ਸੰਗਰੂਰ (ਪ੍ਰਵੀਨ ਸਿੰਘ) ਪਿਛਲੇ ਤਿੰਨ ਮਹੀਨਿਆਂ ਤੋਂ ਦੇਸ਼ ਦਾ ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਤਿੱਖੇ ਸੰਘਰਸ਼ ਕਰ ਰਿਹਾ ਹੈ, ਦੂਜੇ ਪਾਸੇ ਕਿਸਾਨ ਵੱਲੋਂ ਪੈਦਾ ਕੀਤੇ ਅਤੇ ਵੇਚੀਆਂ ਗਈਆਂ ਫਸਲਾਂ ਦਾਲਾਂ, ਚਾਵਲ, ਕਣਕ, ਤੇਲ ਬੀਜਾਂ ਦੇ ਭਾਅ ਵਪਾਰੀਆਂ ਵੱਲੋਂ ਅਸਮਾਨੀ ਚਾੜ੍ਹ ਦਿੱਤੇ ਗਏ ਹਨ, ਜਿਹੜੇ ਕਿ ਆਮ ਖਪਤਕਾਰ ਦੀਆਂ ਜੇਬਾਂ 'ਤੇ ਭਾਰੀ ਬੋਝ ਪਾ ਰਹੇ ਹਨ ਤੇ ਆਮ ਲੋਕਾਂ ਦੇ ਬਜਟ ਨੂੰ ਵਿਗਾੜ ਰਹੇ ਹਨ | ਖਪਤਕਾਰ ਮੰਤਰਾਲੇ ਦੀ ਵੈੱਬਸਾਈਟ 'ਤੇ ਦਿੱਤੇ ਗਏ ਅੰਕੜਿਆਂ ਮੁਤਾਬਕ ਪਿਛਲੇ ਤਿੰਨ ਮਹੀਨਿਆਂ ਵਿੱਚ ਤੇਲ, ਦੁੱਧ, ਆਟਾ, ਚਾਹ ਪੱਤੀ ਅਤੇ ਦਾਲਾਂ ਸਭ ਕੁਝ ਮਹਿੰਗਾ ਹੋ ਗਿਆ ਹੈ | ਅੰਕੜਿਆਂ ਮੁਤਾਬਕ 10 ਦਸੰਬਰ 2020 ਦੇ ਮੁਕਾਬਲੇ 10 ਮਾਰਚ 2021 ਨੂੰ ਚਾਵਲ ਦੇ ਰੇਟ ਵਿੱਚ 9.03 ਫੀਸਦੀ, ਕਣਕ 2.34 ਅਤੇ ਆਟੇ ਵਿੱਚ 6.18 ਫੀਸਦੀ ਦਾ ਵਾਧਾ ਹੋਇਆ ਹੈ | ਉਥੇ ਹੀ ਪਿਛਲੇ 3 ਮਹੀਨਿਆਂ ਵਿੱਚ ਕਿਸਾਨ ਵਲੋਂ ਮੰਡੀਆਂ ਵਿੱਚ ਵੇਚੇ ਜਾ ਰਹੇ ਆਲੂ, ਟਮਾਟਰ ਅਤੇ ਪਿਆਜ਼ ਦੇ ਰੇਟਾਂ ਵਿੱਚ ਕਮੀ ਆਈ ਹੈ | ਇਹਨਾਂ 3 ਮਹੀਨਿਆਂ ਵਿੱਚ ਪੈਕ ਪਾਮ ਆਇਲ 104 ਰੁ. ਤੋਂ ਉਛਲ ਕੇ 118 ਰੁ., ਸੁੂਰਜਮੁਖੀ ਤੇਲ 129 ਤੋਂ 151, ਵਨਸਪਤੀ ਤੇਲ 102 ਤੋਂ 117, ਸਰੋ੍ਹਾ ਦਾ ਤੇਲ 137 ਤੋਂ 149 ਰੁੁ. ਪ੍ਰਤੀ ਲੀਟਰ 'ਤੇ ਪਹੁੰਚ ਗਿਆ, ਉਥੇ ਮੁੂੰਗਫਲੀ ਤੇ ਸੋਆ ਤੇਲ ਵੀ 14 ਫੀਸਦੀ ਤੱਕ ਮਹਿੰਗੇ ਹੋਏ ਹਨ | ਜੇਕਰ ਦਾਲਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਰੇਟ ਵੀ ਵਧੇ ਹਨ | ਵੈੱਬਸਾਈਟ 'ਤੇ ਦਿੱਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਸਿਰਫ ਅਰਹਰ ਦੀ ਦਾਲ ਦੇ ਭਾਅ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ | ਅਰਹਰ ਦਾਲ ਔਸਤਨ 105 ਰੁਪਏ ਕਿਲੋ ਤੋਂ 106 ਰੁ., ਮਹਾਂ ਦੀ ਦਾਲ 107 ਤੋਂ 111, ਮਸਰ ਦੀ ਦਾਲ 76 ਤੋਂ 79 ਤੇ , ਮੁੂੰਗੀ ਦੀ ਦਾਲ 104 ਤੋਂ 106 ਰੁ. ਕਿਲੋ ਤੇ ਚਾਵਲ ਦੀ ਕੀਮਤ ਵਿੱਚ 9 ਫੀਸਦੀ ਦਾ ਵਾਧਾ ਹੋਇਆ ਹੈ | ਜੇਕਰ ਚਾਹ ਪੱਤੀ ਦੀ ਗੱਲ ਕਰੀਏ ਤਾਂ ਇਸ ਦੇ ਰੇਟ ਘਟਣ ਦਾ ਨਾਂਅ ਨਹੀਂ ਲੈ ਰਹੇ, ਸਗੋਂ ਦਿਨ ਪ੍ਰਤੀ ਦਿਨ ਵਧ ਰਹੇ ਹਨ | ਖੁੱਲ੍ਹੀ ਚਾਹ ਪੱਤੀ ਵਿੱਚ 14 ਫੀਸਦੀ ਦਾ ਵਾਧਾ ਹੋਇਆ ਹੈ | 247 ਤੋਂ 283 ਰੁਪਏ ਤੱਕ ਪਹੁੰਚ ਗਈ ਹੈ | ਖੰਡ ਤੇ ਗੁੜ੍ਹ ਦੇ ਰੇਟਾਂ ਵਿੱਚ ਵੀ ਉਤਰਾਅ-ਚੜ੍ਹਾਅ ਹੋਇਆ ਹੈ | ਸੇਵਾ-ਮੁਕਤ ਲੋਕ ਸੰਪਰਕ ਵਿਭਾਗ ਦੇ ਅਧਿਕਾਰੀ ਸਤਿੰਦਰ ਫੱਤਾ ਦਾ ਕਹਿਣਾ ਹੈ ਕਿ ਕੇਂਦਰ ਵਿੱਚ ਜਦੋਂ ਦੀ ਮੋਦੀ ਸਰਕਾਰ ਆਈ ਹੈ, ਖਾਣ-ਪੀਣ ਵਾਲੀਆਂ ਚੀਜਾਂ ਦੇ ਭਾਅ ਦਿਨ ਪ੍ਰਤੀ ਦਿਨ ਅਸਮਾਨ ਛੂਹ ਰਹੇ ਹਨ | ਸ੍ਰੀ ਫੱਤਾ ਦਾ ਕਹਿਣਾ ਹੈ ਕਿ ਦਾਲਾਂ ਅਤੇ ਤੇਲ ਦੀਆਂ ਕੀਮਤਾਂ ਪਿਛਲੇ ਤਿੰਨ ਮਹੀਨਿਆਂ ਵਿੱਚ ਏਨੀਆਂ ਵਧ ਗਈਆਂ ਹਨ ਕਿ ਆਮ ਲੋਕ ਤ੍ਰਾਹ-ਤ੍ਰਾਹ ਕਰ ਰਹੇ ਹਨ | ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਸੀਨੀਅਰ ਆਗੂ ਚਮਨ ਮਿਲਖੀ ਦਾ ਕਹਿਣਾ ਹੈ ਕਿ ਸਾਲ 2021 ਦੇ ਚੜ੍ਹਦਿਆਂ ਹੀ ਕੇਂਦਰ ਦੀ ਮੋਦੀ ਸਰਕਾਰ ਨੇ ਖਾਣ ਵਾਲੇ ਅਨਾਜ, ਦਾਲਾਂ ਅਤੇ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਵਿੱਚ ਅਥਾਹ ਵਾਧਾ ਕਰ ਦਿੱਤਾ ਹੈ ਤੇ ਇਹ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੇ ਜਾ ਰਹੇ ਹਨ |