ਸੰਗਰੂਰ (ਪ੍ਰਵੀਨ ਸਿੰਘ)-ਵਿਵੇਕਸ਼ੀਲ ਸੋਨੀ ਆਈ ਪੀ ਐੱਸ (ਐੱਸ ਐੱਸ ਪੀ) ਸੰਗਰੂਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਗੌੜੇ ਅੰਤਰਰਾਸ਼ਟਰੀ ਪੇਸ਼ਾਵਰ ਸੁਪਾਰੀ ਕਿਲਰਜ਼ ਜਗਦੀਪ ਸਿੰਘ ਕਾਕਾ ਤੇ ਸੁਖਦੀਨ ਸਿੰਘ ਟੋਨੀ ਨੂੰ ਇੱਕ ਹੋਰ ਸਾਥੀ ਸਾਗਰ ਪਵਾਰ ਸਣੇ ਚਾਰ ਪਿਸਤੌਲ ਅਤੇ 6 ਕਾਰਤੂਸਾਂ ਸਮੇਤ ਕਾਬੂ ਕੀਤਾ ਗਿਆ | ਸੋਨੀ ਦੇ ਦੱਸਣ ਮੁਤਾਬਕ ਗੈਂਗਸਟਰ ਅਬਦੁਲ ਰਸ਼ੀਦ ਉਰਫ ਘੁੱਦੂ ਦਾ ਸਾਲ 2019 ਵਿੱਚ ਕਤਲ ਕਰ ਦਿੱਤਾ ਗਿਆ ਸੀ | ਉਸ ਕਤਲ ਵਿੱਚ ਇਹ ਸੁਪਾਰੀ ਕਿਲਰਜ਼ ਜਗਦੀਪ ਸਿੰਘ ਉਰਫ ਕਾਕਾ, ਸੁਖਦੀਨ ਸਿੰਘ ਟੋਨੀ ਅਤੇ ਸਾਗਰ ਪਵਾਰ ਨੂੰ ਐਤਵਾਰ ਸੰਗਰੂਰ ਪੁਲਸ ਨੇ ਅਸਲੇ ਸਮੇਤ ਕਾਬੂ ਕਰ ਲਿਆ | ਇਹ ਗੈਂਗ ਉਸ ਸਮੇਂ ਤੋਂ ਭਗੌੜਾ ਸੀ ਅਤੇ ਘੁੱਦੂ ਦੇ ਕਤਲ ਕੇਸ ਵਿੱਚ ਇਹ ਮੁੱਖ ਸ਼ੂਟਰ ਸਨ | ਇਹਨਾਂ ਖਿਲਾਫ ਥਾਣਾ ਸਿਟੀ-1 ਮਾਲੇਰਕੋਟਲਾ ਵਿਖੇ ਵੀ ਮੁਕੱਦਮਾ ਦਰਜ ਹੈ |
ਸੋਨੀ ਦੇ ਦੱਸਣ ਮੁਤਾਬਕ ਜਗਦੀਪ ਉਰਫ ਕਾਕਾ, ਸੁਖਦੀਨ ਉਰਫ ਟੋਨੀ ਗੈਂਗ ਨੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਮੇਰਠ ਵਿੱਚ ਜਿੰਮ ਕੋਚ ਪਰਮਿੰਦਰ ਸਿੰਘ ਨੂੰ 5 ਮਹੀਨੇ ਪਹਿਲਾਂ ਗੋਲੀਆਂ ਮਾਰ ਕੇ ਕਤਲ ਕਰ ਦੇਣਾ ਵੀ ਮੰਨਿਆ ਹੈ | ਉਹਨਾ ਦੱਸਿਆ ਕਿ ਐੱਸ ਪੀ (ਡੀ) ਗੁਰਪ੍ਰੀਤ ਸਿੰਘ, ਡੀ ਐੱਸ ਪੀ ਦਲਵੀਰ ਸਿੰਘ ਗਰੇਵਾਲ ਦੀ ਅਗਵਾਈ ਹੇਠ ਏ ਐੱਸ ਆਈ ਜਸਵਿੰਦਰ ਸਿੰਘ ਅਤੇ ਪਾਰਟੀ ਨੂੰ ਮੁਖਬਰੀ ਮਿਲਣ 'ਤੇ ਭਵਾਨੀਗੜ੍ਹ ਮੇਨ ਰੋਡ ਨਹਿਰ ਥੰਮਣ ਸਿੰਘ ਵਾਲਾ ਵਿਖੇ ਨਾਕਾ ਲਾ ਕੇ ਦੋਸ਼ੀਆਂ ਨੂੰ ਫਾਰਚੂਨਰ ਗੱਡੀ ਸਮੇਤ ਕਾਬੂ ਕੀਤਾ |
ਇਹਨਾਂ ਦੇ ਕਬਜ਼ੇ ਵਿੱਚੋਂ ਚਾਰ ਦੇਸੀ ਪਿਸਤੌਲ ਤੇ 6 ਜ਼ਿੰਦਾ ਕਾਰਤੂਸ ਬਰਾਮਦ ਹੋਏ | ਇਹਨਾਂ ਮੰਨਿਆ ਕਿ ਉਹ ਫਰਾਰੀ ਦੌਰਾਨ ਵਿਦੇਸ਼ਾਂ ਵਿੱਚ ਲੁਕੇ ਹੋਏ ਭਗੌੜੇ ਗੈਂਗਸਟਰਾਂ ਅਤੇ ਪੰਜਾਬ, ਉਤਰਾਖੰਡ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿਚਲੇ ਸੰਗੀਨ ਪੇਸ਼ਾਵਰ ਅਪਰਾਧੀਆਂ ਨਾਲ ਆਪਣਾ ਕਰੀਮੀਨਲ ਨੈੱਟਵਰਕ ਸਥਾਪਤ ਕਰਕੇ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ |