Latest News
ਲੋਕਤੰਤਰ ਦਾ ਜਨਾਜ਼ਾ

Published on 14 Mar, 2021 11:00 AM.


ਚੋਣ ਸੁਧਾਰਾਂ ਲਈ ਕੰਮ ਕਰਨ ਵਾਲੇ ਸੰਗਠਨ ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ (ਏ ਡੀ ਆਰ) ਨੇ ਆਪਣੀ ਤਾਜ਼ਾ ਰਿਪਰੋਟ ਵਿਚ ਖੁਲਾਸਾ ਕੀਤਾ ਹੈ ਕਿ 2016 ਤੋਂ 2020 ਤੱਕ ਕਾਂਗਰਸ ਦੇ 170 ਵਿਧਾਇਕ ਦਲਬਦਲੀ ਕਰਕੇ ਦੂਜੀਆਂ ਪਾਰਟੀਆਂ ਵਿਚ ਗਏ, ਜਦਕਿ ਭਾਜਪਾ ਦੇ ਸਿਰਫ 18 ਵਿਧਾਇਕਾਂ ਨੇ ਦਲਬਦਲੀ ਕੀਤੀ | ਸੰਗਠਨ ਨੇ ਆਪਣੀ ਰਿਪੋਰਟ ਵਿਚ 443 ਵਿਧਾਇਕਾਂ ਤੇ ਸਾਂਸਦਾਂ ਦੇ ਚੋਣ ਹਲਫਨਾਮਿਆਂ ਦਾ ਵਿਸ਼ਲੇਸ਼ਣ ਕੀਤਾ, ਜਿਨ੍ਹਾਂ ਨੇ ਪੰਜ ਸਾਲਾਂ ਵਿਚ ਪਾਰਟੀਆਂ ਨੂੰ ਛੱਡਿਆ ਤੇ ਫਿਰ ਚੋਣ ਲੜੀ | ਪਾਲਾ ਬਦਲ ਕੇ ਮੁੜ ਚੋਣ ਲੜਨ ਵਾਲੇ 405 ਵਿਧਾਇਕਾਂ ਵਿਚੋਂ 182 (44.9 ਪ੍ਰਤੀਸ਼ਤ) ਭਾਜਪਾ ਵਿਚ ਸ਼ਾਮਲ ਹੋਏ ਤਾਂ 38 ਵਿਧਾਇਕ (9.4 ਪ੍ਰਤੀਸ਼ਤ) ਕਾਂਗਰਸ ਤੇ 25 ਵਿਧਾਇਕ ਤੇਲੰਗਾਨਾ ਰਾਸ਼ਟਰ ਸਮਿਤੀ ਵਿਚ ਸ਼ਾਮਲ ਹੋਏ | ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦੇ ਪੰਜ ਲੋਕ ਸਭਾ ਮੈਂਬਰ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ ਵਿਚ ਸ਼ਾਮਲ ਹੋਏ, ਜਦਕਿ 2016-20 ਦੌਰਾਨ ਕਾਂਗਰਸ ਦੇ 7 ਰਾਜ ਸਭਾ ਮੈਂਬਰ ਦੂਜੀਆਂ ਪਾਰਟੀਆਂ ਵਿਚ ਗਏ | ਪਾਰਟੀ ਬਦਲ ਕੇ ਰਾਜ ਸਭਾ ਚੋਣ ਮੁੜ ਲੜਨ ਵਾਲੇ 16 ਰਾਜ ਸਭਾ ਮੈਂਬਰਾਂ ਵਿਚੋਂ 10 ਭਾਜਪਾ 'ਚ ਸ਼ਾਮਲ ਹੋਏ | ਵਿਧਾਇਕਾਂ ਦੇ ਪਾਰਟੀ ਬਦਲਣ ਦਾ ਹੀ ਇਹ ਨਤੀਜਾ ਨਿਕਲਿਆ ਕਿ ਮੱਧ ਪ੍ਰਦੇਸ਼, ਮਨੀਪੁਰ, ਗੋਆ, ਅਰੁਣਾਚਲ ਪ੍ਰਦੇਸ਼ ਤੇ ਕਰਨਾਟਕ ਦੀਆਂ ਸਰਕਾਰ ਡਿੱਗੀਆਂ | ਸਾਰੇ ਥਾਈਾ ਭਾਜਪਾ ਨੇ ਫਾਇਦਾ ਉਠਾਇਆ | ਏ ਡੀ ਆਰ ਦੇ ਅੰਕੜਿਆਂ ਮੁਤਾਬਕ ਜਿਨ੍ਹਾਂ 357 ਵਿਧਾਇਕਾਂ ਨੇ ਪਾਰਟੀ ਬਦਲ ਕੇ ਚੋਣ ਲੜੀ, ਉਨ੍ਹਾਂ ਵਿਚੋਂ 170 (48 ਪ੍ਰਤੀਸ਼ਤ) ਨੇ ਜਿੱਤ ਦਰਜ ਕੀਤੀ | ਅਸੰਬਲੀਆਂ ਦੀਆਂ ਉਪ-ਚੋਣਾਂ ਵਿਚ ਦਲਬਦਲੂਆਂ ਦੀ ਸਫਲਤਾ ਰੇਟ ਕਾਫੀ ਰਹੀ | 48 ਦਲਬਦਲੂਆਂ ਵਿਚੋਂ 39 ਯਾਨੀ 81 ਫੀਸਦੀ ਮੁੜ ਚੁਣੇ ਗਏ | ਕਿਹਾ ਜਾਂਦਾ ਹੈ ਕਿ ਲੋਕਤੰਤਰ ਵਿਚ ਨਾਗਰਿਕਾਂ ਦੇ ਹਿੱਤ ਨੇਤਾਵਾਂ ਦੇ ਨਿੱਜੀ ਹਿੱਤਾਂ ਨਾਲੋਂ ਉੱਤੇ ਹੁੰਦੇ ਹਨ, ਪਰ ਪਿਛਲੇ ਪੰਜ ਸਾਲਾਂ ਵਿਚ ਜਿਵੇਂ ਥੋਕ ਵਿਚ ਦਲਬਦਲੀਆਂ ਹੋਈਆਂ ਹਨ, ਉਸ ਤੋੋਂ ਤਾਂ ਇਹੀ ਲੱਗਦਾ ਹੈ ਕਿ ਲੋਕਤੰਤਰ ਨੇਤਾਵਾਂ ਦੀ ਜਗੀਰ ਬਣ ਗਈ ਹੈ | ਰਿਪੋਰਟ ਕਹਿੰਦੀ ਹੈ ਕਿ ਨੇਤਾਵਾਂ ਦੇ ਇਖਲਾਕ ਤੋਂ ਡਿੱਗਣ ਕਾਰਨ 'ਆਇਆ ਰਾਮ ਗਿਆ ਰਾਮ' ਆਏ ਦਿਨ ਦੁਹਰਾਇਆ ਜਾ ਰਿਹਾ ਹੈ | ਇਸ ਵੇਲੇ ਦੇਸ਼ ਦੇ ਚਾਰ ਰਾਜਾਂ ਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਚੋਣਾਂ ਹੋਣ ਜਾ ਰਹੀਆਂ ਹਨ | ਪਿਛਲੇ ਦਿਨੀਂ ਹੀ ਕਾਂਗਰਸੀ ਵਿਧਾਇਕਾਂ ਦੇ ਪਾਰਟੀ ਛੱਡਣ ਕਾਰਨ ਪੁੱਡੂਚੇਰੀ ਦੀ ਸਰਕਾਰ ਡਿੱਗ ਪਈ | ਪੱਛਮੀ ਬੰਗਾਲ ਵਿਚ ਦਲਬਦਲੀ ਜਾ ਜਿਹੜਾ ਨੰਗਾ ਨਾਚ ਖੇਡਿਆ ਜਾ ਰਿਹਾ ਹੈ, ਉਸ ਨੂੰ ਦੇਖ ਕੇ ਤਾਂ ਲੋਕਤੰਤਰ ਵੀ ਸਿਰ ਲੁਕੋਂਦਾ ਫਿਰ ਰਿਹਾ ਹੈ | ਉਥੇ ਭਾਜਪਾ ਨੇ ਤਿ੍ਣਮੂਲ ਕਾਂਗਰਸ ਦੇ ਨਾਲ-ਨਾਲ ਹੋਰਨਾਂ ਪਾਰਟੀਆਂ ਦੇ ਵਿਧਾਇਕ ਤੋੜਨ ਦਾ ਸਿਲਸਿਲਾ ਕਾਫੀ ਪਹਿਲਾਂ ਸ਼ੁਰੂ ਕਰ ਦਿੱਤਾ ਸੀ, ਪਰ ਚੋਣਾਂ ਦੇ ਐਲਾਨ ਤੋਂ ਕੁਝ ਪਹਿਲਾਂ ਤਾਂ ਤਿ੍ਣਮੂਲ ਛੱਡਣ ਵਾਲੇ ਵਿਧਾਇਕਾਂ ਤੇ ਮੰਤਰੀਆਂ ਨੇ ਤਾਂ ਇਕ ਤਰ੍ਹਾਂ ਲਾਈਨ ਹੀ ਲਾ ਲਈ | ਇਹ ਉਹੀ ਸਨ, ਜਿਨ੍ਹਾਂ ਨੂੰ ਭਾਜਪਾ ਆਪਣੇ ਨਾਲ ਰਲਣ ਤੋਂ ਪਹਿਲਾਂ ਮਹਾਂ ਕੁਰੱਪਟ ਦੇ ਤਮਗੇ ਦਿੰਦੀ ਆ ਰਹੀ ਸੀ | ਭਾਜਪਾ ਵਿਚ ਆਉਣ ਤੋਂ ਬਾਅਦ ਲੱਗਦਾ ਹੈ ਕਿ ਜਿਵੇਂ ਸਾਰਿਆਂ ਦੇ ਦਾਗ ਧੁਲ ਗਏ | ਪੈਸੇ ਤੇ ਸੱਤਾ ਦੀ ਭੁੱਖ ਵਿਧਾਇਕਾਂ, ਸਾਂਸਦਾਂ ਤੇ ਸਿਆਸੀ ਪਾਰਟੀਆਂ ਵਿਚ ਆਮ ਨਜ਼ਰ ਆਉਂਦੀ ਹੈ | ਜਦੋਂ ਤੱਕ ਇਨ੍ਹਾਂ ਰੁਝਾਨਾਂ ਵਿਚ ਸੁਧਾਰ ਨਹੀਂ ਹੁੰਦਾ, ਮੌਜੂਦਾ ਚੋਣ ਤੇ ਸਿਆਸੀ ਸਥਿਤੀ ਹੋਰ ਵਿਗੜੇਗੀ | ਸਿਆਸਤ ਨਿਰਪੱਖਤਾ, ਸੁਤੰਤਰਤਾ, ਭਰੋੋਸੇਯੋਗਤਾ, ਬਰਾਬਰੀ ਤੇ ਇਮਾਨਦਾਰੀ ਦੀ ਕਸੌਟੀ ਉੱਤੇ ਪੂਰੀ ਉਤਰਨੀ ਚਾਹੀਦੀ ਹੈ, ਪਰ ਇਸ ਵੇਲੇ ਤਾਂ ਲੀਡਰ ਇਨ੍ਹਾਂ ਸਾਰੇ ਗੁਣਾਂ ਨੂੰ ਠੁੱਠ ਦਿਖਾ ਕੇ ਲੋਕਤੰਤਰ ਦਾ ਮਖੌਲ ਉਡਾਉਣ ਵਿਚ ਹੀ ਲੱਗੇ ਹੋਏ ਹਨ | ਭਾਜਪਾ ਦੇ ਕੇਂਦਰ ਦੀ ਸੱਤਾ 'ਚ ਆਉਣ ਤੋਂ ਬਾਅਦ ਹੀ ਇਹ ਬਿਮਾਰੀ ਕੋਰੋਨਾ ਵਾਂਗ ਫੈਲੀ ਹੈ |

906 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper