਰਨ 'ਤੇ ਲੱਗੀ ਹੋਈ ਹੈ | ਉਹਨਾਂ ਕਿਹਾ ਕਿ ਹੁਣ ਤੱਕ ਹੋਈਆਂ ਸਾਰੀਆਂ ਮੀਟਿੰਗਾਂ ਵਿਚ ਸਰਕਾਰ ਕਾਨੂੰਨਾਂ ਵਿਚ ਸੋਧਾਂ ਕਰਨ ਦੀ ਗੱਲ ਕਰਦੀ ਹੈ ਤਾਂ ਫੇਰ ਕਾਨੂੰਨਾਂ ਨੂੰ ਰੱਦ ਕਰਨ ਵਿਚ ਕੀ ਦਿੱਕਤ ਹੈ | ਉਹਨਾਂ ਕਿਹਾ ਕਿ 22 ਜਨਵਰੀ ਤੋਂ ਬਾਅਦ ਸਰਕਾਰ ਨੂੰ ਕੰਬਣੀ ਛਿੜੀ ਹੋਈ ਹੈ | ਪ੍ਰਧਾਨ ਮੰਤਰੀ ਵੈਸੇ ਤਾਂ ਕਦੇ ਪ੍ਰੈੱਸ ਨੂੰ ਮੁਖਾਤਿਬ ਨਹੀਂ ਹੁੰਦਾ, ਪਰ ਉਹ ਪ੍ਰੈੱਸ ਦੇ ਮਾਧਿਅਮ ਤੋਂ ਕਿਸਾਨ ਅੰਦੋਲਨ 'ਤੇ ਕਟਾਖਸ਼ ਕਰਦਾ ਹੈ | ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ ਵਿਚ ਜੋ ਕਿਸਾਨਾਂ ਵਿਰੁੱਧ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ, ਉਹ ਕਿਸਾਨਾਂ ਦੇ ਦਿਲਾਂ 'ਤੇ ਉੱਕਰਿਆ ਪਿਆ ਹੈ | ਉਸ ਨੇ ਕਿਸਾਨਾਂ ਨੂੰ ਪੈਰਾਸਾਈਟ ਕਿਹਾ, ਜੋ ਕਿ ਇੱਕ ਗਾਲ੍ਹ ਦੇ ਸਮਾਨ ਹੈ | ਉਸ ਨੇ ਕਿਸਾਨਾਂ ਨੂੰ ਗਲੀ ਦੇ ਕੀੜੇ ਤੱਕ ਵੀ ਕਿਹਾ | ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਆਪਣਾ ਮਾਨਸਿਕ ਸੰਤੁਲਨ ਗਵਾ ਬੈਠਾ ਹੈ | ਕਿਸਾਨਾਂ ਦਾ ਅੰਦੋਲਨ ਇੱਕ ਜਨ ਅੰਦੋਲਨ ਬਣ ਗਿਆ ਹੈ | ਹਾਲੀਆ ਰੇਲ ਰੋਕੋ ਅੰਦੋਲਨ ਪੂਰੇ ਦੇਸ਼ ਵਿਚ ਸਫਲ ਰਿਹਾ ਹੈ | ਉਹਨਾਂ ਅੱਗੇ ਕਿਹਾ ਕਿ ਕੁੱਝ ਪਿੰਡਾਂ ਦੇ ਲੋਕ ਹੁਣ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਕਿਸਾਨ ਮਹਾਂਪੰਚਾਇਤਾਂ ਕਰਨ ਲੱਗ ਪਏ ਹਨ | ਕਿਸਾਨ ਲੀਡਰਸ਼ਿਪ ਕੋਲ ਦਿੱਲੀ ਛੱਡ ਕੇ ਇਹਨਾਂ ਰੈਲੀਆਂ 'ਤੇ ਜਾਣਾ ਮੁਸ਼ਕਲ ਹੋ ਜਾਂਦਾ ਹੈ | ਉਹਨਾਂ ਕਿਹਾ ਕਿ ਬਿਹਤਰ ਇਹ ਹੋਵੇਗਾ ਕਿ ਮੋਰਚੇ ਦੇ ਨਿਸ਼ਾਨੇ 'ਤੇ ਅੱਪੜੀਏ ਅਤੇ ਮੋਦੀ ਸਰਕਾਰ ਨੂੰ ਅਹਿਸਾਸ ਕਰਾਈਏ ਕਿ ਕਿਸਾਨ ਅੰਦੋਲਨ ਅਜੇ ਖਤਮ ਨਹੀਂ ਹੋਇਆ, ਬਲਕਿ ਆਪਣੇ ਟੀਚੇ ਅਨੁਸਾਰ ਦਿਨ-ਬ-ਦਿਨ ਅੱਗੇ ਵਧ ਰਿਹਾ ਹੈ | ਉਹਨਾਂ ਕਿਹਾ ਕਿ ਤਸੱਲੀ ਵਾਲਾ ਵਿਸ਼ਾ ਇਹ ਹੈ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਹੌਸਲੇ ਬੁਲੰਦ ਹਨ ਅਤੇ ਉਹ ਇੱਕਮੁੱਠ ਹਨ | ਉਹਨਾਂ ਕਿਹਾ ਕਿ ਲੜਾਈ ਹੁਣ ਮੋਦੀ ਤੱਕ ਨਹੀਂ ਰਹੀ ਬਲਕਿ ਆਲਮੀ ਵਪਾਰ ਸੰਸਥਾ ਤੱਕ ਅੱਪੜ ਗਈ ਹੈ, ਜਿਸ ਦਾ ਮੋਦੀ ਸਰਕਾਰ 'ਤੇ ਦਬਾਅ ਪੈ ਰਿਹਾ ਹੈ | ਰਾਹਤ ਵਾਲੀ ਗੱਲ ਇਹ ਹੈ ਕਿ ਇੰਗਲੈਂਡ ਦੇ ਹਾਊਸ ਆਫ ਕਾਮਨਜ਼ ਵਿਚ ਭਾਰਤ ਦੇ ਖੇਤੀ ਕਾਨੂੰਨਾਂ 'ਤੇ ਬਹਿਸ ਹੋਈ ਹੈ | ਇਸ ਤੋਂ ਇਲਾਵਾ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਦੀਆਂ ਪਾਰਲੀਮੈਂਟਾਂ ਵਿਚ ਵੀ ਇਹਨਾਂ ਕਾਨੂੰਨਾਂ 'ਤੇ ਬਹਿਸ ਹੋ ਰਹੀ ਹੈ | ਯੂ ਐੱਨ ਓ ਵਿਚ ਕਿਸਾਨਾਂ ਦਾ ਕੇਸ ਚਲਾ ਗਿਆ ਹੈ | ਅੰਤਰਰਾਸ਼ਟਰੀ ਮਾਨਵ ਅਧਿਕਾਰ ਸੰਸਥਾ ਨੇ ਅੰਦੋਲਨ ਦਾ ਨੋਟਿਸ ਲਿਆ ਹੈ ਕਿ ਕਿਸਾਨਾਂ 'ਤੇ ਅੱਤ ਦੀ ਠੰਢ ਵਿਚ ਗੰਦੇ ਪਾਣੀ ਦੀਆਂ ਬੁਛਾੜਾਂ ਕਿਉਂਾ ਕੀਤੀਆਂ, ਉਹਨਾਂ 'ਤੇ ਅੱਥਰੂ ਗੈਸ ਦੇ ਗੋਲੇ ਕਿਉਂ ਛੱਡੇ ਅਤੇ ਉਹਨਾਂ ਦਾ ਬਿਜਲੀ ਅਤੇ ਪਾਣੀ ਕਿਉਂ ਬੰਦ ਕੀਤੇ | ਇਹ ਸਰਾਸਰ ਮਾਨਵੀ ਅਧਿਕਾਰਾਂ ਦਾ ਉਲੰਘਣ ਹੈ | ਉਹਨਾਂ ਕਿਹਾ ਕਿ ਦੁਨੀਆ ਇਸ ਅੰਦੋਲਨ ਵੱਲ ਵੇਖ ਰਹੀ ਹੈ | ਇਹ ਅੰਦੋਲਨ ਇਤਿਹਾਸਕ ਹੋ ਨਿੱਬੜਿਆ ਹੈ | ਸਭ ਤੋਂ ਲੰਮਾ, ਅਮਨ-ਪੂਰਵਕ ਅਤੇ ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਵਾਲਾ ਅਜਿਹਾ ਅੰਦੋਲਨ ਦੁਨੀਆ ਵਿਚ ਪਹਿਲਾਂ ਕਦੇ ਨਹੀਂ ਹੋਇਆ | ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਹਾਡੇ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ | ਸਾਰੇ ਇਕੱਠੇ ਹੋ ਕੇ ਇੱਕ ਵਾਰੀ ਫੇਰ ਹੰਭਲਾ ਮਾਰੀਏ | ਉਹਨਾਂ ਕਿਹਾ ਕਿ ਪਿੰਡਾਂ ਵਿਚ ਇਹ ਫੈਸਲਾ ਕੀਤਾ ਸੀ ਕਿ ਹਰ ਪਿੰਡ ਵਿੱਚੋਂ 10 ਬੰਦੇ ਦਿੱਲੀ ਜਾਣਗੇ | ਜਦੋਂ ਉਹ ਵਾਪਸ ਆਉਣਗੇ ਤਾਂ ਅਗਲੇ 10 ਫੇਰ ਜਾਣਗੇ, ਪਰ ਹੁਣ ਇਸ ਨੁਕਤੇ ਨਾਲ ਕੰਮ ਨਹੀਂ ਚੱਲਣਾ, ਹੁਣ ਸਿੰਘੂ ਬਾਰਡਰ 'ਤੇ ਵੱਡੀ ਗਿਣਤੀ ਵਿਚ ਪਹੁੰਚ ਕੇ ਗਿਣਤੀ ਵਧਾਓ ਤਾਂ ਕਿ ਸਰਕਾਰ ਦਾ ਦਿਮਾਗ ਠਿਕਾਣੇ ਲਾਇਆ ਜਾਵੇ | ਸਰਕਾਰ ਧਮਕੀਆਂ ਦੇ ਰਹੀ ਹੈ ਕਿ ਉਹ ਮਹਾਂ ਰੈਲੀਆਂ ਤੋਂ ਨਹੀਂ ਡਰਦੀ | ਸਰਕਾਰ ਦੇ ਇਸ ਬਿਆਨ ਤੋਂ ਸਿੱਧ ਹੁੰਦਾ ਹੈ ਕਿ ਸਰਕਾਰ ਡਰੀ ਹੋਈ ਹੈ, ਪੈਰਾਂ ਤੋਂ ਉੱਖੜ ਚੁੱਕੀ ਹੈ | ਥਾਂ-ਥਾਂ 'ਤੇ ਕਿਸਾਨਾਂ ਵਿਰੱੁਧ ਊਲ-ਜਲੂਲ ਇਲਜ਼ਾਮ ਲਗਾ ਕੇ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੀਆਂ ਝੂਠੀਆਂ ਅਫਵਾਹਾਂ 'ਤੇ ਯਕੀਨ ਨਹੀਂ ਕਰਨਾ | ਅੰਦੋਲਨ ਸਾਰਿਆਂ ਨੇ ਮਿਲ ਕੇ ਜਿੱਤਣਾ ਹੈ | ਉਹਨਾਂ ਉਮੀਦ ਜ਼ਾਹਿਰ ਕੀਤੀ ਕਿ ਸਾਰੇ ਮਿਲ ਕੇ ਦਿੱਲੀ ਵੱਲ ਨੂੰ ਵਹੀਰਾਂ ਘੱਤਣਗੇ |