ਸਿਰਸਾ : ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਹੈ ਕਿ ਕਿਸਾਨ ਅੰਦੋਲਨ ਬਾਰੇ ਹਰ ਵਰਗ ਚਿੰਤਤ ਹੈ | ਕਿਸਾਨ ਅੰਦੋਲਨ ਖ਼ਤਮ ਹੋਣਾ ਚਾਹੀਦਾ ਹੈ | ਇਸ ਦਾ ਹੱਲ ਗੱਲਬਾਤ ਨਾਲ ਹੀ ਨਿਕਲੇਗਾ | ਕਿਸਾਨ ਆਗੂ ਰਾਜਨੀਤੀ ਛੱਡ ਕੇ ਸਰਕਾਰ ਨਾਲ ਗੱਲਬਾਤ ਕਰਨ | ਉਹ ਵੀਰਵਾਰ ਇਥੇ ਆਪਣੇ ਨਿਵਾਸ 'ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ |
ਵਿਧਾਇਕ ਬਲਰਾਜ ਕੁੰਡੂ ਦੇ ਘਰ ਆਮਦਨ ਟੈਕਸ ਵਿਭਾਗ ਦੇ ਛਾਪੇ ਬਾਰੇ ਉਨ੍ਹਾ ਕਿਹਾ ਕਿ ਵਿਧਾਇਕ ਵਪਾਰੀ ਵੀ ਹੈ ਤੇ ਇਹ ਆਮਦਨ ਕਰ ਵਿਭਾਗ ਦੀ ਨਿਯਮਤ ਕਾਰਵਾਈ ਹੈ | ਉਨ੍ਹਾ ਕਿਹਾ ਕਿ ਕਾਂਗਰਸੀ ਪਿੰਡਾਂ ਵਿੱਚ ਜੇ ਜੇ ਪੀ ਤੇ ਭਾਜਪਾ ਵਿਰੋਧੀ ਬੋਰਡ ਲੁਆ ਰਹੇ ਹਨ | ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਵਿਧਾਨ ਸਭਾ ਵਿੱਚ ਬੇਭਰੋਸਗੀ ਮਤਾ ਲਿਆਉਣ ਸੰਬੰਧੀ ਉਨ੍ਹਾ ਕਿਹਾ ਕਿ ਹੁੱਡਾ ਲੋਕਾਂ ਵਿੱਚੋਂ ਭਰੋਸਾ ਗੁਆ ਚੁੱਕੇ ਹਨ ਤੇ ਹੁਣ ਵਿਧਾਨ ਸਭਾ 'ਚੋਂ ਵੀ ਗੁਆ ਲੈਣਗੇ | ਉਨ੍ਹਾ ਦਾਅਵਾ ਕੀਤਾ ਕਿ ਐਤਕੀਂ ਦਾ ਬਜਟ ਇਤਿਹਾਸਕ ਹੋਵੇਗਾ ਤੇ ਸੂਬੇ ਨੂੰ ਕਈ ਨਵੀਂਆਂ ਸੌਗਾਤਾਂ ਮਿਲਣਗੀਆਂ |