Latest News
ਏਟਕ ਵੱਲੋਂ 15 ਨੂੰ ਰੋਸ ਮੁਜ਼ਾਹਰੇ

Published on 06 Mar, 2021 10:52 AM.


ਪਟਿਆਲਾ : ਸ਼ਨੀਵਾਰ ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ 10 ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਮੰਚ ਵੱਲੋਂ ਸੱਦਾ ਦਿੱਤਾ ਗਿਆ ਹੈ ਕਿ 15 ਮਾਰਚ ਨੂੰ ਮੋਦੀ ਸਰਕਾਰ ਵਿਰੁੱਧ ਸਾਰੇ ਦੇਸ਼ ਵਿੱਚ ਰੇਲਵੇ ਸਟੇਸ਼ਨਾਂ ਜਾਂ ਹੋਰ ਮਹੱਤਵਪੂਰਨ ਥਾਵਾਂ ਦੇ ਬਾਹਰ ਜ਼ੋਰਦਾਰ ਮੁਜ਼ਾਹਰੇ ਕਰਕੇ ਮਜ਼ਦੂਰ ਵਿਰੋਧੀ 4 ਲੇਬਰ ਕੋਡਜ਼, ਨਿੱਜੀਕਰਨ, ਪਬਲਿਕ ਸੈਕਟਰ ਵੇਚ ਕੇ ਢਾਈ ਲੱਖ ਕਰੋੜ ਰੁਪਏ ਵੱਟਣ ਦੇ ਐਲਾਨ, ਸਰਕਾਰੀ ਜਾਇਦਾਦਾਂ ਵੇਚਣਾ, ਬੀਮਾ, ਬੈਂਕ, ਡਿਫੈਂਸ, ਕੋਲ ਮਾਈਨਜ, ਏਅਰਲਾਈਨਜ, ਟੈਲੀਕਾਮ, ਰੇਲਵੇ ਆਦਿ ਨੂੰ ਅਪਨਿਵੇਸ਼, ਨਿੱਜੀਕਰਨ ਅਤੇ ਸਿੱਧੇ ਵਿਦੇਸ਼ੀ 100 ਫੀਸਦੀ ਨਿਵੇਸ਼ ਲਈ ਖੋਲ੍ਹਣਾ, ਅਦਾਰੇ ਖਤਮ ਕਰਕੇ, ਕਾਰਪੋਰੇਟਾਂ ਲਈ ਲੁੱਟ ਦੇ ਦਰਵਾਜ਼ੇ ਖੋਲ੍ਹਦੇ ਹੋਏ ਤਿੰਨੇ ਕਾਲੇ ਖੇਤੀ ਵਿਰੋਧੀ ਕਾਨੂੰਨ, ਬਿਜਲੀ ਬਿੱਲ 2020, ਲੋਕ ਸੰਘਰਸ਼ਾਂ ਨੂੰ ਕੁਚਲਣ ਲਈ ਪਾਸ ਕੀਤੇ ਕਾਲੇ ਕਾਨੂੰਨ, ਜਮਹੂਰੀਅਤ ਨੇ ਭਾਰੀ ਖੋਰਾ ਲਾਉਣਾ, ਸੰਵਿਧਾਨਕ ਅਦਾਰਿਆਂ ਨੂੰ ਫਿਰਕੂ ਰੰਗਤ ਦਿੰਦਿਆਂ ਤਾਇਨਾਤੀਆਂ ਅਤੇ ਉਹਨਾਂ ਦੀ ਨਿਰਪੱਖਤਾ ਨੂੰ ਢਾਹ ਲਾਉਣਾ, ਲੱਕ ਤੋੜ ਮਹਿੰਗਾਈ, ਬੇਰੁਜ਼ਗਾਰੀ, ਕੰਟਰੈਕਟ ਸਿਸਟਮ ਰਾਹੀਂ ਮਜ਼ਦੂਰਾਂ ਦੀ ਆਰਥਕ ਲੁੱਟ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਆਦਿ ਵਰਗੇ ਅਨੇਕਾਂ ਮੱੁਦਿਆਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਜਾਵੇਗੀ | ਇਹ ਐਕਸ਼ਨ ਮੁਲਾਜ਼ਮਾਂ, ਮਜ਼ਦੂਰਾਂ, ਕਿਸਾਨਾਂ ਨੌਜਵਾਨਾਂ, ਵਿਦਿਆਰਥੀਆਂ ਦੀ ਏਕਤਾ ਦਾ ਪ੍ਰਗਟਾਵਾ ਅਤੇ ਇਕਮੁੱਠਤਾ ਦੀ ਵਰਤਮਾਨ ਅਤੇ ਭਵਿੱਖ ਦੀ ਵੱਡੀ ਲੋੜ ਨੂੰ ਵੀ ਮਜਬੂਤੀ ਪ੍ਰਦਾਨ ਕਰੇਗਾ, ਕਿਉਂਕਿ ਕਾਰਪੋਰੇਟ ਜਗਤ ਦੀ ਕਠਪੁਤਲੀ ਬਣ ਕੇ ਕੰਮ ਕਰ ਰਹੀ ਮੋਦੀ ਸਰਕਾਰ ਵਲੋਂ ਨਿੱਤ ਨਵੇਂ ਦਿਨ ਨਵੀਆਂ ਚੁਣੌਤੀਆਂ ਮਿਹਨਤਕਸ਼ ਅਤੇ ਛੋਟੇ ਕੰਮ ਧੰਦੇ ਕਰਕੇ ਉਪਜੀਵਕਾ ਚਲਾ ਰਹੇ ਲੋਕਾਂ ਲਈ ਖੜੀਆਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਮੁਕਾਬਲਾ ਮਿਹਨਤਕਸ਼ ਲੋਕਾਂ ਦੀ ਏਕਤਾ ਅਤੇ ਸੰਘਰਸ਼ਾਂ ਨਾਲ ਹੀ ਕੀਤਾ ਜਾ ਸਕਦਾ ਹੈ | ਧਾਲੀਵਾਲ ਅਤੇ ਬਰਾੜ ਨੇ ਪੰਜਾਬ ਏਟਕ ਦੀਆਂ ਸਮੁੱਚੀਆਂ ਸੰਬੰਧਤ ਜਥੇਬੰਦੀਆਂ ਨੂੰ ਜੋਰ ਦੇ ਕੇ ਕਿਹਾ ਕਿ 15 ਮਾਰਚ ਦੇ ਐਕਸ਼ਨ ਦੀਆਂ ਤਿਆਰੀਆਂ ਪੂਰੇ ਜ਼ੋਰ ਨਾਲ ਕੀਤੀਆਂ ਜਾਣ | ਦੂਸਰੀਆਂ ਜਥੇਬੰਦੀਆਂ ਇੰਟਕ, ਐੱਚ.ਐੱਮ ਐੱਸ, ਸੀਟੂ, ਸੀ ਟੀ ਯੂ. ਪੰਜਾਬ, ਏਕਟੂ ਅਤੇ ਹੋਰ ਫੈਡਰੇਸ਼ਨਾਂ, ਐਸੋਸੀਏਸ਼ਨਾਂ ਸਭਨਾਂ ਨਾਲ ਰਾਬਤਾ ਕਾਇਮ ਕਰਕੇ ਅਤੇ ਮੀਟਿੰਗਾਂ ਕਰਕੇ ਸਾਂਝੇ ਤੌਰ ਤੇ ਤਿਆਰੀ ਦੀ ਯੋਜਨਾਬੰਦੀ ਕੀਤੀ ਜਾਵੇ, ਝੰਡੇ ਮਾਟੋ, ਨਾਅਰਿਆਂ ਦੀਆਂ ਤਖਤੀਆਂ, ਬੈਨਰ ਆਦਿ ਬਣਵਾਏ ਜਾਣ | ਲਗਾਤਾਰ ਅਖਬਾਰਾਂ ਅਤੇ ਹੋਰ ਸੰਚਾਰ ਸਾਧਨਾਂ ਰਾਹੀਂ ਪ੍ਰਚਾਰ ਜਾਰੀ ਰੱਖਿਆ ਜਾਵੇ | ਬੈਂਕਾਂ ਦੀ 15-16 ਮਾਰਚ ਦੀ ਦੋ ਰੋਜਾ ਹੜਤਾਲ ਅਤੇ ਬੀਮਾ ਖੇਤਰ ਦੀ 18 ਮਾਰਚ ਦੀ ਹੜਤਾਲ ਦਾ ਪੁਰਜ਼ੋਰ ਸਮਰਥਨ ਵੀ ਕੀਤਾ ਜਾਵੇ |

169 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper