Latest News
ਵਿਆਪਕ ਲਾਮਬੰਦੀ ਹੀ ਜਿੱਤ ਦੀ ਜ਼ਾਮਨ

Published on 23 Feb, 2021 10:53 AM.


ਖੇਤੀ ਸੰਬੰਧੀ ਕਾਲੇ ਕਾਨੂੰਨਾਂ ਦੀ ਵਾਪਸੀ ਲਈ ਦਿੱਲੀ ਦੀਆਂ ਬਰੂਹਾਂ ਮੱਲੀ ਬੈਠੇ ਅੰਦੋਨਕਾਰੀਆਂ ਨੂੰ ਤਿੰਨ ਮਹੀਨੇ ਹੋ ਚੁੱਕੇ ਹਨ, ਪਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ | ਅਸਲ 'ਚ ਭਾਜਪਾ ਆਗੂਆਂ ਨੂੰ ਇਹ ਭਰੋਸਾ ਹੈ ਕਿ ਭਾਰਤੀ ਸਮਾਜ ਦਾ ਵੱਡਾ ਹਿੱਸਾ ਉਨ੍ਹਾਂ ਦੇ ਚੁੰਗਲ ਵਿੱਚ ਪੂਰੀ ਤਰ੍ਹਾਂ ਫਸ ਚੁੱਕਾ ਹੈ | ਪਿਛਲੇ ਸੱਤ ਸਾਲਾਂ ਦੇ ਰਾਜ ਦੌਰਾਨ ਭਾਜਪਾ ਵੱਲੋਂ ਮੁਸਲਮਾਨ, ਪਾਕਿਸਤਾਨ ਵਿਰੋਧ ਦਾ ਪ੍ਰਚਾਰ ਕਰਕੇ ਹਿੰਦੂ ਜਨਮਾਨਸ ਦੀ ਮਾਨਸਿਕਤਾ ਨੂੰ ਰਾਸ਼ਟਰਵਾਦ ਦੀ ਅਜਿਹੀ ਪਾਣ ਚੜ੍ਹਾ ਦਿੱਤੀ ਹੈ ਕਿ ਉਸ ਨੂੰ ਹਕੂਮਤ ਦਾ ਵਿਰੋਧ ਦੇਸ਼ ਦਾ ਵਿਰੋਧ ਜਾਪਣ ਲੱਗ ਪਿਆ ਹੈ | ਇਸੇ ਕਾਰਨ ਹੀ ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲਾਕਡਾਊਨ ਦੌਰਾਨ ਘਰਾਂ ਨੂੰ ਵਾਪਸ ਮੁੜਦੇ ਮਜ਼ਦੂਰਾਂ ਦੀਆਂ ਮੌਤਾਂ, ਮਹਿੰਗਾਈ ਦੀ ਮਾਰ, ਪੈਟਰੋਲ-ਡੀਜ਼ਲ 'ਤੇ ਲੱਕ-ਤੋੜਵੇਂ ਟੈਕਸ, ਬੱਚੀਆਂ ਵਿਰੁੱਧ ਵਧੇ ਅਪਰਾਧ ਤੇ ਰੁਜ਼ਗਾਰ ਖੁੱਸਣ ਕਾਰਣ ਭੁੱਖਮਰੀ ਦੀ ਸਥਿਤੀ ਵਿੱਚ ਪੁੱਜ ਜਾਣ ਦੇ ਬਾਅਦ ਵੀ ਦੇਸ਼ ਵਿੱਚ ਕੋਈ ਅੰਦੋਲਨ ਖੜ੍ਹਾ ਨਹੀਂ ਹੋ ਸਕਿਆ |
ਇਸ ਮਾਹੌਲ ਵਿੱਚ ਇਹ ਦੇਸ਼ ਦੀ ਖੁਸ਼ਕਿਸਮਤੀ ਹੈ ਕਿ ਖੇਤੀ ਸੰਬੰਧੀ ਕਾਲੇ ਕਾਨੂੰਨਾਂ ਵਿਰੋਧੀ ਅੰਦੋਲਨ ਨੇ ਗੂੜ੍ਹੀ ਨੀਂਦ ਸੁੱਤੇ ਦੇਸ਼ ਨੂੰ ਜਗਾ ਦਿੱਤਾ ਹੈ | ਹਾਕਮਾਂ ਵੱਲੋਂ ਇਸ ਅੰਦੋਲਨ ਨੂੰ ਤੋੜਨ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋ ਚੁੱਕੀਆਂ ਹਨ | ਅੰਦੋਲਨਕਾਰੀਆਂ ਨੂੰ ਖਾਲਿਸਤਾਨੀ ਤੇ ਮਾਓਵਾਦੀ ਕਹਿ ਕੇ ਅੰਧ-ਰਾਸ਼ਟਰਵਾਦੀ ਤੱਤਾਂ ਨੂੰ ਅੰਦੋਲਨ ਦੇ ਵਿਰੋਧ 'ਚ ਖੜ੍ਹੇ ਕਰਨ ਦੀਆਂ ਕੋਸ਼ਿਸ਼ਾਂ ਦਾ ਵੀ ਲੋਕਾਂ ਨੇ ਹੁੰਗਾਰਾ ਨਹੀਂ ਭਰਿਆ | ਖੇਤੀ ਮੰਤਰੀ ਨਰਿੰਦਰ ਤੋਮਰ ਜਦੋਂ ਅੰਦਲਨਕਾਰੀਆਂ ਨੂੰ ਭੀੜ ਕਹਿ ਕੇ ਭੰਡਦਾ ਹੈ ਤਾਂ ਇਹ ਉਸ ਅੰਦਰਲੇ ਡਰ ਦਾ ਪ੍ਰਗਟਾਵਾ ਹੈ, ਕਿਉਂਕਿ ਇਨ੍ਹਾਂ ਭੀੜਾਂ ਨੇ ਉਨ੍ਹਾਂ ਨੂੰ ਰਾਜਗੱਦੀ ਤੱਕ ਪੁਚਾਇਆ ਹੈ | ਇਸ ਅੰਦੋਲਨ ਦੀ ਅਗਵਾਈ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ ਹਰ ਮੋੜ ਉੱਤੇ ਅਜਿਹੇ ਨਿੱਗਰ ਕਦਮ ਪੁੱਟੇ ਜਾ ਰਹੇ ਹਨ, ਜਿਨ੍ਹਾਂ ਕਾਰਨ ਅੰਦੋਲਨ ਨਿੱਤ ਨਵੀਂਆਂ ਸਿਖਰਾਂ ਛੂਹ ਰਿਹਾ ਹੈ | ਹਰਿਆਣਾ, ਰਾਜਸਥਾਨ ਤੇ ਪੱਛਮੀ ਯੂ ਪੀ ਦੇ ਜ਼ਿਲਿ੍ਹਆਂ ਵਿੱਚ ਹੋਈਆਂ ਕਿਸਾਨ ਮਹਾਂ ਪੰਚਾਇਤਾਂ ਨੇ ਅੰਦੋਲਨ ਦਾ ਸੁਨੇਹਾ ਘਰ-ਘਰ ਪੁਚਾ ਦਿੱਤਾ ਹੈ | ਪੰਜਾਬ ਦੀਆਂ ਮਿਊਾਸਪਲ ਚੋਣਾਂ ਵਿੱਚ ਸ਼ਹਿਰੀ ਲੋਕਾਂ ਨੇ ਜਿਸ ਤਰ੍ਹਾਂ ਭਾਜਪਾ ਦਾ ਹੂੰਝਾ ਫੇਰਿਆ ਹੈ, ਉਹ ਹਿੰਦੂਤਵੀ ਹਾਕਮਾਂ ਨੂੰ ਪਹਿਲਾ ਝਟਕਾ ਹੈ | ਹਰਿਆਣੇ ਵਿੱਚ ਪਿੰਡਾਂ ਦੇ ਲੋਕਾਂ ਨੇ ਭਾਜਪਾ ਆਗੂਆਂ ਦਾ ਘਰਾਂ ਵਿੱਚੋਂ ਨਿਕਲਣਾ ਔਖਾ ਕਰ ਦਿੱਤਾ ਹੈ | ਭਾਜਪਾ ਆਗੂਆਂ ਦੇ ਸਮਾਜਕ ਬਾਈਕਾਟ ਕੀਤੇ ਜਾ ਰਹੇ ਹਨ | ਉੱਤਰ ਪ੍ਰਦੇਸ਼ ਦੇ ਜਾਟ ਏਰੀਏ ਤੋਂ ਬਾਅਦ ਅੰਦੋਲਨ ਕੇਂਦਰੀ ਯੂ ਪੀ ਵੱਲ ਵਧਣਾ ਸ਼ੁਰੂ ਹੋ ਗਿਆ ਹੈ | ਆਪਮੁਹਾਰੇ ਹੋ ਰਹੀਆਂ ਕਿਸਾਨ ਮਹਾਂ-ਪੰਚਾਇਤਾਂ ਦੇ ਸਿਲਸਲੇ ਵਜੋਂ ਹਰਦੋਈ ਜ਼ਿਲ੍ਹੇ ਵਿੱਚ ਵੀ ਮਹਾਂ-ਪੰਚਾਇਤ ਹੋ ਚੁੱਕੀ ਹੈ | ਮੱਧ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ, ਤੇਲੰਗਾਨਾ, ਬਿਹਾਰ ਤੇ ਕੇਰਲਾ ਤੱਕ ਦੇ ਕਿਸਾਨਾਂ ਨੂੰ ਕਿਸਾਨ ਅੰਦੋਲਨ ਨੇ ਆਪਣੇ ਕਲਾਵੇ ਵਿੱਚ ਲੈ ਲਿਆ ਹੈ |
ਕਿਸਾਨ ਜਥੇਬੰਦੀਆਂ ਨੇ ਅੰਦੋਲਨ ਨੂੰ ਹੋਰ ਭਖਾਉਣ ਲਈ ਲੜੀਵਾਰ ਪ੍ਰੋਗਰਾਮ ਉਲੀਕੇ ਹਨ | 23 ਫ਼ਰਵਰੀ ਦੇ 'ਪਗੜੀ ਸੰਭਾਲ ਜੱਟਾ' ਪ੍ਰੋਗਰਾਮ ਤੋਂ ਬਾਅਦ 24 ਫ਼ਰਵਰੀ ਨੂੰ 'ਦਮਨ ਵਿਰੋਧੀ ਦਿਵਸ' ਮਨਾ ਕੇ ਕਿਸਾਨ ਆਗੂਆਂ ਉਤੇ ਦਰਜ ਕੀਤੇ ਕੇਸ ਵਾਪਸ ਲੈਣ ਦੀ ਮੰਗ ਤੇ ਅੰਦੋਲਨ ਵਿਰੁੱਧ ਵਰਤੀਆਂ ਜਾ ਰਹੀਆਂ ਜਾਬਰ ਕਾਰਵਾਈਆਂ ਦਾ ਵਿਰੋਧ ਕੀਤਾ ਜਾਵੇਗਾ | 26 ਫ਼ਰਵਰੀ ਨੂੰ ਨੌਜਵਾਨ ਕਿਸਾਨ ਦਿਵਸ ਦੌਰਾਨ ਸਮੁੱਚੇ ਮੋਰਚਿਆਂ ਦੀ ਵਾਗਡੋਰ ਨੌਜਵਾਨ ਆਗੂ ਸੰਭਾਲਣਗੇ | 27 ਫ਼ਰਵਰੀ ਨੂੰ ਗੁਰੂ ਰਵਿਦਾਸ ਜਯੰਤੀ ਤੇ ਸ਼ਹੀਦ ਚੰਦਰ ਸ਼ੇਖਰ ਅਜ਼ਾਦ ਦੀ ਸ਼ਹਾਦਤ ਦੇ ਦਿਨ ਨੂੰ ਕਿਸਾਨ-ਮਜ਼ਦੂਰ ਏਕਤਾ ਦਿਵਸ ਵਜੋਂ ਮਨਾਇਆ ਜਾਵੇਗਾ | ਇਹ ਸਾਰੇ ਪ੍ਰੋਗਰਾਮ ਦਿੱਲੀ ਸਰਹੱਦ 'ਤੇ ਲੱਗੇ ਮੋਰਚਿਆਂ ਦੇ ਨਾਲ-ਨਾਲ ਸੂਬਾਈ ਪੱਧਰ 'ਤੇ ਵੀ ਮਨਾਏ ਜਾਣਗੇ | ਇਸ ਦੌਰਾਨ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਸਾਨ-ਮਜ਼ਦੂਰ ਏਕਤਾ ਨੂੰ ਮਜ਼ਬੂਤ ਕਰਨ ਲਈ ਸੱਦਾ ਦਿੱਤਾ ਹੈ ਕਿ ਹਰ ਕਿਸਾਨ ਆਪਣੇ ਵਿੱਚ ਘਰ ਵਿੱਚ ਡਾ. ਭੀਮ ਰਾਓ ਅੰਬੇਡਕਰ ਤੇ ਹਰ ਮਜ਼ਦੂਰ ਆਪਣੇ ਘਰ ਸਰ ਛੋਟੂ ਰਾਮ ਦੀ ਫੋਟੋ ਲਾ ਕੇ ਜਾਤਪਾਤ ਦੀਆਂ ਵੰਡੀਆਂ ਨੂੰ ਰੱਦ ਕਰਨ ਦਾ ਸੰਦੇਸ਼ ਦੇਣ |
ਕਿਸਾਨ ਅੰਦੋਲਨ ਦੇ ਲਾਗਾਤਰ ਵਿਸਥਾਰ ਨੇ ਭਾਜਪਾਈ ਹਾਕਮਾਂ ਨੂੰ ਕੰਬਣੀ ਛੇੜ ਦਿੱਤੀ ਹੈ | ਲਗਾਤਾਰ ਖਿਸਕ ਰਹੇ ਅਧਾਰ ਤੋਂ ਚਿੰਤਤ ਭਾਜਪਾ ਨੇ ਹੁਣ ਆਪਣੇ ਜਾਟ ਲੀਡਰਾਂ ਨੂੰ ਲੋਕਾਂ ਨੂੰ ਖੇਤੀ ਕਾਨੂੰਨਾਂ ਦੇ ਲਾਭ ਸਮਝਾਉਣ ਲਈ ਮੈਦਾਨ ਵਿੱਚ ਉਤਾਰਿਆ ਹੈ | ਪਿਛਲੇ ਦਿਨੀਂ ਕੇਂਦਰੀ ਮੰਤਰੀ ਸੰਜੀਵ ਬਾਲਿਆਨ ਆਪਣੇ ਲੋਕ ਸਭਾ ਹਲਕੇ ਵਿਚਲੇ ਸ਼ਾਮਲੀ ਨੇੜਲੇ ਪਿੰਡਾਂ ਦੀਆਂ ਖਾਪ ਪੰਚਾਇਤਾਂ ਦੇ ਆਗੂਆਂ ਨੂੰ ਮਿਲਣ ਪਹੁੰਚਿਆ | ਖਾਪ ਪੰਚਾਇਤਾਂ ਦੇ ਮੁਖੀਆਂ ਨੇ ਉਸ ਨੂੰ ਦੋ-ਟੁੱਕ ਜਵਾਬ ਦਿੱਤਾ ਕਿ ਪਹਿਲਾਂ ਮੰਤਰੀ ਦਾ ਅਹੁਦਾ ਛੱਡ ਕੇ ਆਓ, ਫਿਰ ਗੱਲ ਸੁਣਾਂਗੇ | ਪਿੰਡਾਂ ਦੇ ਆਮ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕਰਕੇ ਉਸ ਵਿਰੁੱਧ ਨਾਅਰੇ ਲਾਏ ਤੇ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ | ਇਸੇ ਤਰ੍ਹਾਂ ਸੰਜੀਵ ਬਾਲਿਆਨ ਜਦੋਂ ਮੁਜ਼ੱਫਰਨਗਰ ਦੇ ਸੋਰਮ ਪਿੰਡ ਵਿੱਚ ਪਹੁੰਚਿਆ ਤਾਂ ਲੋਕਾਂ ਨੇ ਭਾਜਪਾ ਵਿਰੁੱਧ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ | ਮੰਤਰੀ ਦੇ ਨਾਲ ਆਏ ਲੱਠਮਾਰਾਂ ਨੇ ਲੋਕਾਂ 'ਤੇ ਹਮਲਾ ਕਰ ਦਿੱਤਾ | ਇਸ ਤੋਂ ਬਾਅਦ ਲੋਕਾਂ ਨੇ ਪੰਚਾਇਤ ਬੁਲਾਈ ਤੇ ਸ਼ਾਹਪੁਰ ਥਾਣੇ ਪੁੱਜ ਕੇ ਸੰਜੀਵ ਬਾਲਿਆਨ ਤੇ ਉਸ ਦੇ ਹਮਾਇਤੀਆਂ ਨੂੰ ਗਿ੍ਫ਼ਤਾਰ ਕਰਨ ਦੀ ਮੰਗ ਕਰਨ ਲੱਗੇ | ਲੋਕਾਂ ਦੀ ਭੀੜ ਤੇ ਗੁੱਸੇ ਤੋਂ ਡਰਦਿਆਂ ਭਾਜਪਾ ਦੇ ਜਾਟ ਨੇਤਾਵਾਂ ਨੇ ਆਪਣੇ ਨਾਲ ਬਾਊਾਸਰ ਰੱਖ ਲਏ ਹਨ |
ਕਿਸਾਨ ਅੰਦੋਲਨ ਨੇ ਦੇਸ਼ ਭਰ ਦੇ ਕਿਸਾਨਾਂ ਨੂੰ ਹੀ ਨਹੀਂ ਜਗਾਇਆ, ਢੇਰੀ ਢਾਈ ਬੈਠੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਵੀ ਹੌਸਲਾ ਫੜਨ ਦਾ ਬਲ ਬਖਸ਼ਿਆ ਹੈ | ਨੈਸ਼ਨਲ ਲੋਕ ਦਲ ਦੇ ਜਯੰਤ ਚੌਧਰੀ ਤੋਂ ਬਾਅਦ ਪਿ੍ਅੰਕਾ ਗਾਂਧੀ ਨੇ ਵੀ ਕਿਸਾਨ ਪੰਚਾਇਤਾਂ ਦੀ ਲੜੀ ਸ਼ੁਰੂ ਕਰ ਦਿੱਤੀ ਹੈ | ਮੁਜ਼ੱਫਰਨਗਰ ਤੇ ਮûਰਾ ਵਿਖੇ ਕਿਸਾਨਾਂ ਦੇ ਵੱਡੇ ਇਕੱਠ ਕਰਨ ਤੋਂ ਬਾਅਦ ਪਿ੍ਅੰਕਾ ਨੇ ਯੂ ਪੀ ਦੇ 27 ਜ਼ਿਲਿ੍ਹਆਂ ਵਾਲੀ ਜਾਟ ਪੱਟੀ ਵਿੱਚ ਅਗਲੇ ਦਿਨੀਂ ਕਿਸਾਨ ਪੰਚਾਇਤਾਂ ਕਰਨ ਦਾ ਐਲਾਨ ਕੀਤਾ ਹੈ | ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 26 ਫ਼ਰਵਰੀ ਨੂੰ ਮੇਰਠ ਵਿੱਚ ਕਿਸਾਨ ਪੰਚਾਇਤ ਸੱਦੀ ਹੈ | ਭਾਜਪਾਈ ਹਾਕਮਾਂ ਦੇ ਹੰਕਾਰ ਨੂੰ ਜਥੇਬੰਦ ਭੀੜਾਂ ਹੀ ਤੋੜ ਸਕਦੀਆਂ ਹਨ | ਇਸ ਅੰਦੋਲਨ ਤੋਂ ਉਤਸ਼ਾਹਤ ਹੋ ਕੇ ਬਾਕੀ ਤਬਕੇ ਵੀ ਸਰਗਰਮ ਹੋ ਰਹੇ ਹਨ | ਇਹ ਪਹਿਲੀ ਵਾਰ ਹੈ ਕਿ ਦੇਸ਼ ਭਰ ਵਿੱਚ ਡੀਜ਼ਲ, ਪੈਟਰੋਲ ਤੇ ਗੈਸ ਦੀਆਂ ਵਧੀਆਂ ਕੀਮਤਾਂ ਵਿਰੁੱਧ ਆਮ ਲੋਕ ਸੜਕਾਂ ਉੱਤੇ ਨਿਕਲ ਰਹੇ ਹਨ | ਬੈਂਕ ਮੁਲਾਜ਼ਮਾਂ ਨੇ 4 ਬੈਂਕਾਂ ਦੇ ਨਿੱਜੀਕਰਨ ਵਿਰੁੱਧ ਹੜਤਾਲ ਦਾ ਐਲਾਨ ਕਰ ਦਿੱਤਾ ਹੈ | ਕਿਸਾਨ ਅੰਦੋਲਨ ਨਾਲ ਜੁੜੇ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਲੜਾਈ ਲੰਮੀ ਹੈ ਤੇ ਇਹ ਸਬਰ ਨਾਲ ਲੜਨੀ ਪੈਣੀ ਹੈ | ਲੋਕਾਂ ਵਿੱਚ ਗੁੱਸਾ ਸਿਖਰ ਉੱਤੇ ਪੁੱਜ ਚੁੱਕਾ ਹੈ | ਉਹ ਖੁਦਕੁਸ਼ੀਆਂ ਕਰ ਰਹੇ ਹਨ ਤੇ ਆਪਣੀਆਂ ਕਣਕਾਂ ਵਾਹ ਰਹੇ ਹਨ | ਇਹ ਢੰਗ ਠੀਕ ਨਹੀਂ ਹੈ | ਕਿਸਾਨ ਆਗੂਆਂ ਨੇ ਵੀ ਅਪੀਲ ਕੀਤੀ ਹੈ ਕਿ ਇਸ ਰਾਹ ਨਾ ਪਿਆ ਜਾਵੇ | ਸਾਡੀ ਲੜਾਈ ਨਿਰਕੁੰਸ਼ ਹਾਕਮਾਂ ਨਾਲ ਹੈ, ਇਸ ਲਈ ਜਨਤਕ ਲਾਮਬੰਦੀ ਤੇ ਪੁਰਅਮਨ ਸੰਘਰਸ਼ ਹੀ ਅੰਦੋਲਨ ਦੀ ਜਿੱਤ ਦਾ ਮੂਲ ਮੰਤਰ ਹੈ |
-ਚੰਦ ਫਤਿਹਪੁਰੀ

232 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper