ਸੰਵਿਧਾਨ ਘਾੜਿਆਂ ਨੇ ਸਾਡੀ ਸਮੁੱਚੀ ਸਮਾਜਿਕ ਵਿਵਸਥਾ ਨੂੰ ਚਲਾਉਣ ਲਈ ਇਸ ਨੂੰ ਤਿੰਨ ਅੰਗਾਂ ਵਿੱਚ ਵੰਡਿਆ ਸੀ | ਇਹ ਅੰਗ ਸਨ, ਵਿਧਾਇਕਾ ਯਾਨੀ ਸੰਸਦ ਤੇ ਵਿਧਾਨ ਸਭਾਵਾਂ, ਕਾਰਜ ਪਾਲਿਕਾ ਯਾਨੀ ਪ੍ਰਸ਼ਾਸਨਿਕ ਅਮਲਾ ਤੇ ਨਿਆਂ ਪਾਲਿਕਾ | ਲੋਕਤੰਤਰੀ ਵਿਵਸਥਾ ਲਈ ਸਭ ਤੋਂ ਜ਼ਰੂਰੀ ਇਹ ਪਹਿਲੂ ਹੈ ਕਿ ਇਨ੍ਹਾਂ ਤਿੰਨਾਂ ਅੰਗਾਂ ਵਿੱਚ ਸੰਤੁਲਨ ਬਣਿਆ ਰਹੇ ਤੇ ਕੋਈ ਵੀ ਅੰਗ ਕਿਸੇ ਦੂਜੇ ਅੰਗ 'ਤੇ ਹਾਵੀ ਹੋਣ ਦੀ ਕੋਸ਼ਿਸ਼ ਨਾ ਕਰੇ | ਮੌਜੂਦਾ ਭਾਜਪਾ ਰਾਜ ਦੌਰਾਨ ਇਹ ਸੰਤੁਲਨ ਪੂਰੀ ਤਰ੍ਹਾਂ ਗੜਬੜਾ ਚੁੱਕਿਆ ਹੈ | ਅਸਲ ਵਿੱਚ ਤਾਨਾਸ਼ਾਹੀ ਦਾ ਮਤਲਬ ਹੀ ਪੁਲਸ ਰਾਜ ਹੁੰਦਾ ਹੈ | ਮੌਜੂਦਾ ਹਾਕਮਾਂ ਦੇ ਪਿਛਲੇ ਸੱਤ ਸਾਲਾਂ ਦੇ ਰਾਜ 'ਤੇ ਨਿਗ੍ਹਾ ਮਾਰੀ ਜਾਵੇ ਤਾਂ ਸਪੱਸ਼ਟ ਹੋ ਜਾਵੇਗਾ ਕਿ ਅਸੀਂ ਕਦਮ-ਦਰ-ਕਦਮ ਪੁਲਸੀ ਰਾਜ ਵੱਲ ਵਧ ਰਹੇ ਹਾਂ |
ਤੇਲੰਗਾਨਾ ਦੇ ਹੈਦਰਾਬਾਦ ਵਿੱਚ 27 ਨਵੰਬਰ 2019 ਨੂੰ ਇੱਕ ਮਹਿਲਾ ਵੈਟਰਨਰੀ ਡਾਕਟਰ ਨਾਲ ਬਲਾਤਕਾਰ ਤੋਂ ਬਾਅਦ ਉਸ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ | ਲੋਕਾਂ ਦੇ ਦਬਾਅ ਹੇਠ ਪੁਲਸ 4 ਵਿਅਕਤੀਆਂ ਨੂੰ ਸ਼ੱਕ ਦੇ ਅਧਾਰ 'ਤੇ ਗਿ੍ਫ਼ਤਾਰ ਕਰਦੀ ਹੈ | ਪੁਲਸ ਵਲੋਂ ਉਨ੍ਹਾਂ ਦਾ ਰਿਮਾਂਡ ਮੰਗਣ ਦੀ ਥਾਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ | ਇਸ ਘਟਨਾ ਦਾ ਜਦੋਂ ਸਮੁੱਚੇ ਦੇਸ਼ ਵਿੱਚ ਰੌਲਾ ਪੈ ਜਾਂਦਾ ਹੈ ਤਾਂ ਅਚਾਨਕ ਉਨ੍ਹਾਂ ਦੀ ਪੁਲਸ ਹਿਰਾਸਤ ਮੰਗੀ ਜਾਂਦੀ ਹੈ | ਰਾਤ ਦੇ ਹਨੇਰੇ ਵਿੱਚ ਪੁਲਸ ਉਨ੍ਹਾਂ ਨੂੰ ਵਕੂਏ ਵਾਲੀ ਥਾਂ ਲਿਜਾ ਕੇ ਖੱੁਲ੍ਹਾ ਛੱਡ ਦਿੰਦੀ ਹੈ | ਉਸ ਤੋਂ ਬਾਅਦ ਉਨ੍ਹਾਂ ਚਾਰਾਂ ਨੂੰ ਗੋਲੀਆਂ ਮਾਰ ਕੇ ਖ਼ਤਮ ਕਰ ਦਿੱਤਾ ਜਾਂਦਾ ਹੈ ਤੇ ਕਹਿ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਨੇ ਪੁਲਸ ਵਾਲੇ ਦਾ ਪਿਸਟਲ ਖੋਹ ਕੇ ਗੋਲੀ ਚਲਾਈ ਸੀ | ਇਸ ਘਟਨਾ ਤੋਂ ਬਾਅਦ ਜਿਹੜੇ ਪੁਲਸ ਵਾਲੇ ਜਨਤਾ ਦੀਆਂ ਨਜ਼ਰਾਂ ਵਿੱਚ ਜ਼ੀਰੋ ਸਨ, ਹੀਰੋ ਬਣ ਗਏ | ਲੋਕ ਪੁਲਸ ਵਾਲਿਆਂ ਉੱਤੇ ਫੁੱਲ ਵਰਸਾਉਣ ਲੱਗ ਗਏ | ਸੱਤਾਧਾਰੀ ਸਾਂਸਦਾਂ ਤੱਕ ਨੇ ਇਸ ਨੂੰ ਤੁਰੰਤ ਇਨਸਾਫ਼ ਦਾ ਫਤਵਾ ਦੇ ਦਿੱਤਾ | ਬਸਪਾ ਮੁਖੀ ਮਾਇਆਵਤੀ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਸਲਾਹ ਦੇ ਦਿੱਤੀ ਕਿ ਉਹ ਵੀ ਇਸ ਰਾਹ 'ਤੇ ਤੁਰੇ |
ਉੱਤਰ ਪ੍ਰਦੇਸ਼ ਪੁਲਸ ਨੇ ਮਾਇਆਵਤੀ ਦੇ ਜਵਾਬ ਵਿੱਚ ਇਹ ਦਾਅਵਾ ਕਰ ਦਿੱਤਾ ਕਿ ਪਿਛਲੇ ਦੋ ਸਾਲਾਂ ਵਿੱਚ ਯੂ ਪੀ ਵਿੱਚ 5178 ਪੁਲਸ ਮੁਕਾਬਲੇ ਬਣਾਏ ਗਏ, ਜਿਸ ਵਿੱਚ 103 ਵਿਅਕਤੀ ਮਾਰੇ ਜਾ ਚੁੱਕੇ ਹਨ | ਇਸ ਤੋਂ ਅਗਲੇ ਮਹੀਨੇ ਹੀ ਯੂ ਪੀ ਦੀ ਪੁਲਸ ਇੱਕ ਨਾਮੀ ਬਦਮਾਸ਼ ਵਿਕਾਸ ਦੂਬੇ ਨੂੰ ਮੱਧ ਪ੍ਰਦੇਸ਼ ਤੋਂ ਗਿ੍ਫ਼ਤਾਰ ਕਰਕੇ ਸੜਕ ਰਸਤੇ ਯੂ ਪੀ ਲਿਜਾ ਰਹੀ ਹੁੰਦੀ ਹੈ | ਰਸਤੇ ਵਿੱਚ ਹੀ ਵਿਕਾਸ ਦੂਬੇ ਦਾ ਪੁਲਸ ਮੁਕਾਬਲਾ ਬਣਾ ਕੇ ਉਸ ਨੂੰ ਢੇਰੀ ਕਰ ਦਿੱਤਾ ਜਾਂਦਾ ਹੈ | ਪੁਲਸ ਦੀ ਕਹਾਣੀ ਕਿ ਗੱਡੀ ਉਲਟ ਜਾਣ ਤੋਂ ਬਾਅਦ ਵਿਕਾਸ ਦੂਬੇ ਪੁਲਸ ਵਾਲਿਆਂ ਦਾ ਪਿਸਟਲ ਖੋਹ ਕੇ ਮੁਕਾਬਲਾ ਕਰ ਰਿਹਾ ਸੀ ਤੇ ਜਵਾਬੀ ਫਾਇਰਿੰਗ ਵਿੱਚ ਮਾਰਿਆ ਗਿਆ ਕਿਸੇ ਦੇ ਵੀ ਸੰਘੋਂ ਨਹੀਂ ਉਤਰਦੀ | ਯੂ ਪੀ ਵਿੱਚ ਪਿਛਲੇ ਤਿੰਨ ਸਾਲਾਂ ਦੇ ਅੰਕੜਿਆਂ ਮੁਤਾਬਕ 6126 ਪੁਲਸ ਮੁਕਾਬਲਿਆਂ ਵਿੱਚ 122 ਵਿਅਕਤੀ ਮਾਰੇ ਜਾ ਚੁੱਕੇ ਹਨ | ਇਸ ਦੇ ਬਾਵਜੂਦ ਸੂਬੇ ਵਿੱਚ ਅਪਰਾਧਾਂ ਦਾ ਗਰਾਫ਼ ਲਗਾਤਾਰ ਵਧ ਰਿਹਾ ਹੈ |
ਪੁਲਸ ਰਾਜ ਦਾ ਝਲਕਾਰਾ ਅਸੀਂ ਦਿੱਲੀ ਵਿੱਚ ਹੋਏ ਮੁਸਲਿਮ ਵਿਰੋਧੀ ਦੰਗਿਆਂ ਵਿੱਚ ਵੀ ਦੇਖ ਚੁੱਕੇ ਹਾਂ ਜਦੋਂ ਪੁਲਸ ਵਾਲੇ ਖੁਦ ਹਿੰਸਕ ਹਿੰਦੂ ਭੀੜਾਂ ਵਿੱਚ ਸ਼ਾਮਲ ਹੋ ਕੇ ਮੁਸਲਮਾਨਾਂ ਦਾ ਸ਼ਿਕਾਰ ਕਰਦੇ ਰਹੇ | ਤਾਜ਼ਾ ਘਟਨਾ ਹਰਿਆਣੇ ਦੀ ਹੈ | ਹਰਿਆਣਾ ਪੁਲਸ ਨੇ ਇੱਕ ਮਜ਼ਦੂਰ ਅਧਿਕਾਰ ਕਾਰਕੁੰਨ ਸ਼ਿਵ ਕੁਮਾਰ ਨੂੰ ਉਸ ਦੀ ਇੱਕ ਸਾਥੀ ਨੌਦੀਪ ਕੌਰ ਸਮੇਤ ਸਿੰਘੂ ਬਾਰਡਰ 'ਤੇ ਲੱਗੇ ਕਿਸਾਨ ਧਰਨੇ ਤੋਂ 16 ਜਨਵਰੀ ਨੂੰ ਚੁੱਕਿਆ ਸੀ | ਸੱਤ ਦਿਨਾਂ ਤੱਕ ਉਸ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖਣ ਤੋਂ ਬਾਅਦ 23 ਜਨਵਰੀ ਨੂੰ ਉਸ ਦੀ ਗਿ੍ਫ਼ਤਾਰੀ ਬਾਰੇ ਪਰਵਾਰ ਨੂੰ ਦੱਸਿਆ ਗਿਆ | ਇਸ ਦੌਰਾਨ ਨਾ ਹੀ ਪਰਵਾਰ ਤੇ ਨਾ ਹੀ ਉਸ ਦੇ ਵਕੀਲ ਨੂੰ ਉਸ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਗਈ | ਸ਼ਿਵ ਕੁਮਾਰ ਦੇ ਪਿਤਾ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਰਿੱਟ ਦਾਇਰ ਕਰਕੇ ਆਪਣੇ ਪੁੱਤਰ ਦਾ ਮੈਡੀਕਲ ਕਰਾਉਣ ਦੀ ਬੇਨਤੀ ਕੀਤੀ | ਹਾਈਕੋਰਟ ਦੇ ਹੁਕਮ 'ਤੇ ਛੱਤੀਸਗੜ੍ਹ ਦੇ ਡਾਕਟਰਾਂ ਦੇ ਇੱਕ ਪੈਨਲ ਨੇ ਸ਼ਿਵ ਕੁਮਾਰ ਦੀ ਮੈਡੀਕਲ ਜਾਂਚ ਕਰਨ ਤੋਂ ਬਾਅਦ ਜੋ ਰਿਪੋਰਟ ਦਿੱਤੀ ਹੈ, ਉਹ ਪੁਲਸ ਦੇ ਵਹਿਸ਼ੀ ਚਿਹਰੇ ਨੂੰ ਬੇਨਕਾਬ ਕਰਦੀ ਹੈ | ਗਿ੍ਫ਼ਤਾਰੀ ਦੇ ਇੱਕ ਮਹੀਨਾ ਬੀਤ ਜਾਣ ਬਾਅਦ ਵੀ ਸ਼ਿਵ ਕੁਮਾਰ ਨਾਲ ਪੁਲਸ ਵੱਲੋਂ ਕੀਤੀ ਕਰੂਰਤਾ ਦੇ ਨਿਸ਼ਾਨ ਉਸ ਦੇ ਸਰੀਰ 'ਤੇ ਮੌਜੂਦ ਸਨ | ਮੈਡੀਕਲ ਰਿਪੋਰਟ ਮੁਤਾਬਕ ਸ਼ਿਵ ਕੁਮਾਰ ਦੀ ਇੱਕ ਬਾਂਹ ਅਤੇ ਇੱਕ ਲੱਤ ਤੋੜ ਦਿੱਤੀ ਗਈ ਹੈ | ਉਸ ਦੇ ਨਹੁੰ ਉੱਖੜੇ ਹੋਏ ਹਨ | ਦੋਵੇਂ ਪੈਰ ਸੁੱਜੇ ਹੋਏ ਹਨ | ਪੈਰਾਂ ਦੀਆਂ ਉਂਗਲਾਂ ਕਾਲੀਆਂ ਹੋ ਚੁੱਕੀਆਂ ਹਨ | ਉਸ ਦੇ ਪੱਟਾਂ ਵਿਚਕਾਰ ਵੀ ਕਾਲਾਪਣ ਹੈ (ਜੋ ਆਮ ਤੌਰ 'ਤੇ ਦੋਹਾਂ ਲੱਤਾਂ ਨੂੰ ਪਾੜਨ ਦੀ ਕੋਸ਼ਿਸ਼ ਦੌਰਾਨ ਹੁੰਦਾ ਹੈ) | 24 ਸਾਲਾ ਸ਼ਿਵ ਕੁਮਾਰ ਨੂੰ ਜਿਸ ਮਜ਼ਦੂਰ ਧਰਨੇ ਦੇ ਕੇਸ ਵਿੱਚ ਗਿ੍ਫ਼ਤਾਰ ਕੀਤਾ ਗਿਆ ਸੀ, ਉਸ ਵਿੱਚ ਉਹ ਸ਼ਾਮਲ ਹੀ ਨਹੀਂ ਸੀ | ਉਹ ਬਿਨਾਂ ਐਨਕ ਤੋਂ ਦੇਖ ਵੀ ਨਹੀਂ ਸਕਦਾ | ਸ਼ਿਵ ਕੁਮਾਰ ਨੇ ਡਾਕਟਰਾਂ ਨੂੰ ਦੱਸਿਆ ਕਿ ਉਸ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਡੰਡਿਆਂ ਨਾਲ ਕੁੱਟਿਆ ਗਿਆ ਤੇ ਤਿੰਨ ਦਿਨ ਤੱਕ ਸੌਣ ਨਹੀਂ ਦਿੱਤਾ ਗਿਆ | ਮੈਡੀਕਲ ਰਿਪੋਰਟ ਵਿੱਚ ਮਾਨਸਿਕ ਤੇ ਸਰੀਰਕ ਤਸੀਹਿਆਂ ਦਾ ਗੰਭੀਰ ਵਰਨਣ ਕੀਤਾ ਗਿਆ ਹੈ |
ਉਕਤ ਸਾਰੀਆਂ ਘਟਨਾਵਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਅਸੀਂ ਪੁਲਸੀਆ ਰਾਜ ਵੱਲ ਵਧ ਰਹੇ ਹਾਂ | ਹਾਕਮਾਂ ਵੱਲੋਂ ਇਸ ਸਮੇਂ ਨਿਆਂ ਪਾਲਿਕਾ ਨੂੰ ਏਨਾ ਲਾਚਾਰ ਬਣਾ ਦਿੱਤਾ ਗਿਆ ਹੈ ਕਿ ਉਹ ਜਦੋਂ ਚਾਹੁੰਣ, ਜਿਸ ਨੂੰ ਚਾਹੁੰਣ, ਉਸ ਦੀ ਸ਼ਰੇਆਮ ਹੱਤਿਆ ਕਰਵਾ ਦੇਣ ਜਾਂ ਲੱਤਾਂ-ਬਾਹਾਂ ਤੁੜਵਾ ਦੇਣ ਤੇ ਨਿਆਂ ਪਾਲਿਕਾ ਮੂਕ ਦਰਸ਼ਕ ਬਣੀ ਰਹੇ ਅਤੇ ਲੋਕ ਉਨ੍ਹਾਂ ਵੱਲੋਂ ਕੀਤੇ ਇਨਸਾਫ਼ ਦਾ ਜਸ਼ਨ ਮਨਾਉਣ ਲਈ ਮਜਬੂਰ ਹੋ ਜਾਣ | ਮੌਜੂਦਾ ਹਾਕਮ ਇੱਕ ਯੋਜਨਾਬੱਧ ਢੰਗ ਨਾਲ ਸਾਨੂੰ ਉਸ ਜਗੀਰੂ ਨਿਜ਼ਾਮ ਵੱਲ ਧੱਕ ਰਹੇ ਹਨ, ਜਿਸ ਵਿੱਚ ਭੀੜ ਹੀ ਫੈਸਲੇ ਕਰਦੀ ਸੀ ਤੇ ਰਾਜੇ ਦੀ ਸਨਕ ਨੂੰ ਹੀ ਇਨਸਾਫ਼ ਮੰਨਿਆ ਜਾਂਦਾ ਸੀ |
ਹੈਦਰਾਬਾਦ ਪੁਲਸ ਮੁਕਾਬਲੇ ਵਿੱਚ 4 ਸ਼ੱਕੀਆਂ ਨੂੰ ਮਾਰ ਕੇ ਪੁਲਸ ਨੇ ਆਪਣੀ ਤਾਂ ਪਿੱਠ ਥਾਪੜ ਲਈ, ਪਰ ਹੋ ਸਕਦਾ ਹੈ ਦੋਸ਼ੀ ਹੋਰ ਹੋਣ ਤੇ ਉਹ ਬੇਫਿਕਰ ਖੱੁਲ੍ਹੇਆਮ ਘੁੰਮ ਰਹੇ ਹੋਣ | ਵਿਕਾਸ ਦੂਬੇ ਤਾਂ ਮਾਰਿਆ ਗਿਆ, ਪਰ ਜਿਹੜੇ ਸਿਆਸਤਦਾਨ ਤੇ ਪੁਲਸ ਵਾਲੇ ਉਸ ਦੇ ਕਾਲੇ ਕਾਰਨਾਮਿਆਂ ਵਿੱਚ ਉਸ ਦਾ ਸਾਥ ਦਿੰਦੇ ਸਨ, ਉਹ ਤਾਂ ਬਚ ਗਏ | ਉਹ ਕੋਈ ਹੋਰ ਵਿਕਾਸ ਦੂਬੇ ਪੈਦਾ ਕਰ ਲੈਣਗੇ |
ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਪੁਲਸ ਸਿਆਸੀ ਆਗੂਆਂ ਦੇ ਇਸ਼ਾਰੇ ਉਤੇ ਕਿਵੇਂ ਕੰਮ ਕਰਦੀ ਹੈ | ਜੇਕਰ ਉਸ ਦੀਆਂ ਵਾਗਾਂ ਖੁੱਲ੍ਹੀਆਂ ਛੱਡ ਦਿੱਤੀਆਂ ਜਾਣ ਤਾਂ ਹਨੇਰਾ ਮਚਾ ਸਕਦੀ ਹੈ, ਜਿਸ ਦੀ ਸ਼ੁਰੂਆਤ ਹੋ ਚੁੱਕੀ ਹੈ |
-ਚੰਦ ਫਤਿਹਪੁਰੀ