Latest News
ਆਈ ਟੀ ਛਾਪਿਆਂ 'ਤੇ ਤਾਪਸੀ ਪਨੂੰ ਨੇ ਤੋੜੀ ਚੁੱਪੀ

Published on 06 Mar, 2021 10:54 AM.


ਨਵੀਂ ਦਿੱਲੀ : ਫਿਲਮ ਨਿਰਮਾਤਾ ਅਨੁਰਾਗ ਕਸ਼ਯਪ, ਉਨ੍ਹਾ ਦੇ ਸਹਿਯੋਗੀਆਂ ਅਤੇ ਅਭਿਨੇਤਰੀ ਤਾਪਸੀ ਪਨੂੰ ਦੇ ਪਰਵਾਰਾਂ 'ਤੇ ਅਮਦਨ ਕਰ ਵਿਭਾਗ ਨੇ ਛਾਪੇ ਮਾਰੇ ਅਤੇ ਉਨ੍ਹਾਂ ਤੋਂ ਪੁੱਛਗਿੱਛ ਵੀ ਕੀਤੀ | ਅਮਦਨ ਕਰ ਵਿਭਾਗ ਨੇ ਬਾਲੀਵੁੱਡ ਹਸਤੀਆਂ ਨਾਲ ਜੁੜੇ ਇਸ ਮਾਮਲੇ 'ਚ ਮੁੰਬਈ, ਪੁਣੇ, ਦਿੱਲੀ ਅਤੇ ਹੈਦਰਾਬਾਦ 'ਚ ਤਲਾਸ਼ੀ ਅਭਿਆਨ ਕੀਤਾ | ਅਮਦਨ ਕਰ ਵਿਭਾਗ ਦੀ ਇਸ ਕਾਰਵਾਈ 'ਤੇ ਤਾਪਸੀ ਨੇ ਟਵੀਟ ਕੀਤਾ ਅਤੇ ਉਨ੍ਹਾਂ ਛਾਪਿਆਂ ਨਾਲ ਜੁੜੀਆਂ ਤਿੰਨ ਚੀਜ਼ਾਂ ਦਾ ਜ਼ਿਕਰ ਕੀਤਾ ਹੈ | ਤਾਪਸੀ ਨੇ ਟਵੀਟ ਕਰਕੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਪੈਰਿਸ 'ਚ ਉਸ ਦੇ ਨਾਂਅ 'ਤੇ ਨਾ ਤਾਂ ਕੋਈ ਬੰਗਲਾ ਹੈ ਅਤੇ ਨਾ ਹੀ 5 ਕਰੋੜ ਦੇ ਭੁਗਤਾਨ ਦੀ ਕੋਈ ਰਸੀਦ ਹੈ | ਅਭਿਨੇਤਰੀ ਨੇ ਨਾਲ ਹੀ ਵਿੱਤ ਮੰਤਰੀ ਦੇ ਦੋਸ਼ਾਂ ਦਾ ਵੀ ਜਵਾਬ ਦਿੱਤਾ ਅਤੇ ਕਿਹਾ ਕਿ ਹੁਣ ਉਹ ਏਨੀ ਸਸਤੀ ਨਹੀਂ ਹੈ | ਤਾਪਸੀ ਨੇ ਸਿਲਸਿਲੇਵਾਰ ਤਰੀਕੇ ਨਾਲ ਤਿੰਨ ਟਵੀਟ ਕੀਤੇ ਅਤੇ ਛਾਪਿਆਂ ਨਾਲ ਜੁੜੀਆਂ ਤਿੰਨ ਚੀਜਾਂ ਦਾ ਜਿਕਰ ਕੀਤਾ | ਤਾਪਸੀ ਨੇ ਪਹਿਲੇ ਟਵੀਟ 'ਚ ਲਿਖਿਆ, ਮੁੱਖ ਰੂਪ 'ਚ ਤਿੰਨ ਚੀਜ਼ਾਂ ਦੀ ਤਿੰਨ ਦਿਨ ਤੱਕ ਡੂੰਘੀ ਖੋਜਬੀਨ ਕੀਤੀ ਗਈ | 'ਕਥਿਤ' ਬੰਗਲੇ ਦੀ ਚਾਬੀ ਜੋ ਪੈਰਿਸ 'ਚ ਹੈ, ਕਿਉਂਕਿ ਮੈਂ ਗਰਮੀਆਂ ਦੀਆਂ ਛੁੱਟੀਆਂ ਉਥੇ ਮਨਾਉਂਦੀ ਹਾਂ | ਆਪਣੇ ਦੂਜੇ ਟਵੀਟ 'ਚ ਤਾਪਸੀ ਨੇ ਲਿਖਿਆ, 'ਕਥਿਤ ਪੰਜ ਕਰੋੜ ਰੁਪਏ ਦੀ ਰਸੀਦ ਜੋ ਭਵਿੱਖ ਲਈ ਹੈ |' ਅਧਿਕਾਰੀਆਂ ਦੇ ਹਵਾਲੇ ਤੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਤਾਪਸੀ ਪਨੂੰ ਨੂੰ ਪੰਜ ਕਰੋੜ ਦਾ ਨਗਦ ਭੁਗਤਾਨ ਕੀਤਾ ਗਿਆ ਸੀ ਅਤੇ ਉਸ ਦੀ ਰਸੀਦ ਉਸ ਦੇ ਘਰੋਂ ਮਿਲੀ ਹੈ | ਤੀਜੇ ਟਵੀਟ 'ਚ ਤਾਪਸੀ ਨੇ ਲਿਖਿਆ, 'ਵਿੱਤ ਮੰਤਰੀ ਅਨੁਸਾਰ 2013 'ਚ ਮੇਰੇ ਇੱਥੇ ਛਾਪਾ ਪਿਆ ਸੀ | ਹੁਣ ਮੈਂ ਏਨੀ ਸਸਤੀ ਨਹੀਂ ਹਾਂ |'

180 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper