ਮਾਛੀਵਾੜਾ ਸਾਹਿਬ (ਸ਼ੈਂਕੀ ਸ਼ਰਮਾ, ਜਗਦੀਸ਼ ਰਾਏ)–ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਨਕਾਣਾ ਸਾਕਾ ਦੀ 100ਵੀਂ ਵਰ੍ਹੇਗੰਢ ਮਨਾਈ ਗਈ, ਜਿਸ ਸਬੰਧੀ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ | ਗੁਰਦੁਆਰਾ ਸਾਹਿਬ ਦੇ ਮੈਨੇਜਰ ਸਰਬਦਿਆਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਦਰਬਾਰ ਸਾਹਿਬ ਅੰਮਿ੍ਤਸਰ ਦੇ ਹਜ਼ੂਰੀ ਰਾਗੀ ਭਾਈ ਹਰਦੀਪ ਸਿੰਘ ਦੇ ਜੱਥੇ ਤੋਂ ਇਲਾਵਾ ਭਾਈ ਜਸਦੇਵ ਸਿੰਘ, ਭਾਈ ਅਮਨਦੀਪ ਸਿੰਘ ਵੱਲੋਂ ਵੀ ਰਸਭਿੰਨਾ ਕੀਰਤਨ ਕੀਤਾ ਗਿਆ | ਭਾਈ ਜਸਪਾਲ ਸਿੰਘ ਦੇ ਢਾਡੀ ਜਥੇ ਵੱਲੋਂ ਵਾਰ੍ਹਾਂ ਦਾ ਗਾਇਨ ਕੀਤਾ ਗਿਆ | ਗੁਰੂ ਘਰ ਦੇ ਹਜ਼ੂਰੀ ਕਥਾਵਾਚਕ ਭਾਈ ਇਕਨਾਮ ਸਿੰਘ ਤੋਂ ਇਲਾਵਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਬਚਿੱਤਰ ਸਿੰਘ ਤੇ ਭਾਈ ਮਨਜੀਤ ਸਿੰਘ ਪ੍ਰਚਾਰਕ ਵੱਲੋਂ ਵੀ ਸੰਗਤਾਂ ਨੂੰ ਨਨਕਾਣਾ ਸਾਕੇ ਦਾ ਇਤਿਹਾਸ ਸਰਵਣ ਕਰਵਾਇਆ ਗਿਆ | ਸੀਨੀਅਰ ਅਕਾਲੀ ਆਗੂ ਹਰਜਤਿੰਦਰ ਸਿੰਘ ਪਵਾਤ ਨੇ ਵੀ ਨਨਕਾਣਾ ਸਾਕੇ ਨਾਲ ਸਬੰਧਤ ਘਟਨਾਵਾਂ ਦਾ ਜ਼ਿਕਰ ਕਰਦਿਆਂ ਸ਼ਹੀਦ ਹੋਏ ਸਿੰਘਾਂ ਨੂੰ ਸ਼ਰਧਾਂਜਲੀ ਦਿੱਤੀ | ਬਾਅਦ ਦੁਪਹਿਰ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਗੁਰਮੁਖ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਇਸ ਮੌਕੇ ਸ਼ੋ੍ਰਮਣੀ ਕਮੇਟੀ ਮੈਂਬਰ ਰਣਜੀਤ ਸਿੰਘ ਮੰਗਲੀ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਬਾਬਾ ਮੋਹਣ ਸਿੰਘ, ਇੰਸਪੈਕਟਰ ਜਸਵੀਰ ਸਿੰਘ, ਅਕਾਉਂਟੈਂਟ ਸੁਖਦੇਵ ਸਿੰਘ, ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਜੱਜ, ਜਗਦੀਪ ਸਿੰਘ ਝੱਜ, ਪਰਮਿੰਦਰ ਸਿੰਘ ਪੰਮਾ, ਭੁਪਿੰਦਰ ਸਿੰਘ ਰਿਕਾਰਡ ਕੀਪਰ, ਅਨਮੋਲ ਸਿੰਘ, ਭਾਈ ਹਰਪਾਲ ਸਿੰਘ ਗੁਰਮੁਖ, ਹਰਜੋਤ ਸਿੰਘ ਮਾਂਗਟ ਮੌਜੂਦ ਸਨ |