Latest News
ਮਹਿਲਾ ਵਰਕਰਾਂ ਦੀ ਤ੍ਰਾਸਦੀ

Published on 24 Mar, 2021 11:19 AM.

ਮੋਦੀ ਸਰਕਾਰ ਦੇ ਕੁਰੱਖਤ ਫੈਸਲਿਆਂ ਨਾਲ ਸ਼ਾਇਦ ਸਭ ਤੋਂ ਵੱਧ ਨੁਕਸਾਨ ਨਾਰੀ ਕਾਮਾ ਸ਼ਕਤੀ ਨੂੰ ਹੋਇਆ ਹੈ | ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਪਿਛਲੇ ਸਾਲ 24 ਮਾਰਚ ਤੋਂ ਸ਼ੁਰੂ ਹੋਏ ਲਾਕਡਾਊਨ ਦੇ ਇਕ ਸਾਲ ਬਾਅਦ ਦੇ ਲੇਖੇ-ਜੋਖੇ ਤੋਂ ਪਤਾ ਲੱਗਦਾ ਹੈ ਕਿ ਮਹਿਲਾਵਾਂ ਨੂੰ ਇਸ ਫੈਸਲੇ ਦੀ ਕਿੰਨੀ ਕੀਮਤ ਚੁਕਾਉਣੀ ਪਈ ਹੈ | ਅੰਗਰੇਜ਼ੀ ਦੇ ਇਕ ਸਰਕਰਦਾ ਅਖਬਾਰ ਵਿਚ ਦਿੱਤੀਆਂ ਗਈਆਂ ਦੋ ਮਿਸਾਲਾਂ ਸਾਰੀ ਕਹਾਣੀ ਕਹਿ ਦਿੰਦੀਆਂ ਹਨ | ਮੁੰਨੀ ਦੇਵੀ 28 ਸਾਲ ਤੋਂ ਘਰੋਂ ਤੁਰ ਕੇ ਹਰਿਆਣਾ ਦੇ ਗੁਰੂਗਰਾਮ ਦੇ ਬਹਿਰਾਮਪੁਰ ਦੀ ਇਕ ਫੈਕਟਰੀ 'ਚ 28 ਸਾਲ ਤੋਂ ਕੰਮ 'ਤੇ ਜਾ ਰਹੀ ਸੀ | ਜਾਂਦੀ ਅੱਜ ਵੀ ਹੈ, ਪਰ ਫੈਕਟਰੀ ਵੱਲੋਂ ਹੋ ਕੇ ਗੁਰੂਗਰਾਮ ਦੇ ਮਿੰਨੀ ਸਕੱਤਰੇਤ ਨੂੰ , ਜਿੱਥੇ ਲਾਕਡਾਊਨ ਤੋਂ ਤਿੰਨ ਮਹੀਨੇ ਬਾਅਦ ਫੈਕਟਰੀ ਬੰਦ ਹੋਣ ਕਾਰਨ ਬੇਰੁਜ਼ਗਾਰ ਹੋਏ ਕੋਈ 200 ਵਰਕਰ ਧਰਨਾ ਦਿੰਦੇ ਹਨ | 54 ਸਾਲ ਦੀ ਮੁੰਨੀ ਬਾਈ ਦੇ ਪਰਵਾਰ ਨੂੰ ਮਕਾਨ ਦਾ ਕਿਰਾਇਆ ਦੇਣਾ ਔਖਾ ਹੋਇਆ ਪਿਆ ਹੈ | ਅਪਾਹਜ ਪੋਤੇ ਦੀਆਂ ਦਵਾਈਆਂ ਦਾ ਖਰਚ ਵੱਖਰਾ | ਪਰਵਾਰ ਵਿਚ ਪੰਜ ਬਾਲਗ ਹਨ, ਜਿਨ੍ਹਾਂ ਵਿਚੋਂ ਤਿੰਨ ਦੀਆਂ ਨੌਕਰੀਆਂ ਲਾਕਡਾਊਨ ਨਿਗਲ ਗਿਆ | ਦੂਜੀ ਕਹਾਣੀ ਕਰਨਾਟਕ ਦੇ ਸ੍ਰੀਰੰਗਪਟਨਾ ਦੀ ਸ਼ੋਭਾ ਦੀ ਹੈ | ਉਹ ਦੋ ਬੱਚਿਆਂ ਦੀ ਮਾਂ ਹੈ ਤੇ ਘਰ ਵਿਚ ਇਕੱਲੀ ਕਮਾਉਣ ਵਾਲੀ | ਉਹ ਵੀ ਉਨ੍ਹਾਂ ਕਰੀਬ 1300 ਵਰਕਰਾਂ ਵਿਚ ਸੀ, ਜਿਨ੍ਹਾਂ ਨੂੰ ਪਿਛਲੇ ਸਾਲ ਜੂਨ 'ਚ ਕੱਪੜਾ ਫੈਕਟਰੀ ਨੇ ਨੌਕਰੀ ਤੋਂ ਕੱਢ ਦਿੱਤਾ ਸੀ | ਇਹ ਸਿਰਫ ਦੋ ਕਹਾਣੀਆਂ ਹੀ ਨਹੀਂ, ਦੇਸ਼ ਵਿਚ ਲੱਖਾਂ ਵਰਕਰਾਂ ਦੀ ਕਿਸਮਤ ਲਾਕਡਾਊਨ 'ਚ ਲਾਕਡਾਊਨ ਹੋਈ ਸੀ | ਇਨ੍ਹਾਂ ਵਿਚ ਘਰ ਦਾ ਗੁਜ਼ਾਰਾ ਚਲਾਉਣ ਲਈ ਪਤੀਆਂ ਨਾਲ ਮਿਲ ਕੇ ਕੰਮ ਕਰਨ ਲਈ ਮਜਬੂਰ ਮਹਿਲਾਵਾਂ ਵੀ ਸਨ | ਮੁੰਬਈ ਅਧਾਰਤ ਸੰਸਥਾ ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ (ਸੀ ਐੱਮ ਆਈ ਈ) ਮੁਤਾਬਕ ਮਈ-ਅਗਸਤ 2016 ਦੇ ਸਰਵੇ ਮੁਤਾਬਕ ਕੁਲ ਕਾਮਾ ਸ਼ਕਤੀ ਵਿਚ ਮਹਿਲਾਵਾਂ ਦਾ ਹਿੱਸਾ 16.4 ਫੀਸਦੀ ਸੀ | ਨੋਟਬੰਦੀ ਦੇ ਝਟਕੇ ਨੇ ਇਸ ਵਿਚ ਕਾਫੀ ਕਮੀ ਕਰ ਦਿੱਤੀ | ਇਸ ਤੋਂ ਬਾਅਦ ਮੱਧ 2018 ਤੇ 2020 ਦੀ ਸ਼ੁਰੂਆਤ ਵਿਚਾਲੇ ਕੁਝ ਸੁਧਾਰ ਨਾਲ ਇਹ 11 ਫੀਸਦੀ ਤੱਕ ਪੁੱਜਿਆ ਸੀ ਕਿ ਲਾਕਡਾਊਨ ਲਾਗੂ ਹੋ ਗਿਆ | ਇਸ ਨੇ ਐਸੀ ਮਾਰ ਮਾਰੀ ਕਿ ਮਹਿਲਾਵਾਂ ਦਾ ਕਾਮਾ ਸ਼ਕਤੀ ਵਿਚ ਹਿੱਸਾ ਘਟ ਕੇ 9 ਫੀਸਦੀ ਤੱਕ ਆ ਗਿਆ | ਸੀ ਐੱਮ ਆਈ ਈ ਮੁਤਾਬਕ ਪਿਛਲੇ ਸਾਲ ਨਵੰਬਰ ਤੱਕ ਕਾਫੀ ਮਰਦ ਤਾਂ ਕਿਸੇ ਨਾ ਕਿਸੇ ਤਰ੍ਹਾਂ ਕੰਮ ਹਾਸਲ ਕਰਨ ਦੇ ਯੋਗ ਹੋ ਗਏ, ਪਰ ਮਹਿਲਾਵਾਂ ਵਿਚੋਂ 49 ਫੀਸਦੀ ਕੰਮ 'ਤੇ ਪਰਤ ਨਹੀਂ ਸਕੀਆਂ | ਦਰਅਸਲ ਕੋਈ ਵੀ ਵੱਡਾ ਸੰਕਟ ਮਹਿਲਾਵਾਂ 'ਤੇ ਸਭ ਤੋਂ ਮਾਰੂ ਅਸਰ ਕਰਦਾ ਹੈ | ਸੀ ਐੱਮ ਆਈ ਈ ਦੇ ਮੈਨੇਜਿੰਗ ਡਾਇਰੈਕਟਰ ਤੇ ਸੀ ਈ ਓ ਮਹੇਸ਼ ਵਿਆਸ ਮੁਤਾਬਕ ਨੋਟਬੰਦੀ ਤੋਂ ਬਾਅਦ 24 ਲੱਖ ਮਹਿਲਾਵਾਂ ਦੀ ਮੁਲਾਜ਼ਮਤ ਜਾਂਦੀ ਲੱਗੀ ਸੀ | ਇਸੇ ਤਰ੍ਹਾਂ ਲਾਕਡਾਊਨ ਨਾਲ ਵੀ ਮਰਦਾਂ ਨਾਲੋਂ ਵੱਧ ਮਾਰ ਮਹਿਲਾ ਵਰਕਰਾਂ ਨੂੰ ਪਈ, ਖਾਸਕਰ ਸ਼ਹਿਰਾਂ ਵਿਚ ਕੰਮ ਕਰਨ ਵਾਲੀਆਂ ਨੂੰ | ਮਹਿਲਾ ਵਰਕਰਾਂ ਦੀ ਹਾਲਤ ਅਜੇ ਵੀ ਸੁਧਰਦੀ ਨਜ਼ਰ ਨਹੀਂ ਆਉਂਦੀ | ਕੋਰੋਨਾ ਦੀ ਮਹਾਂਮਾਰੀ ਸ਼ੁਰੂ ਹੁੰਦਿਆਂ ਹੀ ਸਭ ਤੋਂ ਪਹਿਲਾਂ ਇਨ੍ਹਾਂ ਨੂੰ ਨੌਕਰੀ ਤੋਂ ਹੱਥ ਧੋਣੇ ਪਏ ਤੇ ਕੋਰੋਨਾ ਅਜੇ ਵੀ ਖਤਮ ਨਹੀਂ ਹੋਇਆ, ਸਗੋਂ ਦੁਬਾਰਾ ਬੁੜ੍ਹਕ ਰਿਹਾ ਹੈ | ਕੇਂਦਰ ਸਰਕਾਰ ਨੇ ਸਰਮਾਏਦਾਰਾਂ ਨੂੰ ਲਾਕਡਾਊਨ ਨਾਲ ਹੋਏ ਨੁਕਸਾਨ ਦੀ ਪੂਰਤੀ ਲਈ ਤਾਂ ਵਿਸ਼ੇਸ਼ ਪੈਕੇਜ ਐਲਾਨ ਦਿੱਤੇ, ਪਰ ਮਹਿਲਾ ਵਰਕਰਾਂ ਲਈ ਅਜੇ ਤੱਕ ਕੁਝ ਨਹੀਂ ਕੀਤਾ |

641 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper