Latest News
ਕਿਸਾਨ ਅੰਦੋਲਨ ਦੇ ਵਧਦੇ ਕਦਮ

Published on 12 Mar, 2021 09:56 AM.

ਖੇਤੀ ਕਾਨੂੰਨਾਂ ਵਿਰੁੱਧ ਸ਼ੁਰੂ ਹੋਇਆ ਕਿਸਾਨ ਅੰਦੋਲਨ ਲਗਾਤਾਰ ਉਚਾਈਆਂ ਛੂੰਹਦਾ ਅੱਗੇ ਵਧ ਰਿਹਾ ਹੈ | ਪਿਛਲੇ ਜੂਨ ਮਹੀਨੇ ਵਿੱਚ ਪੰਜਾਬ ਤੋਂ ਸ਼ੁਰੂ ਹੋਇਆ ਇਹ ਅੰਦੋਲਨ ਇਸ ਸਮੇਂ ਦੇਸ਼ ਦੇ ਸਮੁੱਚੇ ਕਿਸਾਨ ਜਗਤ ਵਿੱਚ ਫੈਲ ਚੁੱਕਾ ਹੈ | ਹਰਿਆਣਾ, ਪੰਜਾਬ, ਰਾਜਸਥਾਨ ਤੇ ਉੱਤਰ ਪੱਛਮੀ ਯੂ ਪੀ ਤੋਂ ਸ਼ੁਰੂ ਹੋਏ ਕਿਸਾਨ ਮਹਾਂਪੰਚਾਇਤਾਂ ਦੇ ਸਿਲਸਲੇ ਨੇ ਮੱਧ ਪ੍ਰਦੇਸ਼, ਕਰਨਾਟਕ, ਉਤਰਾਖੰਡ, ਤੇਲੰਗਾਨਾ ਤੇ ਬਿਹਾਰ ਤੱਕ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ | ਇਨ੍ਹਾਂ ਮਹਾਂ-ਪੰਚਾਇਤਾਂ ਨੇ ਭਾਈਚਾਰਕ ਏਕਤਾ ਦੀ ਅਜਿਹੀ ਬੁਨਿਆਦ ਰੱਖ ਦਿੱਤੀ ਹੈ, ਜਿਸ ਨਾਲ ਤਾਨਾਸ਼ਾਹ ਹਾਕਮਾਂ ਦੀਆਂ ਫ਼ਿਰਕੂ ਤੇ ਵੰਡਪਾਊ ਕੁਚਾਲਾਂ ਤਹਿਸ-ਨਹਿਸ ਹੋ ਗਈਆਂ ਹਨ | ਇਨ੍ਹਾਂ ਮਹਾਂਪੰਚਾਇਤਾਂ ਵਿੱਚ ਲੋਕ ਧਾਰਮਿਕ ਤੇ ਜਾਤੀਆਂ ਦੇ ਵਖਰੇਵਿਆਂ ਨੂੰ ਭੁਲਾ ਕੇ ਮੋਢੇ ਨਾਲ ਮੋਢਾ ਜੋੜ ਕੇ ਲੱਖਾਂ ਦੀ ਗਿਣਤੀ ਵਿੱਚ ਪਹੁੰਚ ਰਹੇ ਹਨ |
ਸੂਝਵਾਨ ਆਗੂਆਂ ਦੀ ਅਗਵਾਈ ਵਿੱਚ ਦਿੱਲੀ ਦੀਆਂ ਬਰੂਹਾਂ 'ਤੇ ਚੱਲ ਰਿਹਾ ਕਿਸਾਨ ਅੰਦੋਲਨ ਹੋਰ ਕਿਰਤੀ ਸਮੂਹਾਂ ਲਈ ਵੀ ਚਾਨਣ ਮੁਨਾਰੇ ਦਾ ਕੰਮ ਕਰ ਰਿਹਾ ਹੈ | ਅੰਦੋਲਨਕਾਰੀ ਜਥੇਬੰਦੀਆਂ ਨੇ ਇਸ ਦਾ ਘੇਰਾ ਹੋਰ ਵਿਸ਼ਾਲ ਕਰਨ ਲਈ 1 ਮਾਰਚ ਨੂੰ ਮਜ਼ਦੂਰਾਂ ਦੀਆਂ 10 ਕੌਮੀ ਜਥੇਬੰਦੀਆਂ ਨਾਲ ਸਾਂਝੀ ਮੀਟਿੰਗ ਕੀਤੀ ਸੀ | ਯਾਦ ਰਹੇ ਕਿ ਹਕੂਮਤ ਨੇ ਜਿਸ ਦਿਨ ਖੇਤੀ ਸੰਬੰਧੀ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਸਨ, ਉਸ ਤੋਂ ਅਗਲੇ ਹੀ ਦਿਨ ਤਿੰਨ ਲੇਬਰ ਕੋਡ ਵੀ ਸੰਸਦ ਵਿੱਚ ਪਾਸ ਕਰਾਏ ਸਨ | ਇੱਕ ਲੇਬਰ ਕੋਡ ਪਹਿਲਾਂ ਹੀ 2019 ਦੇ ਅਖੀਰ ਵਿੱਚ ਪਾਸ ਕਰਾ ਲਿਆ ਗਿਆ ਸੀ | ਇਨ੍ਹਾਂ ਲੇਬਰ ਕੋਡਾਂ ਦੇ ਅਪ੍ਰੈਲ ਤੋਂ ਲਾਗੂ ਹੋ ਜਾਣ ਤੋਂ ਬਾਅਦ ਮਜ਼ਦੂਰਾਂ ਵੱਲੋਂ ਲੰਮੀ ਜੱਦੋਜਹਿਦ ਨਾਲ ਪਾਸ ਕਰਾਏ 44 ਕਿਰਤ ਕਾਨੂੰਨਾਂ ਦਾ ਵਜੂਦ ਖ਼ਤਮ ਹੋ ਜਾਵੇਗਾ | ਇਹ ਨਵੇਂ ਕਿਰਤ ਕਾਨੂੰਨ ਖੇਤੀ ਸੰਬੰਧੀ ਕਾਲੇ ਕਾਨੂੰਨਾਂ ਨਾਲੋਂ ਵੀ ਵੱਧ ਖ਼ਤਰਨਾਕ ਹਨ | ਇਹ ਕਾਨੂੰਨ ਮਜ਼ਦੂਰਾਂ ਨੂੰ ਬੰਧੂਆ ਮਜ਼ਦੂਰ ਬਣਾ ਦੇਣਗੇ | ਉਨ੍ਹਾਂ ਦੀਆਂ ਪੱਕੀਆਂ ਨੌਕਰੀਆਂ ਖ਼ਤਮ ਹੋ ਜਾਣਗੀਆਂ ਤੇ ਮਜ਼ਦੂਰਾਂ ਤੋਂ ਯੂਨੀਅਨ ਦਾ ਅਧਿਕਾਰ ਖੁਸ ਜਾਵੇਗਾ | ਮਾਲਕਾਂ ਤੇ ਮਜ਼ਦੂਰਾਂ ਵਿਚਲੇ ਝਗੜਿਆਂ ਦੇ ਨਿਪਟਾਰੇ ਲਈ ਬਣੇ ਕਿਰਤ ਵਿਭਾਗ ਖ਼ਤਮ ਹੋ ਜਾਣਗੇ | ਇਸ ਸਭ ਕੁਝ ਦੇ ਬਾਵਜੂਦ ਮਜ਼ਦੂਰ ਯੂਨੀਅਨਾਂ ਕਿਸਾਨ ਜਥੇਬੰਦੀਆਂ ਵਾਂਗ ਇਨ੍ਹਾਂ ਗੁਲਾਮੀ ਦੇ ਦਸਤਾਵੇਜ਼ ਕਾਨੂੰਨਾਂ ਵਿਰੁੱਧ ਇੱਕ ਵੱਡਾ ਅੰਦੋਲਨ ਖੜ੍ਹਾ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀਆਂ |
ਹੁਣ ਕਿਸਾਨ ਜਥੇਬੰਦੀਆਂ ਨੇ ਇਸ ਸੰਬੰਧੀ ਸਰਗਰਮ ਭੂਮਿਕਾ ਨਿਭਾਉਣ ਦਾ ਫ਼ੈਸਲਾ ਲਿਆ ਹੈ | ਉਨ੍ਹਾਂ ਵੱਖ-ਵੱਖ ਕਿਰਤੀ ਧਿਰਾਂ ਨੂੰ ਇੱਕ ਲੜੀ ਵਿੱਚ ਪਰੋਣ ਲਈ 17 ਮਾਰਚ ਨੂੰ ਸਭ ਮਜ਼ਦੂਰ ਜਥੇਬੰਦੀਆਂ ਦੀ ਇੱਕ ਮੀਟਿੰਗ ਬੁਲਾਈ ਹੈ | ਇਹੋ ਨਹੀਂ ਪੌਟਰੋਲੀਅਮ ਪਦਾਰਥਾਂ ਦੀਆਂ ਵਧੀਆਂ ਕੀਮਤਾਂ ਤੋਂ ਪੀੜਤ ਮੱਧਵਰਗ ਨਾਲ ਸੰਬੰਧਤ ਟਰਾਂਸਪੋਰਟਰਾਂ, ਵਪਾਰ ਮੰਡਲਾਂ ਤੇ ਮੁਲਾਜ਼ਮ ਜਥੇਬੰਦੀਆਂ ਨੂੰ ਵੀ ਇਸ ਸਾਂਝੀ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ | ਇਨ੍ਹਾਂ ਜਥੇਬੰਦੀਆਂ ਨੇ ਭਾਜਪਾ ਸਰਕਾਰ ਵੱਲੋਂ ਕੌਮੀ ਜਾਇਦਾਦਾਂ ਨੂੰ ਵੇਚਣ ਦੇ ਮੁੱਦੇ ਨੂੰ ਵੀ ਆਪਣੇ ਸੰਘਰਸ਼ ਦੇ ਏਜੰਡੇ ਵਿੱਚ ਸ਼ਾਮਲ ਕਰ ਲਿਆ ਹੈ | ਫੈਸਲਾ ਕੀਤਾ ਗਿਆ ਹੈ ਕਿ 15 ਮਾਰਚ ਨੂੰ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਵਿਰੁੱਧ ਜ਼ਿਲ੍ਹਾ ਤੇ ਤਹਿਸੀਲ ਪੱਧਰਾਂ ਉੱਤੇ ਮੁਜ਼ਾਹਰੇ ਕਰਕੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਜਾਣਗੇ | ਇਸੇ ਦਿਨ ਹੀ ਦੇਸ਼ ਦੇ ਸਾਰੇ ਰੇਲਵੇ ਸਟੇਸ਼ਨਾਂ ਉੱਤੇ ਨਿੱਜੀਕਰਨ ਵਿਰੁੱਧ ਧਰਨੇ ਦਿੱਤੇ ਜਾਣਗੇ | ਇਨ੍ਹਾਂ ਧਰਨਿਆਂ ਵਿੱਚ ਰੇਲਵੇ ਤੇ ਹੋਰ ਅਦਾਰਿਆਂ ਦੇ ਮੁਲਾਜ਼ਮ ਤੇ ਮਜ਼ਦੂਰ ਵੀ ਸ਼ਾਮਲ ਹੋਣਗੇ | ਇਸ ਮੁਹਿੰਮ ਦਾ ਸਿਖਰ 26 ਮਾਰਚ ਨੂੰ ਮੁਕੰਮਲ ਭਾਰਤ ਬੰਦ ਹੋਵੇਗਾ, ਜਿਸ ਦਿਨ ਦਿੱਲੀ ਵਿਖੇ ਸ਼ੁਰੂ ਹੋਏ ਕਿਸਾਨ ਅੰਦੋਲਨ ਨੂੰ 4 ਮਹੀਨੇ ਹੋ ਜਾਣਗੇ | ਇਸ ਤੋਂ ਪਹਿਲਾਂ ਬੰਦ ਦੀ ਤਿਆਰੀ ਵਜੋਂ 19 ਮਾਰਚ ਨੂੰ ਮੁਜ਼ਾਰਾ ਲਹਿਰ ਦੇ ਦਿਨ ਵਜੋਂ ਮਨਾਉਦਿਆਂ ਦੇਸ਼ ਭਰ ਦੀਆਂ ਮੰਡੀਆਂ ਵਿੱਚ ਖੇਤੀ ਬਚਾਓ ਪ੍ਰੋਗਰਾਮ ਅਧੀਨ ਮੁਜ਼ਾਹਰੇ ਕੀਤੇ ਜਾਣਗੇ | 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਉਤੇ ਨੌਜਵਾਨਾਂ ਨੂੰ ਲਾਮਬੰਦ ਕਰਕੇ ਅੰਦੋਲਨ ਦਾ ਹਿੱਸਾ ਬਣਾਇਆ ਜਾਵੇਗਾ | ਵੱਖ-ਵੱਖ ਸੂਬਿਆਂ ਦੀਆਂ ਕਿਸਾਨ ਜਥੇਬੰਦੀਆਂ ਨੇ ਵੀ ਭਾਰਤ ਬੰਦ ਦੀ ਸਫ਼ਲਤਾ ਲਈ ਪ੍ਰੋਗਰਾਮ ਉਲੀਕ ਲਏ ਹਨ | ਉਤਰਾਖੰਡ ਵਿੱਚੋਂ ਸ਼ੁਰੂ ਹੋਈ ਕਿਸਾਨ-ਮਜ਼ਦੂਰ ਜਾਗ੍ਰਤੀ ਯਾਤਰਾ ਲਗਾਤਾਰ ਜਾਰੀ ਹੈ | ਬਿਹਾਰ ਵਿੱਚ 11 ਮਾਰਚ ਤੋਂ ਸ਼ੁਰੂ ਹੋਈਆਂ ਕਿਸਾਨ ਯਾਤਰਾਵਾਂ 18 ਮਾਰਚ ਨੂੰ ਸੰਪੂਰਨ ਕਰਾਂਤੀ ਦਿਵਸ ਮੌਕੇ ਪਟਨਾ ਪੁੱਜਣਗੀਆਂ ਤੇ ਲੱਖਾਂ ਕਿਸਾਨਾਂ ਵੱਲੋਂ ਵਿਧਾਨ ਸਭਾ ਦਾ ਘਿਰਾਓ ਕੀਤਾ ਜਾਵੇਗਾ |
ਕਿਸਾਨ ਮੋਰਚੇ ਨੇ ਭਾਜਪਾ ਦੇ ਹੰਕਾਰ ਨੂੰ ਤੋੜਨ ਲਈ ਪੰਜ ਰਾਜਾਂ ਦੀਆਂ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਭਾਜਪਾ ਨੂੰ ਵੋਟ ਨਾ ਪਾਉਣ | ਭਾਜਪਾ ਵਿਰੋਧੀ ਇਸ ਮੁਹਿੰਮ ਦੀ ਸਫ਼ਲਤਾ ਲਈ ਕਿਸਾਨ ਆਗੂਆਂ ਨੇ ਇਨ੍ਹਾਂ ਰਾਜਾਂ ਵਿੱਚ 12 ਰੈਲੀਆਂ ਕਰਨ ਦਾ ਫ਼ੈਸਲਾ ਲਿਆ ਹੈ | ਕਿਸਾਨ ਆਗੂਆਂ ਦੀਆਂ ਟੀਮਾਂ ਨੇ ਪੱਛਮੀ ਬੰਗਾਲ ਵਿੱਚ ਪੁੱਜ ਕੇ ਆਪਣਾ ਪ੍ਰਚਾਰ ਅਰੰਭ ਦਿੱਤਾ ਹੈ | ਦੋ ਮਹਾਂ-ਪੰਚਾਇਤਾਂ ਹੋ ਚੁੱਕੀਆਂ ਹਨ ਤੇ ਅਗਲੇ ਦੋ ਦਿਨਾਂ ਦੌਰਾਨ ਹੋਰ 4 ਮਹਾਂ-ਪੰਚਾਇਤਾਂ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ | ਇਸ ਦੇ ਨਾਲ ਹੀ ਦੂਜੇ ਸੂਬਿਆਂ ਵਿੱਚ ਜਾਣ ਦਾ ਵੀ ਪ੍ਰੋਗਰਾਮ ਬਣਾਇਆ ਜਾਵੇਗਾ |
-ਚੰਦ ਫਤਿਹਪੁਰੀ

851 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper