Latest News
ਸਫ਼ਲ ਬੰਦ ਤੇ ਮੋਰਚੇ ਦੇ ਖਲਨਾਇਕ

Published on 28 Mar, 2021 09:42 AM.


ਸੰਯੁਕਤ ਕਿਸਾਨ ਮੋਰਚੇ ਨੇ 11 ਮਾਰਚ ਨੂੰ 26 ਮਾਰਚ ਦੇ ਭਾਰਤ ਬੰਦ ਦਾ ਐਲਾਨ ਕੀਤਾ ਸੀ | ਉਸੇ ਦਿਨ ਤੋਂ ਹੀ ਇਸ ਨੂੰ ਕਾਮਯਾਬ ਕਰਨ ਲਈ ਤਿਆਰੀਆਂ ਵਿੱਢ ਦਿੱਤੀਆਂ ਸਨ | 15 ਮਾਰਚ ਨੂੰ ਸਮੁੱਚੇ ਦੇਸ਼ ਵਿੱਚ ਮਜ਼ਦੂਰ ਜਥੇਬੰਦੀਆਂ ਨਾਲ ਮਿਲ ਕੇ ਨਿੱਜੀਕਰਨ ਵਿਰੋਧੀ ਦਿਵਸ ਮਨਾਇਆ ਗਿਆ | ਸਟੇਸ਼ਨਾਂ ਦੇ ਬਾਹਰ ਧਰਨੇ ਲਾਏ ਗਏ | ਐੱਸ ਡੀ ਐੱਮਜ਼ ਤੇ ਡਿਪਟੀ ਕਮਿਸ਼ਨਰਾਂ ਨੂੰ ਮੈਮੋਰੰਡਮ ਦਿੱਤੇ ਗਏ | ਬੈਂਕਾਂ, ਰੋਡਵੇਜ਼ ਤੇ ਬਿਜਲੀ ਮੁਲਾਜ਼ਮਾਂ ਨੇ ਹੜਤਾਲਾਂ ਕਰਕੇ ਇਸ ਐਕਸ਼ਨ ਵਿੱਚ ਹਿੱਸਾ ਪਾਇਆ | 17 ਮਾਰਚ ਨੂੰ ਮੋਰਚੇ ਦੇ ਹੈੱਡਕੁਆਟਰ ਸਿੰਘੂ ਬਾਰਡਰ 'ਤੇ ਮਜ਼ਦੂਰ ਜਥੇਬੰਦੀਆਂ, ਵਪਾਰ ਸੰਗਠਨਾਂ ਤੇ ਟਰਾਂਸਪੋਰਟਰ ਜਥੇਬੰਦੀਆਂ ਨੇ ਸਾਂਝੀ ਮੀਟਿੰਗ ਕਰਕੇ ਭਾਰਤ ਬੰਦ ਦੀ ਕਾਮਯਾਬੀ ਲਈ ਵਿਉਤਾਂ ਬਣਾਈਆਂ | 19 ਮਾਰਚ ਨੂੰ ਪੈਪਸੂ ਦੇ ਮਹਾਨ ਮੁਜ਼ਾਰਾ ਅੰਦੋਲਨ ਦੀ ਵਰ੍ਹੇਗੰਢ ਮੌਕੇ ਟਿਕਰੀ ਬਾਰਡਰ 'ਤੇ ਵੱਡਾ ਇਕੱਠ ਕਰਕੇ ਮੁਜ਼ਾਰਾ ਲਹਿਰ ਦੇ ਯੋਧਿਆਂ ਦੇ ਪਰਵਾਰਾਂ ਨੂੰ ਸਨਮਾਨਤ ਕੀਤਾ ਗਿਆ | 23 ਮਾਰਚ ਨੂੰ ਸ਼ਹਾਦਤ ਦਿਵਸ ਮੌਕੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦਿੱਲੀ ਮੋਰਚਿਆਂ 'ਤੇ ਨੌਜਵਾਨਾਂ ਦੇ ਭਰਵੇਂ ਇਕੱਠ ਕਰਕੇ ਉਨ੍ਹਾਂ ਨੂੰ ਕਿਸਾਨ ਮੋਰਚੇ ਦਾ ਅੰਗ ਬਣਾਇਆ ਗਿਆ | ਇਸ ਮੌਕੇ ਸਮੁੱਚੇ ਦੇਸ਼ ਅੰਦਰ ਪਹਿਲੀ ਵਾਰ ਵੱਡੇ ਪੱਧਰ 'ਤੇ ਸ਼ਹੀਦਾਂ ਦੀ ਯਾਦ ਮਨਾਈ ਗਈ | ਪੰਜਾਬ ਅੰਦਰ ਵੀ ਖਟਕੜ ਕਲਾਂ, ਹੁਸੈਨੀਵਾਲਾ ਤੇ ਅਨੇਕਾਂ ਹੋਰ ਥਾਵਾਂ 'ਤੇ ਸ਼ਹੀਦੀ ਸਮਾਗਮ ਹੋਏ |
ਕਿਸਾਨ ਮਹਾਂਪੰਚਾਇਤਾਂ ਦਾ ਵੀ ਕਿਸਾਨ ਮੋਰਚੇ ਦੇ ਆਗੂਆਂ ਨੇ ਤਾਂਤਾ ਬੰਨ੍ਹੀ ਰੱਖਿਆ | ਪੰਜਾਬ, ਹਰਿਆਣਾ, ਪੱਛਮੀ ਬੰਗਾਲ, ਅਸਾਮ, ਉਤਰ ਪ੍ਰਦੇਸ਼, ਉਤਰਾਖੰਡ, ਰਾਜਸਥਾਨ, ਆਂਧਰਾ, ਮੱਧ ਪ੍ਰਦੇਸ਼, ਤੇਲੰਗਾਨਾ ਸਮੇਤ ਦੂਰ ਦੇ ਸੂਬਿਆਂ ਵਿੱਚ ਵੀ ਮਹਾਂਪੰਚਾਇਤਾਂ ਰਾਹੀਂ ਲੋਕਾਂ ਨੂੰ ਖੇਤੀ ਸੰਬੰਧੀ ਕਾਲੇ ਕਾਨੂੰਨਾਂ ਬਾਰੇ ਜਾਗਰੂਕ ਕਰਦਿਆਂ ਭਾਰਤ ਬੰਦ ਨੂੰ ਸਫ਼ਲ ਬਣਾਉਣ ਦਾ ਸੁਨੇਹਾ ਪੁਚਾਇਆ ਗਿਆ | ਇਸ ਦੌਰਾਨ ਵੱਖ-ਵੱਖ ਰਾਜਾਂ ਵਿੱਚ ਲੰਮੀਆਂ ਪਦਯਾਤਰਾਵਾਂ ਵੀ ਕੱਢੀਆਂ ਗਈਆਂ | ਇਸ ਮਿਹਨਤ ਦਾ ਹੀ ਸਿੱਟਾ ਸੀ ਕਿ ਭਾਰਤ ਬੰਦ ਮਿਸਾਲੀ ਹੋ ਨਿਬੜਿਆ | ਪੰਜਾਬ, ਹਰਿਆਣਾ, ਉਤਰ-ਪੱਛਮੀ ਯੂ ਪੀ, ਰਾਜਸਥਾਨ, ਉਤਰਾਖੰਡ, ਆਂਧਰਾ ਪ੍ਰਦੇਸ਼, ਤੇਲੰਗਾਨਾ, ਬਿਹਾਰ, ਓਡੀਸ਼ਾ ਤੇ ਛੱਤੀਸਗੜ੍ਹ ਵਿੱਚ ਬੰਦ ਦਾ ਵਿਆਪਕ ਅਸਰ ਰਿਹਾ | ਭਾਜਪਾ ਸ਼ਾਸਤ ਰਾਜਾਂ ਯੂ ਪੀ, ਕਰਨਾਟਕ ਤੇ ਗੁਜਰਾਤ ਵਿੱਚ ਬੰਦ ਨੂੰ ਅਸਫ਼ਲ ਬਣਾਉਣ ਲਈ ਸੱਤਾਧਾਰੀਆਂ ਨੇ ਸਰਕਾਰੀ ਮਸ਼ੀਨਰੀ ਦੀ ਰੱਜ ਕੇ ਦੁਰਵਰਤੋਂ ਕੀਤੀ, ਪਰ ਉਹ ਅੰਦੋਲਨਕਾਰੀਆਂ ਦੇ ਹੌਸਲੇ ਨਹੀਂ ਤੋੜ ਸਕੇ | ਬਾਕੀ ਰਾਜਾਂ ਵਿੱਚ ਵੀ ਅੰਦੋਲਨ ਨਾਲ ਜੁੜੀਆਂ ਧਿਰਾਂ ਨੇ ਆਪਣੀ ਤਾਕਤ ਮੁਤਾਬਕ ਬੰਦ ਵਿੱਚ ਹਿੱਸਾ ਪਾਇਆ | ਪੰਜਾਬ ਵਿੱਚ ਤਾਂ ਇਹ ਪਹਿਲੀ ਵਾਰ ਹੋਇਆ, ਜਦੋਂ ਬਿਨਾਂ ਕਿਸੇ ਜ਼ੋਰ-ਜ਼ਬਰਦਸਤੀ ਦੇ ਲੋਕਾਂ ਨੇ ਖੁਦ ਆਪਣੇ ਕਾਰੋਬਾਰ ਬੰਦ ਰੱਖੇ ਤੇ ਇਥੋਂ ਤੱਕ ਕਿ ਬੈਂਕ ਵੀ ਬੰਦ ਰਹੇ |
ਭਾਰਤ ਬੰਦ ਨੂੰ ਪੰਜਾਬ ਵਿੱਚ ਮਿਲੇ ਬੇਮਿਸਾਲ ਹੁੰਗਾਰੇ ਨੇ ਭਾਜਪਾ ਆਗੂਆਂ ਦੇ ਸਾਹ ਸੁਕਾ ਦਿੱਤੇ | ਉਨ੍ਹਾਂ ਆਪਣੇ ਸਭ ਆਗੂਆਂ ਦੀਆਂ ਜ਼ਿਲ੍ਹੇ ਵਾਰ ਪੈ੍ਰੱਸ ਕਾਨਫਰੰਸਾਂ ਕਰਨ ਦੀਆਂ ਡਿਊਟੀਆਂ ਲਾ ਦਿੱਤੀਆਂ | ਬਹਾਨਾ ਤਾਂ ਇਹ ਬਣਾਇਆ ਕਿ ਇਨ੍ਹਾਂ ਪ੍ਰੈੱਸ ਕਾਨਫਰੰਸਾਂ ਰਾਹੀਂ ਉਹ ਕੈਪਟਨ ਰਾਜ ਦੀ 4 ਸਾਲਾ ਕਾਰਗੁਜ਼ਾਰੀ ਦਾ ਪਰਦਾ ਫਾਸ਼ ਕਰਨਗੇ, ਪਰ ਨਿਸ਼ਾਨਾ ਉਨ੍ਹਾਂ ਦਾ ਕਿਸਾਨ ਅੰਦੋਲਨ ਸੀ | ਪੰਜਾਬ ਭਾਜਪਾ ਦੇ ਆਗੂਆਂ ਦੇ ਬਿਆਨਾਂ ਤੋਂ ਹੀ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ, ਜਦੋਂ ਉਹ ਇਹ ਕਹਿੰਦੇ ਹਨ ਕਿ ਕਿਸਾਨਾਂ ਨੂੰ ਤਾਂ ਕੈਪਟਨ ਨੇ ਗੁੰਮਰਾਹ ਕੀਤਾ ਹੈ | ਗੁਰਦਾਸਪੁਰ, ਫਿਰੋਜ਼ਪੁਰ ਤੇ ਬਰਨਾਲਾ ਸਮੇਤ ਹਰ ਥਾਂ ਕਿਸਾਨ ਜਥੇਬੰਦੀਆਂ ਦੇ ਵਰਕਰਾਂ ਨੇ ਭਾਜਪਾ ਆਗੂਆਂ ਦੀਆਂ ਪ੍ਰੈੱਸ ਕਾਨਫਰੰਸਾਂ ਦਾ ਡਟਵਾਂ ਵਿਰੋਧ ਕੀਤਾ ਤੇ ਉਨ੍ਹਾਂ ਨੂੰ ਸੁੱਚੇ ਮੂੰਹ ਘਰਾਂ ਨੂੰ ਮੁੜਨਾ ਪਿਆ | ਇਸ ਦੌਰਾਨ ਮਲੋਟ ਵਿੱਚ ਪ੍ਰੈੱਸ ਕਾਨਫ਼ਰੰਸ ਕਰਨ ਆਏ ਅਬੋਹਰ ਦੇ ਭਾਜਪਾ ਵਿਧਾਇਕ ਅਰੁਣ ਨਾਰੰਗ ਨਾਲ ਨੀਚਤਾ-ਭਰੀ ਹੱੁਲੜਬਾਜ਼ੀ ਕੀਤੀ ਗਈ | ਪਹਿਲਾਂ ਤਾਂ ਅਸੀਂ ਭਾਜਪਾ ਆਗੂਆਂ ਨੂੰ ਕਹਿਣਾ ਚਾਹਾਂਗੇ ਕਿ 8 ਮਹੀਨਿਆਂ ਤੋਂ ਸੜਕਾਂ 'ਤੇ ਸੌਂਦੇ ਪੰਜਾਬ ਦੇ ਕਿਸਾਨ ਡਾਢੇ ਸਤੇ ਹੋਏ ਹਨ | ਇਸ ਲਈ ਜੇਕਰ ਉਹ ਆਪਣੀ ਕੇਂਦਰੀ ਹਾਈਕਮਾਂਡ ਨੂੰ ਕਿਸਾਨ ਮੰਗਾਂ ਮੰਨਣ ਲਈ ਨਹੀਂ ਕਹਿ ਸਕਦੇ ਤਾਂ ਉਨ੍ਹਾਂ ਨੂੰ ਘਰਾਂ ਵਿੱਚ ਅਰਾਮ ਕਰਨਾ ਚਾਹੀਦਾ ਹੈ | ਇਸ ਦੇ ਨਾਲ ਹੀ ਸਾਡੀ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਉਨ੍ਹਾਂ ਨੂੰ ਫੁੱਟਪਾਊ ਟੋਲੇ ਤੋਂ ਸਾਵਧਾਨ ਰਹਿਣ ਦੀ ਲੋੜ ਹੈ | ਸੱਤਾਧਾਰੀਆਂ ਦਾ ਤੇ ਇਸ ਟੋਲੇ ਦਾ ਇੱਕੋ-ਇੱਕ ਮਕਸਦ ਹੈ ਕਿਸਾਨ ਅੰਦੋਲਨ ਨੂੰ ਇਸ ਦੇ ਪੁਰਅਮਨ ਅਕੀਦੇ ਤੋਂ ਭਟਕਾਉਣਾ | ਇਸ ਟੋਲੇ ਨੇ ਪਹਿਲਾਂ ਸ਼ੰਭੂ ਮੋਰਚੇ ਨੂੰ ਹਿੰਦ-ਪੰਜਾਬ ਦੀ ਜੰਗ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਫਿਰ 26 ਜਨਵਰੀ ਨੂੰ ਜੋ ਹੋਇਆ, ਉਸ ਬਾਰੇ ਸਾਰਾ ਦੇਸ਼ ਜਾਣਦਾ ਹੈ | ਉਸ ਸਾਜ਼ਿਸ਼ ਦਾ ਇਸ਼ਾਰਾ ਤਾਂ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਕਿਸਾਨ ਆਗੂਆਂ ਨਾਲ 22 ਜਨਵਰੀ ਨੂੰ ਹੋਈ ਆਖਰੀ ਮੀਟਿੰਗ ਵਿੱਚ ਹੀ ਦੇ ਦਿੱਤਾ ਸੀ, ਜਦੋਂ ਉਸ ਨੇ ਮੀਟਿੰਗ ਦੇ ਅੰਤ ਵਿੱਚ ਇਹ ਕਿਹਾ, 'ਚੰਗਾ ਬਈ, ਹੁਣ ਤੁਸੀਂ ਜਾਓ ਤੇ 26 ਜਨਵਰੀ ਦੀ ਤਿਆਰੀ ਕਰੋ ਤੇ ਅਸੀਂ ਵੀ ਆਪਣੀ ਤਿਆਰੀ ਕਰਦੇ ਹਾਂ |' ਇਹ ਸੱਤਾ ਪੱਖ ਦੀ ਤਿਆਰੀ ਦਾ ਹੀ ਨਤੀਜਾ ਸੀ, ਜੋ 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਹੋਇਆ | ਫਿਰ ਜਦੋਂ ਪੰਜਾਬ ਵਿੱਚ ਮਹਾਂਪੰਚਾਇਤਾਂ ਦਾ ਹੜ੍ਹ ਆਇਆ ਤਾਂ ਇਸ ਟੋਲੇ ਨੇ ਲਾਲ ਕਿਲ੍ਹਾ ਕਾਂਡ ਵਿੱਚ ਸ਼ਹੀਦ ਹੋਏ ਨਵਰੀਤ ਸਿੰਘ ਦੇ ਬਾਬੇ ਹਰਦੀਪ ਸਿੰਘ ਡਿਬਡਬਾ ਨੂੰ ਅੱਗੇ ਲਾ ਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਿਰੁੱਧ ਭੜਾਸ ਕੱਢਣ ਲਈ ਮੁਕਾਬਲੇ ਦੀਆਂ ਨੌਜਵਾਨ ਕਿਸਾਨ ਪੰਚਾਇਤਾਂ ਸ਼ੁਰੂ ਕਰ ਦਿੱਤੀਆਂ | ਹੁਣ ਆਹ ਮਲੋਟ ਦੀ ਨੀਚਤਾ-ਭਰੀ ਕਰਤੂਤ ਕਰ ਦਿੱਤੀ ਹੈ | ਇਸ ਐਕਸ਼ਨ ਵਿੱਚ ਸ਼ਾਮਲ ਕਿਸਾਨ ਧਿਰਾਂ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਲੋਕ ਕੌਣ ਸਨ, ਜਿਹੜੇ ਕਾਲੇ ਮੁਗਲੈਲ ਦੀ ਪੀਪੀ ਨਾਲ ਲੈ ਕੇ ਆਏ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਾਰਾ ਕਾਂਡ ਗਿਣਮਿਥ ਕੇ ਕੀਤਾ ਗਿਆ ਸੀ | ਇਹ ਚੰਗੀ ਗੱਲ ਹੈ ਕਿ ਸੰਯੁਕਤ ਮੋਰਚੇ ਦੇ ਆਗੂਆਂ ਨੇ ਇਸ ਕਾਂਡ ਦੀ ਘੋਰ ਨਿੰਦਾ ਕੀਤੀ ਹੈ | ਸੰਯੁਕਤ ਮੋਰਚੇ ਵਿੱਚ ਸ਼ਾਮਲ ਵੱਖ-ਵੱਖ ਜਥੇਬੰਦੀਆਂ ਨੂੰ ਵੀ ਇਸ ਘਟਨਾ ਦੀ ਨਿੰਦਿਆ ਕਰਨੀ ਚਾਹੀਦੀ ਹੈ ਤੇ ਅਜਿਹਾ ਮੁੜ ਨਾ ਵਾਪਰੇ, ਇਸ ਦੇ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ |
-ਚੰਦ ਫਤਿਹਪੁਰੀ

678 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper