Latest News
ਜੱਜ ਨੇ ਦਿਖਾਇਆ ਸ਼ੀਸ਼ਾ

Published on 25 Feb, 2021 11:48 AM.


ਦਿੱਲੀ ਪੁਲਸ ਵੱਲੋਂ ਗਿ੍ਫ਼ਤਾਰ ਕੀਤੀ ਗਈ ਜਲਵਾਯੂ ਕਾਰਕੁਨ ਦਿਸ਼ਾ ਰਵੀ ਨੂੰ ਜ਼ਮਾਨਤ ਦਿੰਦਿਆਂ ਦਿੱਲੀ ਦੀ ਇੱਕ ਅਦਾਲਤ ਦੇ ਜੱਜ ਨੇ ਆਪਣੇ 18 ਸਫ਼ਿਆਂ ਦੇ ਲੰਮੇ ਫ਼ੈਸਲੇ ਰਾਹੀਂ ਸੱਤਾਧਾਰੀ ਹਾਕਮਾਂ 'ਤੇ ਸਖ਼ਤ ਟਿੱਪਣੀਆਂ ਕੀਤੀਆਂ ਹਨ | ਹੁਕਮਰਾਨਾਂ ਦੀ ਬਾਂਦੀ ਪੁਲਸ ਨੇ ਦਿਸ਼ਾ ਰਵੀ 'ਤੇ ਦੇਸ਼ਧ੍ਰੋਹ ਤੇ ਰਾਸ਼ਟਰ ਵਿਰੁੱਧ ਬਗਾਵਤ ਵਰਗੇ ਸੰਗੀਨ ਦੋਸ਼ ਲਾ ਕੇ ਉਸ ਨੂੰ ਲੰਮੇ ਸਮੇਂ ਤੱਕ ਸੀਖਾਂ ਪਿੱਛੇ ਸੁੱਟ ਦੇਣ ਦੇ ਇੰਤਜ਼ਾਮ ਕੀਤੇ ਸਨ | ਮੌਜੂਦਾ ਹਾਕਮਾਂ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਹੀ ਦੇਸ਼ਧ੍ਰੋਹ ਜਾਂ ਰਾਜਧ੍ਰੋਹ ਦਾ ਕਾਨੂੰਨ ਉਨ੍ਹਾਂ ਲਈ ਪ੍ਰਗਟਾਵੇ ਦੀ ਅਜ਼ਾਦੀ ਨੂੰ ਕੁਚਲਣ ਦਾ ਮਨਚਾਹਾ ਹਥਿਆਰ ਰਿਹਾ ਹੈ | ਸਭ ਤੋਂ ਪਹਿਲਾਂ ਇਸ ਹਥਿਆਰ ਦੀ ਵਰਤੋਂ ਕਰਦਿਆਂ ਭੀਮਾ ਕੋਰੇਗਾਂਵ ਕੇਸ ਵਿੱਚ ਦਰਜਨ ਦੇ ਕਰੀਬ ਬੁੱਧੀਜੀਵੀਆਂ, ਵਕੀਲਾਂ ਤੇ ਸਮਾਜਿਕ ਕਾਰਕੁਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ, ਜੋ ਹਾਲੇ ਤੱਕ ਜ਼ਮਾਨਤਾਂ ਲਈ ਲੜ ਰਹੇ ਹਨ | ਇਸ ਦੇ ਨਾਲ ਹੀ ਇਸ ਕਾਨੂੰਨ ਅਧੀਨ ਦਿੱਲੀ ਵਿੱਚ ਆਪਣੇ ਅਧਿਕਾਰਾਂ ਲਈ ਲੜਨ ਵਾਲੇ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ ਗਿਆ | ਉਮਰ ਖਾਲਿਦ, ਦਿਵਾਂਗਨਾ ਕਲੀਤਾ ਤੇ ਨਤਾਸ਼ਾ ਨਰਵਾਲ ਵਰਗੇ 18 ਵਿਦਿਆਰਥੀ ਆਗੂ ਅੱਜ ਦਿੱਲੀ ਦੀਆਂ ਜੇਲ੍ਹਾਂ ਵਿੱਚ ਸੜ ਰਹੇ ਹਨ | ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਜੰਮੂ-ਕਸ਼ਮੀਰ ਦੇ ਡੀ ਐੱਸ ਪੀ ਦਵਿੰਦਰ ਸਿੰਘ, ਜੋ ਆਪਣੀ ਕਾਰ ਵਿੱਚ ਅੱਤਵਾਦੀਆਂ ਨੂੰ ਲੈ ਕੇ ਜਾਂਦਿਆਂ ਰੰਗੇ ਹੱਥੀਂ ਫੜਿਆ ਗਿਆ ਸੀ ਅਤੇ ਧਰੁਵ ਸਕਸੈਨਾ ਤੇ ਉਸ ਦੇ ਸਾਥੀ, ਜਿਹੜੇ ਪਾਕਿਸਤਾਨ ਲਈ ਜਾਸੂਸੀ ਕਰਦੇ ਫੜੇ ਗਏ ਸਨ, ਵਿਰੁੱਧ ਵੀ ਇਹ ਧਾਰਾ ਨਹੀਂ ਲਾਈ ਗਈ, ਪਰ ਆਪਣੇ ਭਵਿੱਖ ਦੀ ਬਿਹਤਰੀ ਲਈ ਧਰਤੀ, ਪਹਾੜਾਂ, ਨਦੀਆਂ ਤੇ ਰੁੱਖਾਂ ਦੀ ਰਾਖੀ ਲਈ ਲੜਨ ਵਾਲੀ ਵਾਤਾਵਰਨ ਪ੍ਰੇਮੀ ਦਿਸ਼ਾ ਰਵੀ ਨੂੰ ਦੇਸ਼ ਲਈ ਖਤਰਨਾਕ ਐਲਾਨ ਦਿੱਤਾ ਗਿਆ | ਦਿਸ਼ਾ ਦੀ ਗਿ੍ਫ਼ਤਾਰੀ ਤੋਂ ਬਾਅਦ ਸਰਕਾਰਪ੍ਰਸਤ ਸਾਰਾ ਗੋਦੀ ਮੀਡੀਆ ਦਿਸ਼ਾ ਰਵੀ ਨੂੰ ਦੇਸ਼ ਵਿਰੁੱਧ ਵਿਦੇਸ਼ੀ ਸਾਜ਼ਿਸ਼ ਦੀ ਸੂਤਰਧਾਰ ਐਲਾਨਣ ਲੱਗ ਪਿਆ |
ਇਹ ਮਨੁੱਖੀ ਫਿਤਰਤ ਹੈ ਕਿ ਜਦੋਂ ਉਹ ਬਾਹਰੋਂ ਕਰੂਰਤਾ ਦੀਆਂ ਹੱਦਾਂ ਲੰਘ ਰਿਹਾ ਹੁੰਦਾ ਹੈ ਤਾਂ ਉਹ ਅੰਦਰੋਂ ਬੇਹੱਦ ਡਰਿਆ ਹੋਇਆ ਹੁੰਦਾ ਹੈ | ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਪੁਰਅਮਨ ਅੰਦੋਲਨ ਦੀ ਹਨੇਰੀ ਨੇ ਹਾਕਮਾਂ ਨੂੰ ਕੰਬਣੀਆਂ ਛੇੜੀਆਂ ਹੋਈਆਂ ਹਨ | ਇਸ ਅੰਦੋਲਨ ਵਿਰੁੱਧ ਉਸ ਦਾ ਹਰ ਹਥਿਆਰ ਖੁੰਢਾ ਹੋ ਰਿਹਾ ਹੈ | ਦੁਨੀਆ ਭਰ ਵਿੱਚੋਂ ਕਿਸਾਨ ਅੰਦੋਲਨ ਨੂੰ ਮਿਲ ਰਹੇ ਜ਼ਬਰਦਸਤ ਸਮਰਥਨ ਨੇ ਹਾਕਮਾਂ ਨੂੰ ਤਰੇਲੀਆਂ ਲਿਆ ਦਿੱਤੀਆਂ ਹਨ | ਦੁਨੀਆ ਭਰ ਦੇ ਸਾਮਰਾਜੀ ਦੇਸ਼ਾਂ ਦੇ ਆਗੂਆਂ ਨੂੰ ਮੂੰਹ ਉੱਤੇ ਖਰੀਆਂ-ਖਰੀਆਂ ਸੁਣਾ ਦੇਣ ਵਾਲੀ ਅੱਲ੍ਹੜ ਕੁੜੀ ਗਰੇਟਾ ਥਨਬਰਗ ਦੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਲਿਖੇ ਇਕੋ ਟਵੀਟ ਨੇ ਸਾਡੇ ਹਾਕਮਾਂ ਨੂੰ ਅੰਦਰੋਂ ਹਿਲਾ ਦਿੱਤਾ ਸੀ | ਸੰਸਾਰ ਭਰ ਵਿੱਚ ਹੋ ਰਹੀ ਬਦਨਾਮੀ 'ਤੇ ਪਰਦਾ ਪਾਉਣ ਲਈ ਆਖਰ ਦਿਸ਼ਾ ਰਵੀ ਨੂੰ ਨਿਸ਼ਾਨਾ ਬਣਾਇਆ ਗਿਆ | ਦਿਸ਼ਾ 'ਤੇ ਦੋਸ਼ ਲਾਇਆ ਗਿਆ ਕਿ ਉਸ ਨੇ ਸੋਸ਼ਲ ਮੀਡੀਆ 'ਤੇ ਇੱਕ ਦਸਤਾਵੇਜ਼ ਸੋਧ ਕੇ ਉਸ ਨੂੰ ਗਰੇਟਾ ਥਨਬਰਗ ਤੇ ਹੋਰਨਾਂ ਵਿਚਕਾਰ ਫੈਲਾਇਆ ਸੀ | ਹਾਕਮਾਂ ਨੂੰ ਇਸ ਤਰ੍ਹਾਂ ਲੱਗਾ, ਜਿਵੇਂ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਉਸ ਨੂੰ ਕੌਰੂ ਦਾ ਖਜ਼ਾਨਾ ਹੱਥ ਲੱਗ ਗਿਆ ਹੋਵੇ | ਗ੍ਰਹਿ ਮੰਤਰੀ ਅਮਿਤ ਸ਼ਾਹ, ਦਿੱਲੀ ਪੁਲਸ ਜਿਸ ਦੇ ਸਿੱਧੀ ਅਧੀਨ ਹੈ, ਨੇ ਬੰਗਾਲ ਵਿਚਲੀ ਆਪਣੀ ਚੋਣ ਰੈਲੀ ਦੌਰਾਨ ਦਿੱਲੀ ਪੁਲਸ ਦੀ ਪਿੱਠ ਥਾਪੜਦਿਆਂ ਕਹਿ ਦਿੱਤਾ ਕਿ ਕਾਨੂੰਨ ਛੋਟੇ-ਵੱਡੇ ਸਾਰਿਆਂ ਲਈ ਇੱਕੋ ਹੁੰਦਾ ਤੇ ਦਿੱਲੀ ਪੁਲਸ ਵਧੀਆ ਕੰਮ ਕਰ ਰਹੀ ਹੈ | ਪਹਿਲੀ ਪੇਸ਼ੀ 'ਤੇ ਹੀ ਪੁਲਸ ਨੂੰ ਮਿਲੇ 5 ਦਿਨਾਂ ਦੇ ਰਿਮਾਂਡ ਤੋਂ ਇਹ ਤੌਖਲਾ ਪ੍ਰਗਟ ਕੀਤਾ ਜਾ ਰਿਹਾ ਸੀ ਕਿ ਪੁਲਸ ਦਿਸ਼ਾ ਰਵੀ ਨੂੰ ਫਸਾਉਣ ਲਈ ਕੋਈ ਨਾ ਕੋਈ ਛੜਯੰਤਰ ਕਰ ਸਕਦੀ ਹੈ |
ਪਰ ਹੁਣ ਜਦੋਂ ਅਦਾਲਤ ਨੇ ਜ਼ਮਾਨਤ ਬਾਰੇ ਫੈਸਲਾ ਸੁਣਾਇਆ ਹੈ ਤਾਂ ਉਸ ਨੇ ਹਾਕਮਾਂ ਨੂੰ ਅਜਿਹੀਆਂ ਸਲਵਾਤਾਂ ਸੁਣਾਈਆਂ ਹਨ, ਜਿਸ ਦੀ ਉਨ੍ਹਾਂ ਨੂੰ ਕੋਈ ਤਵੱਕੋ ਹੀ ਨਹੀਂ ਸੀ | ਅਦਾਲਤ ਨੇ ਕਿਹਾ ਕਿ ਦਿੱਲੀ ਪੁਲਸ ਵੱਲੋਂ 22 ਸਾਲਾ ਲੜਕੀ 'ਤੇ ਲਾਏ ਗਏ ਦੋਸ਼ ਉਸ ਨੂੰ ਜੇਲ੍ਹ ਵਿੱਚ ਰੱਖੇ ਜਾਣ ਦੇ ਯੋਗ ਨਹੀਂ ਹਨ, ਜਿਸ ਦਾ ਕੋਈ ਪਿਛਲਾ ਅਪਰਾਧਿਕ ਰਿਕਾਰਡ ਨਹੀਂ ਹੈ | ਜੱਜ ਧਰਮੇਂਦਰ ਰਾਣਾ ਨੇ ਕਿਹਾ ਕਿ ਕਿਸੇ ਵੀ ਲੋਕਤੰਤਰੀ ਦੇਸ਼ ਵਿੱਚ ਨਾਗਰਿਕ ਸਰਕਾਰ ਦੀ ਅੰਤਰ-ਆਤਮਾ ਦੇ ਸਰਪ੍ਰਸਤ ਹੁੰਦੇ ਹਨ | ਉਨ੍ਹਾਂ ਨੂੰ ਸਿਰਫ਼ ਇਸ ਲਈ ਜੇਲ੍ਹ ਵਿੱਚ ਬੰਦ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹ ਸਰਕਾਰ ਦੀਆਂ ਨੀਤੀਆਂ ਨਾਲ ਸਹਿਮਤ ਨਹੀਂ ਹਨ | ਜੱਜ ਨੇ ਦਿੱਲੀ ਪੁਲਸ ਵੱਲੋਂ ਦਿਸ਼ਾ ਰਵੀ ਵਿਰੁੱਧ ਇੱਕ ਖਾਲਿਸਤਾਨੀ ਸੰਗਠਨ ਨਾਲ ਸੰਬੰਧਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਰਿਕਾਰਡ ਵਿੱਚ ਅਜਿਹਾ ਕੁਝ ਵੀ ਨਹੀਂ, ਜਿਸ ਤੋਂ ਇਹ ਸਾਬਤ ਹੁੰਦਾ ਹੋਵੇ ਖਾਲਿਸਤਾਨੀ ਕਹੇ ਜਾਂਦੇ ਮੋਅ ਧਾਲੀਵਾਲ ਦੇ ਸੰਗਠਨ ਨੇ 26 ਜਨਵਰੀ ਨੂੰ ਹਿੰਸਾ ਭੜਕਾਉਣ ਦਾ ਕੋਈ ਸੱਦਾ ਦਿੱਤਾ ਸੀ | ਇਸ ਦੇ ਨਾਲ ਹੀ ਜੱਜ ਨੇ ਕਿਹਾ ਕਿ ਉਨ੍ਹਾ ਦੀ ਰਾਇ ਹੈ ਕਿ ਕਿਸੇ ਖਰਾਬ ਵਿਅਕਤੀ ਨਾਲ ਮੇਲਜੋਲ ਨਹੀਂ, ਸਗੋਂ ਦੋਸ਼ ਤੈਅ ਕਰਨ ਲਈ ਉਸ ਮੇਲਜੋਲ ਦੇ ਉਦੇਸ਼ ਦਾ ਸਾਹਮਣੇ ਆਉਣਾ ਜ਼ਰੂਰੀ ਹੈ | ਇੱਕ ਖਰਾਬ ਵਿਅਕਤੀ ਆਪਣੇ ਜੀਵਨ ਵਿੱਚ ਬਹੁਤ ਸਾਰੇ ਲੋਕਾਂ ਨੂੰ ਮਿਲਦਾ-ਜੁਲਦਾ ਹੈ, ਇਸ ਦਾ ਮਤਲਬ ਇਹ ਨਹੀਂ ਕਿ ਉਸ ਨਾਲ ਮਿਲਣ ਵਾਲੇ ਸਭ ਲੋਕਾਂ ਨੂੰ ਹੀ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਵੇ | ਜੱਜ ਨੇ ਦਿੱਲੀ ਪੁਲਸ ਵੱਲੋਂ ਦਿਸ਼ਾ ਦੇ ਖਾਲਿਸਤਾਨੀ ਸੰਗਠਨ ਸਿੱਖਸ ਫਾਰ ਜਸਟਿਸ ਨਾਲ ਸੰਬੰਧਾਂ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ |
ਅਦਾਲਤ ਨੇ ਗੂਗਲ ਦਸਤਾਵੇਜ਼ (ਟੂਲਕਿੱਟ) ਬਾਰੇ ਕਿਹਾ ਕਿ ਟੂਲਕਿੱਟ ਨੂੰ ਵਾਚਣ ਤੋਂ ਪਤਾ ਲਗਦਾ ਹੈ ਕਿ ਉਸ ਵਿੱਚ ਕਿਸੇ ਤਰ੍ਹਾਂ ਦੀ ਹਿੰਸਾ ਫੈਲਾਉਣ ਦਾ ਸੱਦਾ ਨਹੀਂ ਹੈ | ਜੱਜ ਨੇ ਕਿਹਾ ਕਿ ਸਰਕਾਰ ਦੇ ਗਰੂਰ 'ਤੇ ਲੱਗੀ ਠੇਸ ਲਈ ਕਿਸੇ 'ਤੇ ਰਾਜਧੋ੍ਰਹ ਦਾ ਦੋਸ਼ ਨਹੀਂ ਲਾਇਆ ਜਾ ਸਕਦਾ | ਕਿਸੇ ਮਾਮਲੇ ਬਾਰੇ ਮਤਭੇਦ, ਅਸਹਿਮਤੀ, ਵਿਰੋਧ, ਬੇਚੈਨੀ, ਇਥੋਂ ਤੱਕ ਕਿ ਨਾ-ਮਨਜ਼ੂਰੀ, ਸਰਕਾਰ ਦੀਆਂ ਨੀਤੀਆਂ ਵਿੱਚ ਨਿਰਪੱਖਤਾ ਨਿਰਧਾਰਤ ਕਰਨ ਦਾ ਯੋਗ ਹਥਿਆਰ ਹੁੰਦਾ ਹੈ | ਲਾਪਰਵਾਹ ਤੇ ਮੌਨ ਨਾਗਰਿਕਾਂ ਦੀ ਤੁਲਨਾ ਵਿੱਚ ਜਾਗਰੂਕ ਤੇ ਜਤਨਸ਼ੀਲ ਨਾਗਰਿਕ ਹੀ ਇੱਕ ਸਿਹਤਮੰਦ ਤੇ ਜਿਊਾਦੇ-ਜਾਗਦੇ ਲੋਕਤੰਤਰ ਦੀ ਨਿਸ਼ਾਨੀ ਹੁੰਦੇ ਹਨ | ਜੱਜ ਨੇ ਰਿਗਵੇਦ ਦੇ ਇੱਕ ਸ਼ਲੋਕ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਸਾਡੇ ਵਡੇਰਿਆਂ ਨੇ ਵੀ ਬੋਲਣ ਤੇ ਪ੍ਰਗਟਾਵੇ ਦੀ ਅਜ਼ਾਦੀ ਨੂੰ ਮੁਢਲੇ ਅਧਿਕਾਰਾਂ ਵਜੋਂ ਮਾਨਤਾ ਦਿੰਦਿਆ ਵਿਚਾਰਾਂ ਦੀ ਵੰਨਸੁਵੰਨਤਾ ਨੂੰ ਪੂਰਾ ਸਨਮਾਨ ਦਿੱਤਾ ਸੀ | ਸੰਵਿਧਾਨ ਦੀ ਧਾਰਾ 19 ਵਿੱਚ ਵੀ ਅਸਹਿਮਤੀ ਦਾ ਅਧਿਕਾਰ ਦਰਜ ਹੈ | ਉਨ੍ਹਾ ਕਿਹਾ ਕਿ ਮੇਰੀ ਰਾਇ ਵਿੱਚ ਬੋਲਣ ਤੇ ਪ੍ਰਗਟਾਵੇ ਦੀ ਅਜ਼ਾਦੀ ਵਿੱਚ ਆਪਣੀ ਗੱਲ ਨੂੰ ਸੰਸਾਰ ਪੱਧਰ ਉੱਤੇ ਪੁਚਾਉਣ ਦਾ ਵੀ ਹੱਕ ਹੈ | ਅੱਜ ਸੰਚਾਰ ਸਾਧਨਾਂ ਉਪਰ ਕੋਈ ਭੂਗੋਲਿਕ ਹੱਦਾਂ ਨਹੀਂ ਹਨ | ਇੱਕ ਨਾਗਰਿਕ ਨੂੰ ਹੱਕ ਹੈ ਕਿ ਉਹ ਕਾਨੂੰਨ ਦੇ ਦਾਇਰੇ ਵਿੱਚ ਰਹਿੰਦਿਆਂ ਆਪਣੇ ਵਿਚਾਰਾਂ ਲਈ ਉਚਤਮ ਸੰਚਾਰ ਸਾਧਨਾਂ ਦੀ ਵਰਤੋਂ ਕਰੇ | ਦਿੱਲੀ ਪੁਲਸ ਵੱਲੋਂ ਦਿਸ਼ਾ ਰਵੀ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਬਣਾਏ ਵਟਸਐਪ ਗਰੁੱਪ ਦੇ ਡਿਲੀਟ ਕਰਨ ਤੇ ਉਸ ਦੇ ਇੱਕ ਸਾਥੀ ਸ਼ਾਂਤਨੂੰ ਦੇ ਕਿਸਾਨ ਰੈਲੀ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ ਬਾਰੇ ਮਾਣਯੋਗ ਜੱਜ ਨੇ ਕਿਹਾ ਕਿ ਦਿੱਲੀ ਪੁਲਸ ਨੇ ਕਿਸਾਨ ਰੈਲੀ ਨੂੰ ਇਜਾਜ਼ਤ ਦਿੱਤੀ ਸੀ, ਇਸ ਲਈ ਸ਼ਾਂਤਨੂੰ ਦਾ ਉਸ ਵਿੱਚ ਸ਼ਾਮਲ ਹੋਣਾ ਗਲਤ ਨਹੀਂ ਤੇ ਦਿਸ਼ਾ ਵੱਲੋਂ ਵਟਸਐਪ ਗਰੁੱਪ ਡਿਲੀਟ ਕਰਨਾ ਆਪਣੀ ਪਛਾਣ ਛੁਪਾਉਣ ਤੇ ਵਾਧੂ ਦੇ ਵਿਵਾਦਾਂ ਤੋਂ ਬਚਣ ਦੀ ਕਾਰਵਾਈ ਲਗਦੀ ਹੈ | ਫਾਜ਼ਲ ਜੱਜ ਨੇ ਆਪਣੇ ਪੂਰੇ ਫੈਸਲੇ ਵਿੱਚ ਸਰਕਾਰੀ ਵਕੀਲ ਵੱਲੋਂ ਉਠਾਏ ਗਏ ਇੱਕ-ਇੱਕ ਮੁੱਦੇ ਦਾ ਵਿਸਥਾਰ ਨਾਲ ਜਵਾਬ ਦਿੱਤਾ ਹੈ | ਮੁੱਖ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਸਰਕਾਰ ਦੀ ਇੱਕ ਹੋਰ ਕੋਸ਼ਿਸ਼ ਨਾਕਾਮ ਹੋ ਗਈ ਹੈ |
- ਚੰਦ ਫਤਿਹਪੁਰੀ

933 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper