Latest News
ਭਾਰਤ ਬੰਦ ਲਈ ਲਾਮਬੰਦੀ

Published on 19 Mar, 2021 10:36 AM.

ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਸਭ ਕਿਸਾਨ ਜਥੇਬੰਦੀਆਂ ਨੇ 26 ਮਾਰਚ ਦੇ ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ ਚੌਤਰਫ਼ਾ ਸਰਗਰਮੀਆਂ ਸ਼ੁਰੂ ਕੀਤੀਆਂ ਹੋਈਆਂ ਹਨ | ਪੰਜਾਬ, ਹਰਿਆਣਾ, ਰਾਜਸਥਾਨ, ਉਤਰ ਪ੍ਰਦੇਸ਼, ਮੱਧ ਪ੍ਰਦੇਸ਼, ਆਂਧਰਾ, ਤੇਲੰਗਾਨਾ, ਕਰਨਾਟਕ, ਓਡੀਸ਼ਾ, ਉਤਰਾਖੰਡ, ਪੱਛਮੀ ਬੰਗਾਲ ਤੇ ਅਸਾਮ ਵਿੱਚ ਕਿਸਾਨ ਮਹਾਂਪੰਚਾਇਤਾਂ ਰਾਹੀਂ ਭਾਰਤ ਬੰਦ ਦਾ ਸੁਨੇਹਾ ਘਰ-ਘਰ ਪੁਚਾਇਆ ਜਾ ਰਿਹਾ ਹੈ | ਬਿਹਾਰ ਦੇ ਲੱਗਭੱਗ ਸਾਰੇ ਜ਼ਿਲਿ੍ਹਆਂ ਵਿੱਚ ਕਿਸਾਨ ਯਾਤਰਾਵਾਂ ਤੋਂ ਬਾਅਦ 18 ਮਾਰਚ ਨੂੰ ਪਟਨਾ ਵਿੱਚ ਕਿਸਾਨਾਂ-ਮਜ਼ਦੂਰਾਂ ਦੀ ਮਹਾਂਪੰਚਾਇਤ ਵਿੱਚ ਲਾਮਿਸਾਲ ਹਾਜ਼ਰੀ ਨੇ ਜੈ ਪ੍ਰਕਾਸ਼ ਦੀ ਅਗਵਾਈ ਵਿੱਚ ਸ਼ੁਰੂ ਹੋਏ 'ਸੰਪੂਰਨ ਕ੍ਰਾਂਤੀ ਅੰਦੋਲਨ' ਦੀ ਯਾਦ ਤਾਜ਼ਾ ਕਰ ਦਿੱਤੀ ਹੈ | ਮਹਾਂਪੰਚਾਇਤ ਨੂੰ ਸੰਬੋਧਨ ਕਰਦਿਆਂ ਬਿਹਾਰ ਦੇ ਕਿਸਾਨ ਆਗੂਆਂ ਨੇ ਕਿਹਾ ਭਾਜਪਾ ਵਾਲੇ ਪੰਜਾਬ ਤੇ ਬਿਹਾਰ ਨੂੰ ਇੱਕ-ਦੂਜੇ ਵਿਰੁੱਧ ਖੜ੍ਹਾ ਕਰਨਾ ਚਾਹੁੰਦੇ ਹਨ, ਪਰ ਇਸ ਮਹਾਂਪੰਚਾਇਤ ਨੇ ਸਾਬਤ ਕਰ ਦਿੱਤਾ ਹੈ ਕਿ ਬਿਹਾਰ ਦੇ ਕਿਸਾਨ ਵੀ ਪੂਰੀ ਮਜ਼ਬੂਤੀ ਨਾਲ ਅੰਦੋਲਨ ਦੇ ਅੰਗ-ਸੰਗ ਹਨ | ਉਨ੍ਹਾਂ ਇਹ ਵੀ ਕਿਹਾ ਕਿ ਸ਼ਹੀਦੇ-ਆਜ਼ਮ-ਭਗਤ ਸਿੰਘ ਦੇ ਪੰਜਾਬ ਤੋਂ ਉਠਿਆ ਕਿਸਾਨ ਅੰਦੋਲਨ ਸਵਾਮੀ ਸਹਿਜਾਨੰਦ ਸਰਸਵਤੀ ਤੇ ਰਾਮ ਨਰੇਸ਼ ਰਾਮ ਵਰਗੇ ਕਿਸਾਨ ਆਗੂਆਂ ਦੀ ਸਰਜ਼ਮੀਂ ਬਿਹਾਰ ਵਿੱਚ ਨਵੇਂ ਜੋਸ਼ ਤੇ ਵਿਸਥਾਰ ਨਾਲ ਅੱਗੇ ਵਧ ਰਿਹਾ ਹੈ | ਉਨ੍ਹਾਂ ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ ਨੂੰ ਇੱਕ ਇਤਿਹਾਸਕ ਬੰਦ ਵਿੱਚ ਤਬਦੀਲ ਕਰ ਦੇਣ ਦਾ ਹੋਕਾ ਦਿੱਤਾ | ਇਸ ਮਹਾਂਪੰਚਾਇਤ ਨੂੰ ਮੋਰਚੇ ਵੱਲੋਂ ਗੁਰਨਾਮ ਸਿੰਘ ਚੜੂਨੀ ਤੇ 'ਟਰਾਲੀ ਟਾਈਮਜ਼' ਦੀ ਸੰਪਾਦਕ ਨੌਜਵਾਨ ਮਹਿਲਾ ਆਗੂ ਨਵਕਿਰਨ ਨੱਤ ਨੇ ਵੀ ਸੰਬੋਧਨ ਕੀਤਾ | ਇਸੇ ਦੌਰਾਨ ਸੰਯੁਕਤ ਮੋਰਚੇ ਵੱਲੋਂ ਸਿੰਘੂ ਬਾਰਡਰ ਵਿਖੇ ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ ਵੱਖ-ਵੱਖ ਜਥੇਬੰਦੀਆਂ ਨਾਲ ਇੱਕ ਸਾਂਝੀ ਮੀਟਿੰਗ ਕੀਤੀ ਗਈ | ਇਸ ਵਿੱਚ ਵੱਖ-ਵੱਖ ਟਰੇਡ ਯੂਨੀਅਨਾਂ, ਵਪਾਰੀਆਂ ਤੇ ਆੜ੍ਹਤੀਆਂ ਦੀਆਂ ਯੂਨੀਅਨਾਂ, ਟਰਾਂਸਪੋਰਟਰਾਂ ਦੀਆਂ ਜਥੇਬੰਦੀਆਂ, ਅਧਿਆਪਕ ਯੂਨੀਅਨਾਂ ਅਤੇ ਨੌਜਵਾਨਾਂ ਤੇ ਵਿਦਿਆਰਥੀਆਂ ਦੀਆਂ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ | ਮੀਟਿੰਗ ਵਿੱਚ ਕਿਸਾਨ ਅੰਦੋਲਨ ਨੂੰ ਤੇਜ਼ ਕਰਨ ਤੇ ਭਾਰਤ ਬੰਦ ਨੂੰ ਸਫ਼ਲ ਬਣਾਉਣ ਸੰਬੰਧੀ ਫੈਸਲੇ ਲਏ ਗਏ | 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਵਾਲੇ ਦਿਨ ਵੱਧ ਤੋਂ ਵੱਧ ਨੌਜਵਾਨਾਂ ਨੂੰ ਮੋਰਚੇ ਨਾਲ ਜੋੜਨ ਲਈ ਦਿੱਲੀ ਮੋਰਚੇ ਵਿੱਚ ਪੁੱਜਣ ਦਾ ਸੱਦਾ ਦਿੱਤਾ ਗਿਆ ਹੈ | ਇਸ ਦੀ ਲਾਮਬੰਦੀ ਲਈ ਪੰਜਾਬ, ਹਰਿਆਣਾ, ਯੂ ਪੀ ਤੇ ਰਾਜਸਥਾਨ ਵਿੱਚ ਪਦਯਾਤਰਾਵਾਂ ਸ਼ੁਰੂ ਕੀਤੀਆਂ ਗਈਆਂ ਹਨ | ਇਸ ਦੇ ਨਾਲ ਹੀ ਮੋਰਚੇ ਵੱਲੋਂ 'ਮਿੱਟੀ ਸਤਿਆਗ੍ਰਹਿ' ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ, ਜਿਨ੍ਹਾਂ ਰਾਹੀਂ ਦੇਸ਼ ਦੇ ਵੱਖ-ਵੱਖ ਪਿੰਡਾਂ ਵਿੱਚੋਂ ਮਿੱਟੀ ਇਕੱਠੀ ਕਰਕੇ ਸਿੰਘੂ ਬਾਰਡਰ ਲਿਆਂਦੀ ਜਾਵੇਗੀ | ਇਸ ਮਿੱਟੀ ਦੀ ਵਰਤੋਂ ਸਿੰਘੂ ਬਾਰਡਰ 'ਤੇ ਮੋਰਚੇ ਦੌਰਾਨ ਸ਼ਹੀਦ ਹੋਏ 300 ਤੋਂ ਵੱਧ ਕਿਸਾਨਾਂ ਦੀ ਯਾਦ ਵਿੱਚ 'ਸ਼ਹੀਦੀ ਯਾਦਗਾਰ' ਦੀ ਉਸਾਰੀ ਕੀਤੀ ਜਾਵੇਗੀ | ਅਜਿਹੀ ਹੀ ਇੱਕ ਯਾਤਰਾ ਯੂ ਪੀ ਵਿੱਚ ਤੁਰੀ ਹੋਈ ਹੈ | ਉਤਰਾਖੰਡ ਤੋਂ ਸ਼ੁਰੂ ਹੋਈ ਕਿਸਾਨ-ਮਜ਼ਦੂਰ ਜਾਗਰਤੀ ਯਾਤਰਾ ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ ਵਿੱਚ ਪਹੁੰਚ ਚੁੱਕੀ ਹੈ | ਕਰਨਾਟਕ ਵਿੱਚ ਪਦਯਾਤਰਾ ਕਰ ਰਹੇ ਕਿਸਾਨ 400 ਕਿਲੋਮੀਟਰ ਦਾ ਫਾਸਲਾ ਤੈਅ ਕਰਕੇ 23 ਮਾਰਚ ਨੂੰ ਬੇਲਾਰੀ ਪੁੱਜਣਗੇ | ਇਸ ਤੋਂ ਬਾਅਦ ਕਰਨਾਟਕ ਦੇ ਪਿੰਡਾਂ ਵਿੱਚੋਂ ਇਕੱਠੀ ਕੀਤੀ ਜਾ ਰਹੀ ਮਿੱਟੀ ਸਿੰਘੂ ਬਾਰਡਰ ਵਿਖੇ ਪੁਚਾਈ ਜਾਵੇਗੀ | ਕਿਸਾਨ ਅੰਦੋਲਨ ਤੋਂ ਖਿਝੀ ਸਰਕਾਰ ਵੱਲੋਂ ਕਿਸਾਨਾਂ ਦਾ ਕਾਫ਼ੀਆ ਤੰਗ ਕਰਨ ਲਈ ਨਿੱਤ ਨਵੇਂ ਹੱਥਕੰਡੇ ਵਰਤੇ ਜਾ ਰਹੇ ਹਨ | ਪਹਿਲਾਂ ਐੱਫ ਸੀ ਆਈ ਨੇ ਜਿਨਸ ਦੀ ਖਰੀਦ ਦੇ ਭੁਗਤਾਨ ਲਈ ਫਰਦ ਜਮ੍ਹਾਂਬੰਦੀਆਂ ਪੇਸ਼ ਕਰਨ ਦਾ ਫੁਰਮਾਨ ਜਾਰੀ ਕਰ ਦਿੱਤਾ ਸੀ ਤੇ ਹੁਣ ਖਰੀਦ ਦੇ ਪੈਮਾਨੇ ਸਖ਼ਤ ਕਰਨ ਦਾ ਹੁਕਮ ਸੁਣਾ ਦਿੱਤਾ ਹੈ | ਨਮੀ ਦੀ ਮਾਤਰਾ ਨੂੰ 14 ਫੀਸਦੀ ਤੋਂ ਘਟਾ ਕੇ 12 ਫੀਸਦੀ, ਟੋਟੇ ਦੀ ਦਰ 4 ਫੀਸਦੀ ਤੋਂ ਘਟਾ ਕੇ 2 ਫ਼ੀਸਦੀ ਤੇ ਕਮਜ਼ੋਰ ਦਾਣਿਆਂ ਦੀ 6 ਫ਼ੀਸਦੀ ਤੋਂ ਘਟਾ ਕੇ 4 ਕਰ ਦਿਤੀ ਗਈ ਹੈ | ਪਹਿਲਾਂ ਕਣਕ ਵਿੱਚ ਜੌਆਂ ਵਗੈਰਾ ਦੀ 2 ਫ਼ੀਸਦੀ ਤੱਕ ਛੋਟ ਸੀ, ਹੁਣ ਇਹ ਖ਼ਤਮ ਕਰ ਦਿੱਤੀ ਗਈ | ਇਸ ਤੋਂ ਸਾਫ਼ ਹੈ ਕਿ ਜੇਕਰ ਕਣਕ ਦੀ ਢੇਰੀ ਵਿੱਚੋਂ ਦੂਜੇ ਕਿਸੇ ਅਨਾਜ ਦਾ ਇੱਕ ਵੀ ਦਾਣਾ ਨਿਕਲਦਾ ਹੈ ਤਾਂ ਉਸ ਦੀ ਖਰੀਦ ਨਹੀਂ ਕੀਤੀ ਜਾਵੇਗੀ | ਤੂੜੀ ਜਾਂ ਘੁੰਡੀ ਦੀ ਦਰ ਵੀ ਘਟਾ ਕੇ ਅੱਧਾ ਫ਼ੀਸਦੀ ਕਰ ਦਿੱਤੀ ਗਈ ਹੈ | ਸੰਯੁਕਤ ਕਿਸਾਨ ਮੋਰਚੇ ਨੇ ਐੱਫ਼ ਸੀ ਆਈ ਦੇ ਇਨ੍ਹਾਂ ਨਾਦਰਸ਼ਾਹੀ ਹੁਕਮਾਂ ਨੂੰ ਕਿਸਾਨ ਅੰਦੋਲਨ ਵਿਰੁੱਧ ਹਮਲਾ ਕਰਾਰ ਦਿੰਦਿਆਂ ਕਿਹਾ ਹੈ ਕਿ ਉਹ ਆਉਣ ਵਾਲੇ ਦਿਨੀਂ ਇਨ੍ਹਾਂ ਦਾ ਵਿਰੋਧ ਕਰਨ ਲਈ ਰਣਨੀਤੀ ਬਣਾਉਣਗੇ | -ਚੰਦ ਫਤਿਹਪੁਰੀ

695 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper