ਖੰਨਾ (ਸੁਖਵਿੰਦਰ ਸਿੰਘ ਭਾਦਲਾ/ਪਰਮਿੰਦਰ ਸਿੰਘ ਮੋਨੂੰ)
ਸਰਦੂਲ ਸਿਕੰਦਰ ਦੀ ਮਿ੍ਤਕ ਦੇਹ ਨੂੰ ਵੀਰਵਾਰ ਖੰਨਾ ਵਿਖੇ ਉਨ੍ਹਾ ਦੇ ਘਰ ਲਿਆਂਦਾ ਗਿਆ ਅਤੇ ਅੰਤਮ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਉਨ੍ਹਾ ਦੇ ਮਿ੍ਤਕ ਸਰੀਰ ਨੂੰ ਇੱਕ ਖੁੱਲ੍ਹੀ ਜੀਪ ਵਿਚ ਰੱਖ ਉਨ੍ਹਾ ਦੀ ਅੰਤਮ ਯਾਤਰਾ ਸ਼ੁਰੂ ਕੀਤੀ ਗਈ | ਅੰਤਮ ਯਾਤਰਾ ਨੂੰ ਉਨ੍ਹਾ ਦੀ ਜਨਮ ਭੂਮੀ ਪਿੰਡ ਖੇੜੀ ਨੌਧ ਸਿੰਘ ਲਿਜਾਇਆ ਗਿਆ, ਜਿੱਥੇ ਉਹਨਾ ਨੂੰ ਸਪੁਰਦ-ਏ-ਖਾਕ ਕੀਤਾ ਗਿਆ | ਉਨ੍ਹਾ ਦੀ ਅੰਤਮ ਯਾਤਰਾ ਦੌਰਾਨ ਖੰਨਾ ਸ਼ਹਿਰ ਦੇ ਹਰ ਚੌਕ ਤੇ ਹਰੇਕ ਪਿੰਡ ਵਿਚ ਰੋਕ ਕੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾ ਦੇ ਅੰਤਮ ਦਰਸ਼ਨ ਕੀਤੇ ਗਏ | ਉਨ੍ਹਾ ਦੀ ਦਰਿਆਦਿਲੀ ਤੇ ਚੰਗੇ ਸੁਭਾਅ ਕਾਰਨ ਪਿੰਡ ਖੇੜੀ ਨੌਧ ਸਿੰਘ ਦੇ ਸਰਪੰਚ ਰੁਪਿੰਦਰ ਸਿੰਘ ਰਮਲਾ ਵੱਲੋਂ ਉਨ੍ਹਾ ਨੂੰ ਸਪੁਰਦ-ਏ-ਖਾਕ ਕਰਨ ਲਈ ਆਪਣੀ ਖੜੀ ਕਣਕ ਵੱਢ ਕੇ ਆਪਣੀ ਨਿੱਜੀ ਜ਼ਮੀਨ ਪਰਵਾਰ ਨੂੰ ਦਿੱਤੀ ਗਈ | ਰਮਲਾ ਨੇ ਕਿਹਾ ਕਿ ਸਰਦੂਲ ਇਸ ਪਿੰਡ ਦਾ ਜੰਮਪਲ ਸੀ ਤੇ ਉਸ ਨੇ ਦੇਸ਼-ਵਿਦੇਸ਼ ਵਿਚ ਇਸ ਪਿੰਡ ਦਾ ਨਾਂਅ ਰੌਸ਼ਨ ਕੀਤਾ | ਉਨ੍ਹਾ ਕਿਹਾ ਕਿ ਛੇਤੀ ਹੀ ਪਿੰਡ ਵਿਚ ਸਰਦੂਲ ਦੀ ਸ਼ਾਨਦਾਰ ਯਾਦਗਾਰ ਉਸਾਰੀ ਜਾਵੇਗੀ, ਜਿਥੇ ਹਰ ਸਾਲ ਉਨ੍ਹਾ ਦੀ ਯਾਦ 'ਚ ਸੰਗੀਤ ਸੰਮੇਲਨ ਕਰਵਾਇਆ ਜਾਵੇਗਾ |
ਸਰਦੂਲ ਨੂੰ ਰਾਜਨੀਤਕ, ਧਾਰਮਕ, ਸਮਾਜਕ, ਪੰਜਾਬੀ ਗਾਇਕ, ਗੀਤਕਾਰ ਅਤੇ ਫਿਲਮ ਇੰਡਸਟਰੀ ਨਾਲ ਜੁੜੀਆਂ ਹਸਤੀਆਂ ਵੱਲੋਂ ਪਹੁੰਚ ਕੇ ਸ਼ਰਧਾਂਜਲੀ ਦਿੱਤੀ ਗਈ ਅਤੇ ਪਰਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ | ਪਰਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਡਾ. ਦਲਜੀਤ ਸਿੰਘ ਚੀਮਾ, ਹਲਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਯਾਦਵਿੰਦਰ ਸਿੰਘ ਯਾਦੂ, ਡਾ. ਗੁਰਮੁਖ ਸਿੰਘ ਚਾਹਲ, ਪੰਜਾਬੀ ਗਾਇਕ ਬੱਬੂ ਮਾਨ, ਮਾਸਟਰ ਸਲੀਮ, ਹਰਭਜਨ ਮਾਨ, ਜਸਬੀਰ ਜੱਸੀ, ਕਮਲ ਖ਼ਾਨ, ਭਾਈ ਜੀ ਕੁਟੀਆ ਵਾਲੇ , ਲਹਿੰਬਰ ਹੁਸੈਨਪੁਰੀ, ਇੰਦਰਜੀਤ ਨਿੱਕੂ, ਸਰਦਾਰ ਅਲੀ, ਬਿੱਟੂ ਖੰਨੇ ਵਾਲਾ,ਬਲਬੀਰ ਰਾਏ, ਸ਼ਬਨਮ ਰਾਏ, ਗੁਰਪਾਲ ਮੁਟਿਆਰ, ਹੁਸ਼ਿਆਰ ਮਾਹੀ, ਹਰਵਿੰਦਰ ਮਾਹੀ, ਦਵਿੰਦਰ ਖੰਨੇ ਵਾਲਾ, ਗੁਰਨਾਮ ਸਿੰਘ ਗਾਮੀ ਸੰਗਤਪੁਰੀਆ, ਪਾਲਾ ਰਾਜੇਵਾਲੀਆ ਆਦਿ ਸਨ | ਸਰਦੂਲ ਦੀ ਪਤਨੀ ਅਮਰ ਨੂਰੀ ਨੇ ਗਾਇਆ ਸੀ, 'ਮੈਨੂੰ ਅੱਜ ਸੁਫਨੇ ਵਿਚ ਮਿਲਣ ਮਾਹੀ ਨੇ ਆਉਣਾ ਨੀ |' ਹੁਣ ਨੂਰੀ ਦਾ ਮਾਹੀ ਸਰਦੂਲ ਉਸ ਨੂੰ ਸਦਾ ਲਈ ਸੁਫਨੇ ਵਿਚ ਹੀ ਮਿਲਣ ਆਇਆ ਕਰੇਗਾ |