Latest News
ਸੀਨੀਅਰ ਪੱਤਰਕਾਰ ਮੇਜਰ ਸਿੰਘ ਦਾ ਦੇਹਾਂਤ

Published on 06 Mar, 2021 10:53 AM.


ਜਲੰਧਰ (ਇਕਬਾਲ ਸਿੰਘ ਉੱਭੀ, ਸ਼ੈਲੀ ਐਲਬਰਟ)
ਪੰਜਾਬੀ ਪੱਤਰਕਾਰੀ ਹੀ ਨਹੀਂ, ਸਗੋਂ ਸਿਆਸੀ, ਧਾਰਮਕ ਅਤੇ ਸਮਾਜਕ ਖੇਤਰ 'ਚ ਇਹ ਖਬਰ ਬੜੇ ਦੁਖੀ ਮਨ ਨਾਲ ਪੜ੍ਹੀ ਜਾਵੇਗੀ ਕਿ ਪੰਜਾਬੀ ਪੱਤਰਕਾਰੀ ਦੇ ਮਜ਼ਬੂਤ ਥੰਮ੍ਹ ਅਤੇ ਅਦਾਰਾ 'ਅਜੀਤ' ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ (68) ਦਾ ਸ਼ਨੀਵਾਰ ਸਵੇਰੇ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ | ਉਹ ਕੁਝ ਦਿਨਾਂ ਤੋਂ ਬਿਮਾਰ ਸਨ ਤੇ ਸ਼ਹਿਰ ਦੇ ਇਕ  ਨਿੱਜੀ ਹਸਪਤਾਲ 'ਚ ਉਨ੍ਹਾ ਦਾ ਇਲਾਜ ਚੱਲ ਰਿਹਾ ਸੀ | ਉਨ੍ਹਾ ਦੀ ਬੇਵਕਤ ਮੌਤ ਦੀ ਆਈ ਖਬਰ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਤੇ ਉਨ੍ਹਾ ਨਾਲ ਸਾਂਝ ਰੱਖਣ ਵਾਲੇ ਹਰ ਸ਼ਖਸ ਨੂੰ ਉਨ੍ਹਾ ਦੀ ਮੌਤ ਨਾਲ ਡੂੰਘਾ ਸਦਮਾ ਲੱਗਾ | ਕਿਸੇ ਨੂੰ ਵੀ ਉਨ੍ਹਾ ਦੀ ਮੌਤ 'ਤੇ ਯਕੀਨ ਨਹੀਂ ਆ ਰਿਹਾ ਸੀ, ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤੇ ਸਨਿੱਚਰਵਾਰ ਦੀ ਸਵੇਰ ਸਾਡੇ ਕੋਲੋਂ ਇਕ ਅਜਿਹੇ ਸੂਝਵਾਨ ਅਤੇ ਤਜਰਬੇਕਾਰ ਪੱਤਰਕਾਰ ਨੂੰ ਖੋਹ ਕੇ ਲੈ ਗਈ, ਜਿਸ ਨੇ ਆਖਰੀ ਸਾਹ ਤੱਕ ਪੰਜਾਬੀ ਪੱਤਰਕਾਰੀ ਨਾਲ ਵਫਾ ਕਰਦਿਆਂ ਆਪਣੀ ਨਿਰਪੱਖ, ਨਿਡਰ ਅਤੇ ਬੇਬਾਕ ਪੱਤਰਕਾਰੀ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਦਹਾਕਿਆਂ ਤੱਕ ਸੇਵਾ ਕੀਤੀ | ਉਨ੍ਹਾ ਦਾ ਜਨਮ ਜ਼ਿਲ੍ਹਾ ਮਾਨਸਾ ਦੇ ਪਿੰਡ ਦਰਿਆਪੁਰ ਵਿਖੇ ਹੋਇਆ | ਪਰਵਾਰ 'ਚ ਉਨ੍ਹਾਂ ਦੇ ਤਿੰਨ ਬੇਟਿਆਂ ਪ੍ਰਤੀਕ ਸਿੰਘ, ਪੁਨੀਤਪਾਲ ਸਿੰਘ ਤੇ ਤਨਵੀਰ ਸਿੰਘ ਤੋਂ ਇਲਾਵਾ ਹੋਰ ਪਰਵਾਰਕ ਮੈਂਬਰ ਹਨ | ਉੁਨ੍ਹਾ ਦੀ ਬੇਵਕਤ ਮੌਤ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ (ਡੀ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, 'ਨਵਾਂ ਜ਼ਮਾਨਾ' ਦੇ ਸੰਪਾਦਕ ਚੰਦ ਫਤਿਹਪੁਰੀ, ਸੀਨੀਅਰ ਪੱਤਰਕਾਰ ਜਤਿੰਦਰ ਪਨੂੰ, 'ਨਵਾਂ ਜ਼ਮਾਨਾ' ਦੀ ਸੰਚਾਲਕ ਸੰਸਥਾ ਅਰਜਨ ਸਿੰਘ ਗੜਗੱਜ ਫਾਊਾਡੇਸ਼ਨ ਦੇ ਸਕੱਤਰ ਗੁਰਮੀਤ ਸਿੰਘ ਸ਼ੁਗਲੀ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ, ਐਡਵੋਕੇਟ ਰਜਿੰਦਰ ਮੰਡ ਸਮੇਤ ਹੋਰਨਾਂ ਪ੍ਰਮੁੱਖ ਆਗੂਆਂ ਨੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪਰਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ | ਮੇਜਰ ਸਿੰਘ ਦਾ ਅੰਤਮ ਸੰਸਕਾਰ ਬਾਅਦ ਦੁਪਹਿਰ ਮਾਡਲ ਟਾਊਨ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ | ਇਸ ਮੌਕੇ ਰੋਜ਼ਾਨਾ 'ਅਜੀਤ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ, ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਉੱਤਮ ਹਿੰਦੂ ਦੇ ਮੁੱਖ ਸੰਪਾਦਕ ਇਰਵਿਨ ਖੰਨਾ, ਰਮੇਸ਼ ਮਿੱਤਲ ਚੇਅਰਮੈਨ ਲਵਲੀ ਗਰੁੱਪ, ਤੇਜਿੰਦਰ ਸਿੰਘ ਬਿੱਟੂ ਚੇਅਰਮੈਨ ਪਨਸਪ, ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ, ਵਿਧਾਇਕ ਰਜਿੰਦਰ ਬੇਰੀ, ਵਿਧਾਇਕ ਪ੍ਰਗਟ ਸਿੰਘ, ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ ਪੀ, ਆਪ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਜੈ ਕਿਸ਼ਨ ਸਿੰਘ ਰੋੜੀ, ਗੋਲਡਨ ਸਟਾਰ ਮਲਕੀਤ ਸਿੰਘ, ਦਲਵਿੰਦਰ ਦਿਆਲਪੁਰੀ, ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਪਰਮਵੀਰ ਸਿੰਘ ਤੇ ਹਰਪ੍ਰੀਤ ਸਿੰਘ ਵਿੱਕਾ ਡਾਇਰੈਕਟਰ ਸਰਬ ਮਲਟੀਪਲੈਕਸ), ਗੁਰਚਰਨ ਸਿੰਘ ਚੰਨੀ, ਅਮਰਜੀਤ ਸਿੰਘ ਅਮਰੀ, ਡਾ. ਨਵਜੋਤ ਸਿੰਘ ਦਾਹੀਆ, ਸਤਨਾਮ ਸਿੰਘ ਮਾਣਕ ਕਾਰਜਕਾਰੀ ਸੰਪਾਦਕ, ਨਿਊਜ਼ ਐਡੀਟਰ ਅਵਤਾਰ ਸਿੰਘ ਸ਼ੇਰਗਿੱਲ, ਹਾਕਮ ਥਾਪਰ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ, ਸਵਰਨ ਸਿੰਘ ਟਹਿਣਾ, ਜੇ ਐੱਸ ਸੋਢੀ, ਮਨਜੀਤ ਸਿੰਘ ਬਿਜਲੀ ਬੋਰਡ, ਮੱਖਣ ਮਾਨ, ਇੰਜ. ਭਗਵਾਨ ਸਿੰਘ ਲੁਬਾਣਾ, ਦੇਸ ਰਾਜ ਕਾਲੀ, ਲਾਭ ਸਿੰਘ ਸਿੱਧੂ, ਪਾਲ ਸਿੰਘ ਨੌਲੀ ਸਮੇਤ ਹੋਰਨਾਂ ਰਾਜਸੀ, ਧਾਰਮਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਸਾਹਿਤਕ ਅਤੇ ਪੱਤਰਕਾਰੀ ਖੇਤਰ ਨਾਲ ਸੰਬੰਧਤ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ |

192 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper