Latest News
ਹੰਕਾਰ ਦੀ ਹਾਰ ਅਟੱਲ

Published on 16 Mar, 2021 11:35 AM.

ਪਿਛਲੇ ਪੌਣੇ ਚਾਰ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਿਹਾ ਕਿਸਾਨ ਅੰਦੋਲਨ ਹੁਣ ਉੱਥੇ ਲੱਗੇ 4 ਮੋਰਚਿਆਂ ਤੱਕ ਸੀਮਤ ਨਹੀਂ ਰਿਹਾ, ਇਹ ਵੱਖ-ਵੱਖ ਰੂਪਾਂ ਵਿੱਚ ਸਾਰੇ ਦੇਸ਼ ਅੰਦਰ ਫੈਲ ਚੁੱਕਾ ਹੈ | ਵੱਖ-ਵੱਖ ਸੂਬਿਆਂ ਵਿੱਚ ਮਹਾਂਪੰਚਾਇਤਾਂ ਲਗਾਤਾਰ ਜਾਰੀ ਹਨ, ਜਿਨ੍ਹਾਂ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸੰਬੋਧਨ ਕਰ ਰਹੇ ਹਨ | ਉਤਰਾਖੰਡ ਦੇ ਤਰਾਈ ਖੇਤਰ ਵਿੱਚੋਂ ਸ਼ੁਰੂ ਹੋਈ ਕਿਸਾਨ ਯਾਤਰਾ ਨੇ 600 ਕਿਲੋਮੀਟਰ ਤੋਂ ਵੱਧ ਲੰਮਾ ਸਫ਼ਰ ਤੈਅ ਕਰਕੇ ਯੂ ਪੀ ਤੇ ਉਤਰਾਖੰਡ ਦੇ 300 ਤੋਂ ਵੱਧ ਪਿੰਡ ਤੇ ਦੋ ਦਰਜਨ ਤੋਂ ਵੱਧ ਸ਼ਹਿਰ ਗਾਹ ਮਾਰੇ ਹਨ | ਓਡੀਸ਼ਾ ਵਿੱਚ ਵੀ ਕਿਸਾਨ ਯਾਤਰਾ ਤੁਰੀ ਹੋਈ ਹੈ | ਬਿਹਾਰ ਵਿੱਚ ਵੀ ਵੱਖੋ-ਵੱਖਰੇ ਇਲਾਕਿਆਂ ਤੋਂ 7 ਕਿਸਾਨ ਰੱਥ ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ | ਇੱਕ ਸਿਆਣੇ ਕਿਸਾਨ ਵਾਂਗ ਅੰਦੋਲਨਕਾਰੀ ਕਿਸਾਨ ਆਗੂ ਦੇਸ਼ ਦੀ ਹਰ ਨੁੱਕਰ ਦੇ ਪਾੜੇ ਨੂੰ ਗੁੱਡ ਕੇ ਅੰਦੋਲਨ ਦਾ ਬੀਜ ਬੀਜ ਰਹੇ ਹਨ | ਅੰਦੋਲਨਕਾਰੀ 26 ਨਵੰਬਰ ਨੂੰ ਦਿੱਲੀ ਵੱਲ ਧਾਹ ਕੇ ਇਸ ਲਈ ਗਏ ਸਨ ਤਾਂ ਜੋ ਖੇਤੀ ਸੰਬੰਧੀ ਕਾਲੇ ਕਾਨੂੰਨਾਂ ਵਿਰੁੱਧ ਆਪਣੀ ਆਵਾਜ਼ ਹਾਕਮਾਂ ਦੇ ਕੰਨਾਂ ਤੱਕ ਪੁਚਾ ਸਕਣ | ਕਿਸਾਨ ਆਗੂਆਂ ਤੇ ਸਰਕਾਰੀ ਨੁਮਾਇੰਦਿਆਂ ਵਿਚਾਲੇ ਬੈਠਕ-ਦਰ-ਬੈਠਕ ਹੁੰਦੀ ਰਹੀ, ਪਰ ਸਰਕਾਰ ਦਾ ਰਵੱਈਆ ਅੰਦੋਲਨ ਨੂੰ ਲਟਕਾ ਕੇ ਅੰਦੋਲਨਕਾਰੀਆਂ ਨੂੰ ਥਕਾਉਣ 'ਤੇ ਕੇਂਦਰਤ ਰਿਹਾ | ਕਿਸਾਨਾਂ ਤੇ ਸਰਕਾਰ ਦਰਮਿਆਨ ਆਖਰੀ ਗੱਲਬਾਤ 22 ਜਨਵਰੀ ਨੂੰ ਹੋਈ ਸੀ, ਉਦੋਂ ਤੋਂ ਹੁਣ ਤੱਕ 53 ਦਿਨ ਹੋ ਚੁੱਕੇ ਹਨ | ਇੱਕ ਵਿਸ਼ਾਲ ਅੰਦੋਲਨ, ਜਿਸ ਵਿੱਚ 300 ਦੇ ਕਰੀਬ ਕਿਸਾਨਾਂ ਦੀਆਂ ਜਾਨਾਂ ਚਲੀਆਂ ਗਈਆਂ ਹੋਣ, ਪ੍ਰਤੀ ਇੱਕ ਲੋਕਤੰਤਰੀ ਸਰਕਾਰ ਦਾ ਟੱਸ ਤੋਂ ਮੱਸ ਨਾ ਹੋਣਾ ਉਸ ਦੀ ਕਰੂਰਤਾ ਤੇ ਤਾਨਾਸ਼ਾਹੀ ਹੈਾਕੜ ਦਾ ਸੂਚਕ ਹੈ | ਇਸ ਦੇ ਬਾਵਜੂਦ ਕਿਸਾਨਾਂ ਨੇ ਸਬਰ, ਹੌਸਲੇ ਤੇ ਅਹਿੰਸਾ ਦਾ ਪੱਲਾ ਨਾ ਛੱਡਿਆ | ਪ੍ਰਧਾਨ ਮੰਤਰੀ ਸਮੇਤ ਸਮੁੱਚੀ ਹਕੂਮਤ ਕਿਸਾਨਾਂ ਦੀ ਗੱਲ ਸੁਣਨ ਦੀ ਥਾਂ ਇਸ ਵੇਲੇ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਦਿੱਲੀ ਛੱਡ ਕੇ ਬੰਗਾਲ ਤੇ ਅਸਾਮ ਦੇ ਚੋਣ ਪਿੜ ਵਿੱਚ ਮਸਰੂਫ ਹੈ | ਕਿਸਾਨ ਤਾਂ ਦਿੱਲੀ ਵਿੱਚ ਹਕੂਮਤ ਨੂੰ ਆਪਣੀ ਗੱਲ ਸੁਣਾਉਣ ਗਏ ਸਨ, ਹੁਣ ਜਦੋਂ ਉਹ ਪੱਛਮੀ ਬੰਗਾਲ ਤੇ ਅਸਾਮ ਵਿੱਚ ਜਾ ਵੜੀ ਹੈ ਤਾਂ ਅੰਦੋਲਨਕਾਰੀ ਆਗੂ ਵੀ ਪਿੱਛੇ-ਪਿੱਛੇ ਉੱਥੇ ਪੁੱਜ ਗਏ ਹਨ | ਉਨ੍ਹਾਂ ਕਿਸਾਨ ਮਹਾਂਪੰਚਾਇਤਾਂ ਕਰਕੇ ਭਾਜਪਾ ਨੂੰ ਹਰਾਉਣ ਦਾ ਸੰਖਨਾਦ ਵਜਾ ਦਿੱਤਾ ਹੈ | ਬੰਗਾਲ ਵਿੱਚ ਕਿਸਾਨ ਅੰਦੋਲਨ ਦਾ ਲੰਮਾ ਇਤਿਹਾਸ ਰਿਹਾ ਹੈ | ਪੱਛਮੀ ਬੰਗਾਲ ਵਿੱਚ ਕਿਸਾਨਾਂ ਨੂੰ ਮਾਲਕੀ ਹੱਕ ਦੇਣ ਦੇ ਨਾਅਰੇ ਹੇਠ ਹੀ ਖੱਬੇ ਮੋਰਚੇ ਦੀ ਸਰਕਾਰ ਬਣੀ ਸੀ | ਜਿਓਤੀ ਬਾਸੂ ਦੀ ਸਰਕਾਰ ਨੇ ਸੱਤਾ ਵਿੱਚ ਆਉਂਦਿਆਂ ਹੀ ਕਿਸਾਨਾਂ ਨੂੰ ਮਾਲਕੀ ਹੱਕ ਵੀ ਦਿੱਤੇ ਤੇ ਹਿੱਸੇ (ਭੌਲੀ) ਉੱਤੇ ਖੇਤੀ ਕਰਨ ਵਾਲਿਆਂ ਨੂੰ ਕਿਸਾਨ ਦਾ ਦਰਜਾ ਦਿੱਤਾ, ਪਰ ਜਦੋਂ ਹਕੂਮਤ ਨੇ ਨੰਦੀਗਰਾਮ ਤੇ ਸਿੰਗੂਰ ਵਿੱਚ ਵਿਰੋਧ ਦੇ ਬਾਵਜੂਦ ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟਾਂ ਦੇ ਹਵਾਲੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਜ਼ਬਰਦਸਤ ਕਿਸਾਨ ਅੰਦੋਲਨ ਸ਼ੁਰੂ ਹੋ ਗਿਆ | ਇਹੋ ਕਿਸਾਨ ਅੰਦੋਲਨ ਸੀ ਜਿਸ ਨੇ 34 ਸਾਲਾ ਪੁਰਾਣੀ ਖੱਬੇ ਮੋਰਚੇ ਦੀ ਸਰਕਾਰ ਨੂੰ ਸੱਤਾ ਵਿੱਚੋਂ ਬਾਹਰ ਕਰ ਦਿੱਤਾ | ਹੁਣ ਜਦੋਂ ਸੰਯੁਕਤ ਕਿਸਾਨ ਮੋਰਚੇ ਨੇ ਬੰਗਾਲ ਦੇ ਕਿਸਾਨਾਂ ਨੂੰ ਭਾਜਪਾ ਵਿਰੁੱਧ ਵੋਟ ਕਰਨ ਦੀ ਅਪੀਲ ਕੀਤੀ ਹੈ ਤਾਂ ਇਹ ਮੋਦੀ-ਸ਼ਾਹ ਜੋੜੀ ਦਾ ਹੰਕਾਰ ਤੋੜਨ ਲਈ ਲਿਆ ਗਿਆ ਸਹੀ ਫੈਸਲਾ ਹੈ | ਇਸ ਦੇ ਨਾਲ ਹੀ ਕਿਸਾਨ ਆਗੂਆਂ ਦਾ ਇੱਕ ਜਥਾ ਅਸਾਮ ਵਿੱਚ ਵੀ ਪਹੁੰਚ ਚੁੱਕਾ ਹੈ | ਭਾਜਪਾ ਆਗੂਆਂ ਨੂੰ ਚੋਣਾਂ ਵਾਲੇ ਪੰਜ ਰਾਜਾਂ ਵਿੱਚੋਂ ਸਭ ਤੋਂ ਵੱਧ ਉਮੀਦ ਬੰਗਾਲ ਦੇ ਨਤੀਜਿਆਂ 'ਚੋਂ ਹੈ ਤੇ ਅਸਾਮ ਬਾਰੇ ਤਾਂ ਉਹ ਪੱਕਾ ਸਮਝੀ ਬੈਠੇ ਹਨ ਕਿ ਉਨ੍ਹਾਂ ਨੇ ਜਿੱਤ ਹੀ ਜਾਣਾ | ਇਸੇ ਕਾਰਨ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਿੱਚ ਭਾਜਪਾ ਦੇ ਮੰਤਰੀਆਂ ਤੇ ਸੰਤਰੀਆਂ ਦੀ ਪੂਰੀ ਫ਼ੌਜ ਬੰਗਾਲ ਵਿੱਚ ਡੇਰਾ ਲਾਈ ਬੈਠੀ ਹੈ | ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਲਗਾਤਾਰ ਰੈਲੀਆਂ ਦਾ ਪ੍ਰੋਗਰਾਮ ਉਲੀਕਿਆ ਹੈ | ਹੁਣ ਤੱਕ ਹੋਏ 4 ਇਕੱਠਾਂ ਵਿੱਚ ਦਸ-ਦਸ ਹਜ਼ਾਰ ਤੱਕ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ ਹਨ | ਅੰਬੇਡਕਰ ਯੂਨੀਵਰਸਿਟੀ ਦੇ ਇੱਕ ਪ੍ਰੋਫ਼ੈਸਰ ਦੇ ਬੋਲ ਕਿ ਭਾਜਪਾ ਬੰਗਾਲ ਦੇ ਕਿਸਾਨਾਂ ਦੀ ਤਾਕਤ ਬਾਰੇ ਕਿਸੇ ਭਰਮ ਵਿੱਚ ਨਾ ਰਹੇ, ਅਸਲ ਸਥਿਤੀ ਪੇਸ਼ ਕਰਦੇ ਹਨ | ਉਨ੍ਹਾ ਕਿਹਾ ਕਿ ਇਹ ਸਿਰਫ਼ 2011 ਵਿੱਚ ਹੀ ਨਹੀਂ, ਬੰਗਾਲ ਦੇ ਕਿਸਾਨਾਂ ਨੇ ਸੱਠਵਿਆਂ ਵਿੱਚ ਵੀ ਪ੍ਰਫੁਲ ਸੇਨ ਦੀ ਸਰਕਾਰ ਡੇਗ ਦਿੱਤੀ ਸੀ | ਇਸੇ ਦੌਰਾਨ ਕਿਸਾਨ ਅੰਦੋਲਨ ਦੇ ਮੁੱਦੇ ਉੱਤੇ ਭਾਜਪਾ ਅੰਦਰ ਵੀ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ | ਪਾਰਟੀ ਦੇ ਚੋਟੀ ਦੇ ਆਗੂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਬੋਲਦਿਆਂ ਕਿਹਾ ਹੈ ਕਿ ਕਿਸਾਨ ਅੰਦੋਲਨਕਾਰੀਆਂ ਨਾਲ ਗੱਲਬਾਤ ਸ਼ੁਰੂ ਕਰਕੇ ਮਸਲੇ ਦਾ ਹੱਲ ਕੀਤਾ ਜਾਣਾ ਚਾਹੀਦਾ ਹੈ | ਭਾਜਪਾ ਦੇ ਪੁਰਾਣੇ ਆਗੂ ਤੇ ਮੇਘਾਲਿਆ ਦੇ ਗਵਰਨਰ ਸਤਿਆਪਾਲ ਮਲਿਕ ਨੇ ਤਾਂ ਬਗਾਵਤੀ ਅੰਦਾਜ਼ ਵਿੱਚ ਇੱਥੋਂ ਤੱਕ ਕਹਿ ਦਿੱਤਾ, 'ਮੈਂ ਹੁਣੇ ਇੱਕ ਪੱਤਰਕਾਰ ਨੂੰ ਮਿਲਿਆ ਸਾਂ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੋਸਤ ਹੈ | ਮੈਂ ਉਸ ਨੂੰ ਕਿਹਾ ਕਿ ਮੈਂ ਤਾਂ ਕੋਸ਼ਿਸ਼ ਕਰ ਚੁੱਕਾ ਹਾਂ, ਹੁਣ ਤੁਸੀਂ ਉਨ੍ਹਾ ਨੂੰ ਸਮਝਾਓ ਕਿ ਕਿਸਾਨਾਂ ਦਾ ਅਪਮਾਨ ਕਰਨਾ ਤੇ ਉਨ੍ਹਾਂ ਉਤੇ ਦਬਾਅ ਪਾਉਣਾ ਗਲਤ ਕਦਮ ਹੈ | ਕਿਸਾਨ ਦਿੱਲੀ ਤੋਂ ਵਾਪਸ ਨਹੀਂ ਜਾਣਗੇ |' ਉਨ੍ਹਾ ਅੱਗੇ ਕਿਹਾ, 'ਕਿਸਾਨਾਂ ਨੂੰ ਲੈ ਕੇ ਮੈਂ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨਾਲ ਗੱਲ ਕੀਤੀ ਸੀ | ਮੈਂ ਉਨ੍ਹਾਂ ਨੂੰ ਦੋ ਸੁਝਾਅ ਦਿੱਤੇ ਸਨ | ਪਹਿਲਾ, ਕਿਸਾਨਾਂ ਨੂੰ ਦਿੱਲੀ ਤੋਂ ਖਾਲੀ ਹੱਥ ਨਾ ਮੋੜਨਾ, ਇਹ ਕਿਸੇ ਚੀਜ਼ ਨੂੰ 300 ਸਾਲਾਂ ਤੱਕ ਭੁੱਲਦੇ ਨਹੀਂ | ਦੂਜਾ, ਇਨ੍ਹਾਂ ਉਤੇ ਤਾਕਤ ਦੀ ਵਰਤੋਂ ਕਦੇ ਨਾ ਕਰਨਾ | ਜਿਸ ਦਿਨ ਟਿਕੈਤ ਉਤੇ ਗਿ੍ਫ਼ਤਾਰੀ ਦੀ ਤਲਵਾਰ ਲਟਕ ਰਹੀ ਸੀ, ਮੈਂ ਰਾਤ 11 ਵਜੇ ਫੋਨ ਕਰਕੇ ਗਿ੍ਫ਼ਤਾਰੀ ਰੁਕਵਾਈ ਸੀ |' ਇਸ ਦੇ ਬਾਵਜੂਦ ਇਹ ਕਹਿਣਾ ਮੁਸ਼ਕਲ ਹੈ ਕਿ ਤਾਨਾਸ਼ਾਹ ਹਾਕਮ ਹੈਾਕੜ ਤਿਆਗਦਾ ਹੈ ਜਾਂ ਹਾਰਨ ਨੂੰ ਤਰਜੀਹ ਦਿੰਦਾ ਹੈ | -ਚੰਦ ਫਤਿਹਪੁਰੀ

860 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper