ਜ਼ੀਰਾ (ਨਰਿੰਦਰ ਅਨੇਜਾ)
ਸੁੱਚੇ ਸੁੱਥਰੇ ਗੀਤਾਂ ਨੂੰ ਸਮਰਪਤ ਰਹੇ ਗਾਇਕ ਜਗਜੀਤ ਜ਼ੀਰਵੀ (85) ਸੋਮਵਾਰ ਸ਼ਾਮ ਵਿਛੋੜਾ ਦੇ ਗਏ | ਕੁਝ ਸਮਾਂ ਆਪਣੇ ਬੱਚਿਆਂ ਕੋਲ ਟੋਰਾਂਟੋ ਰਹਿ ਕੇ ਹੁਣ ਜ਼ੀਰਾ 'ਚ ਹੀ ਰਹਿੰਦੇ ਸਨ | ਉਨ੍ਹਾ ਦਾ ਮੰਗਲਵਾਰ ਅੰਤਮ ਸਸਕਾਰ ਕਰ ਦਿੱਤਾ ਗਿਆ | ਚਿਖਾ ਨੂੰ ਅਗਨੀ ਛੋਟੇ ਬੇਟੇ ਸ਼ਿਵਜੀਤ ਸਿੰਘ ਜ਼ੀਰਵੀ ਨੇ ਦਿਖਾਈ | ਉਨ੍ਹਾ ਨਮਿੱਤ ਪਾਠ ਦਾ ਭੋਗ 28 ਫਰਵਰੀ ਨੂੰ ਗੁਰਦੁਆਰਾ ਹਰਨਾਮਸਰ ਜ਼ੀਰਾ 'ਚ ਪਵੇਗਾ | 'ਨਵਾਂ ਜ਼ਮਾਨਾ' ਦੇ ਸੀਨੀਅਰ ਟਰੱਸਟੀ ਜਤਿੰਦਰ ਪਨੂੰ ਨੇ ਉਨ੍ਹਾ ਦੇ ਵਿਛੋੜੇ 'ਤੇ ਡੂੰਘੇ ਸਦਮੇ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਨ੍ਹਾ ਪੰਜਾਬੀ ਮਾਂ ਬੋਲੀ ਤੇ ਸੱਭਿਆਚਾਰ ਦੀ ਰੱਜ ਕੇ ਸੇਵਾ ਕੀਤੀ | ਚਕਾਚੌਂਧ ਵਾਲੀ ਦੁਨੀਆ ਵਿਚ ਉਨ੍ਹਾ ਵਿਰਸਾ ਨਹੀਂ ਭੁਲਾਇਆ ਤੇ ਸੰਗੀਤ ਪ੍ਰੇਮੀਆਂ ਨੂੰ ਹਮੇਸ਼ਾ ਸਾਫ-ਸੁਥਰੀ ਤੇ ਅਰਥ-ਭਰਪੂਰ ਗਾਇਕੀ ਨਾਲ ਸਰਸ਼ਾਰ ਕੀਤਾ |
ਟੋਰਾਂਟੋ ਤੋਂ ਸੀਨੀਅਰ ਟੀ.ਵੀ. ਪੱਤਰਕਾਰ ਤੇ ਲੇਖਕ ਇਕਬਾਲ ਮਾਹਲ, ਜਿਹੜੇ ਸੁਰਜਨ ਜ਼ੀਰਵੀ ਤੇ ਜਗਜੀਤ ਜ਼ੀਰਵੀ ਦੇ ਬਹੁਤ ਨੇੜਲੇ ਪਰਵਾਰਕ ਮਿੱਤਰ ਵੀ ਹਨ, ਨੇ ਕਿਹਾ ਹੈ ਕਿ ਜਗਜੀਤ ਜ਼ੀਰਵੀ ਦੇ ਜਾਣ ਨਾਲ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ |
ਜਗਜੀਤ ਜ਼ੀਰਵੀ ਦੇ ਪੰਜਾਬੀ ਗਾਇਕਾਵਾਂ ਸੁਰਿੰਦਰ ਕੌਰ, ਕੁਮਾਰੀ ਰੰਜਨਾ, ਰਾਜਿੰਦਰ ਰਾਜਨ ਨਾਲ ਦੋਗਾਣੇ ਰਿਕਾਰਡ ਹੋਏ | ਸ਼ਿਵ ਕੁਮਾਰ, ਸ. ਸ. ਮੀਸ਼ਾ, ਸੁਰਜੀਤ ਪਾਤਰ ਤੇ ਕਈ ਹੋਰ ਨਵੇਂ ਲੇਖਕਾਂ ਦਾ ਕਲਾਮ ਵੀ ਉਨ੍ਹਾ ਰਿਕਾਰਡ ਕਰਵਾਇਆ | 1935 ਵਿਚ ਜਨਮੇ ਜਗਜੀਤ ਜ਼ੀਰਵੀ ਨਾਮਵਰ ਪੱਤਰਕਾਰ ਸੁਰਜਨ ਜ਼ੀਰਵੀ ਦੇ ਛੋਟੇ ਭਰਾਤਾ ਸਨ | ਜਲੰਧਰ ਜਾਂਦੇ ਤਾਂ 'ਨਵਾਂ ਜ਼ਮਾਨਾ' ਅਖਬਾਰ ਦਾ ਗੇੜਾ ਜ਼ਰੂਰ ਲਾਉਂਦੇ ਸਨ | ਜਗਜੀਤ ਜ਼ੀਰਵੀ ਪੰਜਾਬੀ ਮਾਂ ਬੋਲੀ ਦੇ ਮਾਣ ਸਨ | ਉਨ੍ਹਾ ਨੂੰ ਡੀ ਐੱਮ ਕਾਲਜ ਮੋਗਾ 'ਚ ਪੜ੍ਹਦਿਆਂ ਹੀ ਮਿਲਟਰੀ ਵਿਚ ਕਮਿਸ਼ਨ ਮਿਲ ਗਿਆ ਸੀ, ਪਰ ਗਾਇਕੀ ਦੇ ਸ਼ੌਕ ਨੇ ਮਿਲਟਰੀ ਦੀ ਅਫਸਰੀ ਛੁਡਾ ਦਿੱਤੀ | ਉਹ ਕਿਸੇ ਰਹਿਮ-ਦਿਲ ਅਫਸਰ ਦੀ ਕਿਰਪਾ ਸਦਕਾ ਮੈਡੀਕਲ ਅਨਫਿਟ ਹੋ ਕੇ ਪੈਨਸ਼ਨ ਲੈ ਘਰ ਆ ਗਏ | ਉਨ੍ਹਾ ਦੀ ਦਿਆਨਤਦਾਰੀ ਵੇਖੋ ਕਿ ਉਨ੍ਹਾ ਇਹ ਪੈਨਸ਼ਨ ਜੇਬ 'ਚ ਨਹੀਂ ਪਾਈ, ਇਹ ਪੈਨਸ਼ਨ ਸਾਰੀ ਉਮਰ ਮਿਲਟਰੀ ਰੈੱਡ ਕਰਾਸ ਨੂੰ ਜਾਂਦੀ ਰਹੀ |
ਜਗਜੀਤ ਜ਼ੀਰਵੀ ਨੇ ਸੰਗੀਤ ਦੀ ਬਕਾਇਦਾ ਤਾਲੀਮ ਨਹੀਂ ਲਈ ਤੇ ਨਾ ਹੀ ਕਿਸੇ ਨੂੰ ਉਸਤਾਦ ਧਾਰਿਆ, ਪਰ ਲਤਾ ਮੰਗੇਸ਼ਕਰ ਨੂੰ ਆਪਣਾ ਆਦਰਸ਼ ਮੰਨਦੇ ਰਹੇ | ਵੈਨਕੂਵਰ ਦੇ ਇਕ ਸਮਾਗਮ ਤੋਂ ਬਾਅਦ ਲਤਾ ਜੀ ਨੂੰ ਰਸਮ ਕਰਕੇ ਗੁਰੂ ਧਾਰ ਵੀ ਲਿਆ, ਪਰ ਸਿੱਖਿਆ ਲੈਣ ਦਾ ਕਦੇ ਮੌਕਾ ਨਹੀਂ ਮਿਲਿਆ | ਉਹ ਅਸਲ ਉਸਤਾਦ ਕੁਦਰਤ ਨੂੰ ਮੰਨਦੇ ਸਨ | ਕਲਾਸੀਕਲ ਸੰਗੀਤ ਉਨ੍ਹਾ ਦੀ ਰੂਹ ਦੀ ਖੁਰਾਕ ਸੀ | ਬਰਕਤ ਸਿੱਧੂ, ਪੂਰਨ ਸ਼ਾਹਕੋਟੀ ਦੇ ਨਾਲ-ਨਾਲ ਉਹ ਗੁਲਾਮ ਅਲੀ ਖਾਂ ਨੂੰ ਆਪਣਾ ਪਸੰਦੀਦਾ ਗਜ਼ਲ ਗਾਇਕ ਮੰਨਦੇ ਸਨ | ਗਜ਼ਲ ਗਾਇਕੀ ਦੇ ਮਹਾਨ ਫਨਕਾਰ ਜਗਜੀਤ ਸਿੰਘ (ਜਗਜੀਤ ਸਿੰਘ-ਚਿਤਰਾ ਸਿੰਘ) ਨੂੰ ਉਹ ਕਿਸੇ ਸਮੇਂ ਤੀਹ ਰੁਪਏ 'ਤੇ ਆਪਣੇ ਨਾਲ ਗਾਉਣ ਲਈ ਲਿਜਾਂਦੇ ਰਹੇ | ਜਗਜੀਤ ਜ਼ੀਰਵੀ ਭਾਵੇਂ ਆਮ ਲੋਕਾਂ ਵਿਚ ਬਹੁਤਾ ਨਹੀਂ ਜਾਣੇ ਜਾਂਦੇ ਸਨ, ਪਰ ਉਹ ਮਹਿਫਲਾਂ ਦੇ ਕਲਾਕਾਰ ਸਨ | ਉਹ ਬੌਧਿਕ ਤੇ ਉੱਚ ਕਲਾਸ ਲੋਕਾਂ ਵਿੱਚ ਬਹੁਤ ਮਕਬੂਲ ਸਨ | ਫਿਲਮਾਂ ਵਾਲਾ ਪ੍ਰਾਣ ਉਨ੍ਹਾ ਦਾ ਨੇੜਲਾ ਦੋਸਤ ਸੀ | ਜਗਜੀਤ ਜ਼ੀਰਵੀ ਨੂੰ ਰਾਸ਼ਟਰਪਤੀ ਭਵਨ ਵਿੱਚ ਗਾਉਣ ਲਈ ਬੁਲਾਇਆ ਜਾਂਦਾ ਸੀ | ਲੋਕ ਸਭਾ ਸਪੀਕਰ ਰਹੇ ਬਲਰਾਮ ਜਾਖੜ ਜਗਜੀਤ ਜ਼ੀਰਵੀ ਨੂੰ ਮਣਾਂ-ਮੂੰਹੀਂ ਪਿਆਰ ਕਰਦੇ ਸਨ |
ਜ਼ੀਰਵੀ ਆਪਣੀ ਦਰਦ ਭਿੱਜੀ ਆਵਾਜ਼ ਵਿਚ ਸ਼ਿਵ ਕੁਮਾਰ ਨੂੰ ਗਾਉਂਦੇ ਸਨ ਤਾਂ ਭੁਲੇਖਾ ਲੱਗਦਾ, ਜਿਵੇਂ ਖੁਦ ਸ਼ਿਵ ਆਪਣੀ ਪੀੜਾ ਸੁਣਾ ਰਿਹਾ ਹੋਵੇ | 'ਮੈਂ ਮਸੀਹਾ ਵੇਖਿਆ ਬਿਮਾਰ ਤੇਰੇ ਸ਼ਹਿਰ ਦਾ' ਗਾਉਂਦੇ-ਗਾਉਂਦੇ ਗੀਤ ਨਾਲ ਗੀਤ ਹੀ ਹੋ ਜਾਂਦੇ | ਲੱਗਭੱਗ ਸਾਰਾ ਸ਼ਿਵ ਕੁਮਾਰ ਉਨ੍ਹਾ ਨੂੰ ਜ਼ੁਬਾਨੀ ਯਾਦ ਸੀ | ਸ਼ਿਵ ਕੁਮਾਰ ਨੂੰ ਗਾਉਂਦਿਆਂ ਤਾਂ ਰੂਹ 'ਚ ਹੀ ਉਤਰ ਜਾਂਦੇ | ਹਵਾ ਜਿਵੇਂ ਸਿਸਕੀਆਂ ਭਰਨ ਲੱਗਦੀ | ਦਰਦ ਬੋਲਾਂ ਥੀਂ ਵਹਿਣ ਲੱਗਦਾ |
ਜਗਜੀਤ ਜ਼ੀਰਵੀ ਦੀ ਗਾਇਕੀ ਦੀ ਬੌਧਿਕ ਹਲਕਿਆਂ 'ਚ ਪ੍ਰਵਾਨਗੀ ਦੀ ਇਕੋ ਉਦਾਹਰਣ ਦੇਣੀ ਕਾਫੀ ਹੋਵੇਗੀ | ਜਦੋਂ ਅੰਮਿ੍ਤਾ ਪ੍ਰੀਤਮ ਨੂੰ ਗਿਆਨਪੀਠ ਐਵਾਰਡ ਮਿਲਿਆ ਤਾਂ ਭਾਸ਼ਾ ਵਿਭਾਗ ਪੰਜਾਬ ਨੇ ਉਨ੍ਹਾ ਨੂੰ ਸਨਮਾਨਤ ਕਰਨ ਲਈ ਵਕਤ ਮੰਗਿਆ | ਅੱਗੋਂ ਅੰਮਿ੍ਤਾ ਪ੍ਰੀਤਮ ਨੇ ਸ਼ਰਤ ਰੱਖ ਦਿਤੀ ਕਿ ਜਗਜੀਤ ਜ਼ੀਰਵੀ ਕੋਲੋਂ ਮੇਰੇ ਦੋ-ਤਿੰਨ ਗੀਤ ਗੁਆ ਦਿਓ—ਉਸ ਕੋਲੋਂ ਟਾਈਮ ਲੈ ਲਵੋ | ਜੇ ਟਾਈਮ ਉਸ ਨੇ ਦੇ ਦਿੱਤਾ ਮੈਂ ਆ ਜਾਵਾਂਗੀ ਤੇ ਹੋਇਆ ਵੀ ਇਸੇ ਤਰ੍ਹਾਂ ਹੀ |
ਜਗਜੀਤ ਜ਼ੀਰਵੀ ਨੇ ਉਰਦੂ ਸ਼ਾਇਰੀ ਗਾਉਣ ਲਈ ਹੀ ਉਰਦੂ ਤੇ ਫਾਰਸੀ ਸਿੱਖੀ | ਗਾਲਿਬ, ਦਾਰ, ਸਾਹਿਰ ਲੁਧਿਆਣਵੀ, ਅਹਿਮਦ ਫਰਾਜ਼ ਅਤੇ ਸ਼ੌਕਤ ਵਰਗੇ ਵੱਡੇ ਤੇ ਮਹਾਨ ਸ਼ਾਇਰਾਂ ਨੂੰ ਗਾਇਆ | ਪੰਜਾਬੀ ਸ਼ਾਇਰ ਮੀਸ਼ੇ ਦੇ ਉਹ ਗੂੜ੍ਹੇ ਯਾਰ ਸਨ |
ਉਨ੍ਹਾ ਦੀਆਂ ਗਜ਼ਲਾਂ—ਤੇਰੇ ਪਿਆਰ ਦੇ ਪੱਤਰ ਮੈਂ, ਅਜੇ ਤੱਕ ਸਾਂਭ ਰੱਖੇ ਨੇ; ਅੱਧੀ ਰਾਤ ਪਹਿਰ ਦੇ ਤੜਕੇ, ਅੱਖੀਆਂ ਦੇ ਵਿੱਚ ਨੀਂਦਰ ਰੜਕੇ; ਝਿਜਕਦਾ ਮੈਂ ਵੀ ਰਿਹਾ, ਉਹ ਵੀ ਬਹੁਤ ਸੰਗਦੇ ਰਹੇ-ਇਸ ਤਰ੍ਹਾਂ ਇਕ-ਦੂਸਰੇ ਦੀ ਖੈਰ ਸੁੱਖ ਮੰਗਦੇ ਰਹੇ ਅਤੇ ਸ਼ਾਮ ਦੀ ਨਾ ਸਵੇਰ ਦੀ ਗੱਲ ਹੈ, ਵਕਤ ਦੇ ਹੇਰ-ਫੇਰ ਦੀ ਗੱਲ ਹੈ, ਰਿਕਾਰਡ ਕਰਵਾਈਆਂ | ਉਦੋਂ ਐੱਲ ਪੀ ਰਿਕਾਰਡ ਦੇ ਰੂਪ 'ਚ ਤਵੇ ਆਉਂਦੇ ਸਨ |
ਉਹ ਜ਼ੀਰੇ ਤੋਂ ਉਠ ਕੇ ਫਿਲਮ ਨਗਰੀ ਮੁੰਬਈ ਤੱਕ ਘੁੰਮਦੇ ਰਹੇ, ਪਰ ਆਪਣੇ ਆਪ ਨੂੰ ਪਾਪੂਲਰ ਗਾਇਕੀ ਦੇ ਰਾਹ ਨਾ ਪਾਇਆ | ਜਗਜੀਤ ਜ਼ੀਰਵੀ ਦੀ ਆਪਣੀ ਸ਼ੈਲੀ ਸੀ, ਆਪਣਾ ਰਾਹ ਸੀ | ਉਹ ਆਪਣੇ ਬਣਾਏ ਰਾਹਾਂ 'ਤੇ ਹੀ ਤੁਰੇ-ਫਿਰਦੇ ਰਹੇ |