Latest News
ਜਮਹੂਰੀਅਤ ਨਾਲ ਖਿਲਵਾੜ

Published on 30 Mar, 2021 11:58 AM.


ਆਸਾਮ ਦੀਆਂ ਕਈ ਸਰਕਰਦਾ ਅਖਬਾਰਾਂ ਵਿਚ ਐਤਵਾਰ ਪਹਿਲੇ ਸਫੇ 'ਤੇ ਇਹ ਸੁਰਖੀ ਛਪੀ ਕਿ ਸ਼ਨੀਵਾਰ ਨੂੰ ਅਸੰਬਲੀ ਚੋਣਾਂ ਦੇ ਪਹਿਲੇ ਗੇੜ ਵਿਚ ਜਿਨ੍ਹਾਂ 47 ਹਲਕਿਆਂ ਵਿਚ ਵੋਟਾਂ ਪਈਆਂ, ਉਨ੍ਹਾਂ 'ਚ ਭਾਜਪਾ ਜਿੱਤੇਗੀ | ਬਹੁਤੇ ਪਾਠਕਾਂ ਨੇ ਇਸ ਨੂੰ ਸੱਚਮੁੱਚ ਦੀ ਸੁਰਖੀ ਸਮਝ ਲਿਆ, ਜਦਕਿ ਹੈ ਨਹੀਂ ਸੀ | ਦਰਅਸਲ ਇਹ ਭਾਜਪਾ ਦੇ ਨਾਂਅ ਤੇ ਉਸ ਦੇ ਨਿਸ਼ਾਨ ਕਮਲ ਵਾਲਾ ਇਸ਼ਤਿਹਾਰ ਸੀ | ਚੋਣ ਅਮਲ ਦੌਰਾਨ ਛਪਣ ਵਾਲੇ ਸਾਰੇ ਇਸ਼ਤਿਹਾਰਾਂ ਨੂੰ ਚੋਣ ਕਮਿਸ਼ਨ ਦੀ ਮਨਜ਼ੂਰੀ ਨਾਲ ਛਾਪਿਆ ਜਾਂਦਾ ਹੈ | ਚੋਣ ਕਮਿਸ਼ਨ ਨੇ 26 ਮਾਰਚ ਨੂੰ ਬਕਾਇਦਾ ਕਿਹਾ ਸੀ ਕਿ 27 ਮਾਰਚ ਦੀ ਸਵੇਰ 7 ਵਜੇ ਤੋਂ 29 ਅਪ੍ਰੈਲ ਦੀ ਸ਼ਾਮ ਸਾਢੇ 7 ਵਜੇ ਤੱਕ ਅਜਿਹੀ ਕੋਈ ਚੀਜ਼ ਨਾ ਛਾਪੀ ਜਾਏ ਨਾ ਟੈਲੀਕਾਟਸ ਕੀਤੀ ਜਾਵੇ ਜਿਹੜੀ ਚੋਣ ਨਤੀਜੇ ਦੀ ਭਵਿੱਖਬਾਣੀ ਕਰਦੀ ਹੋਵੇ | ਆਸਾਮੀ ਦੀਆਂ 7 ਅਤੇ ਅੰਗਰੇਜ਼ੀ ਤੇ ਹਿੰਦੀ ਦੀ ਇਕ-ਇਕ ਅਖਬਾਰ ਨੇ ਇਹ ਖਬਰਨੁਮਾ ਇਸ਼ਤਿਹਾਰ ਛਾਪਿਆ | ਸੁਰਖੀ ਉੱਤੇ ਇਹ ਲਾਈਨ ਵੀ ਲਿਖੀ ਹੋਈ ਸੀ—ਭਾਜਪਾ ਹਮਾਇਤੀਆਂ ਤੇ ਕਾਰਕੁਨਾਂ ਵਿਚ ਜ਼ਬਰਦਸਤ ਉਤਸ਼ਾਹ | ਜਿਨ੍ਹਾਂ 47 ਹਲਕਿਆਂ ਵਿਚ ਵੋਟਾਂ ਪਈਆਂ, ਉਹ ਸਭ ਉੱਤਲੇ (ਪੂਰਬੀ) ਆਸਾਮ ਵਿਚ ਹਨ | ਹਿੰਦੀ ਅਖਬਾਰ ਦੈਨਿਕ ਪੂਰਵੋਦਯ ਦੇ ਐਡੀਟਰ ਆਰ ਰਵੀ ਨੇ ਇਹ ਸਫਾਈ ਦਿੱਤੀ ਕਿ ਇਹ ਇਸ਼ਤਿਹਾਰ ਸੀ, ਖਬਰ ਨਹੀਂ | ਇਸ ਨਾਲ ਭਾਜਪਾ ਦਾ ਨਿਸ਼ਾਨ ਕਮਲ ਵੀ ਸੀ | ਅੰਗਰੇਜ਼ੀ ਅਖਬਾਰ 'ਦੀ ਆਸਾਮ ਟਿ੍ਬਿਊਨ' ਦੇ ਐਡੀਟਰ ਪੀ ਜੀ ਬਰੁਆ ਦੀ ਇਹ ਦਿਲਚਸਪ ਦਲੀਲ ਸੀ ਕਿ ਇਸ਼ਤਿਹਾਰ ਲੇਟ ਆਇਆ ਸੀ ਤੇ ਜ਼ਿਆਦਾ ਘੋਖੇ ਬਿਨਾਂ ਛਪ ਗਿਆ | ਸਿਆਸੀ ਪਾਰਟੀਆਂ ਵੋਟਿੰਗ ਤੋਂ ਬਾਅਦ ਜਿੱਤਣ ਦੇ ਦਾਅਵੇ ਤਾਂ ਕਰਦੀਆਂ ਹਨ, ਪਰ ਇਸ਼ਤਿਹਾਰ ਦੇ ਕੇ ਸਾਰੀਆਂ ਸੀਟਾਂ ਜਿੱਤਣ ਦੀ ਹਰਕਤ ਸ਼ਾਇਦ ਪਹਿਲੀ ਵਾਰ ਹੀ ਕੀਤੀ ਗਈ ਹੈ | ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਇਹ ਇਕ ਅਪ੍ਰੈਲ ਤੇ 6 ਅਪ੍ਰੈਲ ਨੂੰ ਪੈਣ ਵਾਲੀਆਂ ਵੋਟਾਂ ਲਈ ਵੋਟਰਾਂ ਨੂੰ ਗੰਮਰਾਹ ਕਰਨ ਦੀ ਕੋਸ਼ਿਸ਼ ਹੈ | ਉਸ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਲਈ ਭਾਜਪਾ ਪ੍ਰਧਾਨ ਜੇ ਪੀ ਨੱਢਾ ਤੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਦੇ ਨਾਲ-ਨਾਲ ਉਸ ਚੋਣ ਅਧਿਕਾਰੀ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ, ਜਿਸ ਨੇ ਇਸ਼ਤਿਹਾਰ ਨੂੰ ਕਲੀਅਰ ਕੀਤਾ | ਪਾਰਟੀ ਨੇ ਇਸ ਸੰਬੰਧ ਵਿਚ ਲੋਕ ਪ੍ਰਤੀਨਿਧਤਾ ਐਕਟ ਦੀ ਧਾਰਾ 126 ਏ ਤਹਿਤ ਐੱਫ ਆਈ ਆਰ ਵੀ ਦਰਜ ਕਰਾਈ ਹੈ, ਜਿਸ ਵਿਚ ਦੋ ਸਾਲ ਤੱਕ ਦੀ ਕੈਦ ਤੇ ਜੁਰਮਾਨਾ ਹੋ ਸਕਦਾ ਹੈ | ਸੂਬਾਈ ਮੁੱਖ ਚੋਣ ਅਧਿਕਾਰੀ ਵੱਲੋਂ ਜਾਰੀ ਨੋਟਿਸ 'ਤੇ ਅਖਬਾਰਾਂ ਨੇ ਆਪਣੀ ਸਫਾਈ ਦੇ ਦਿੱਤੀ ਹੈ, ਜਿਹੜੀ ਚੋਣ ਕਮਿਸ਼ਨ ਦੇ ਦਿੱਲੀ ਹੈੱਡਕੁਆਰਟਰ ਨੂੰ ਘੱਲ ਦਿੱਤੀ ਗਈ ਹੈ | ਦੇਖਣਾ ਹੋਵੇਗਾ ਕਿ ਚੋਣ ਕਮਿਸ਼ਨ ਕੀ ਕਾਰਵਾਈ ਕਰਦਾ ਹੈ, ਪਰ ਭਾਜਪਾ ਨੇ ਅਖਬਾਰਾਂ ਨਾਲ ਮਿਲ ਕੇ ਜੋ ਕਰਨਾ ਸੀ, ਉਸ ਵਿਚ ਤਾਂ ਉਹ ਸਫਲ ਹੋ ਹੀ ਗਈ ਹੈ | ਪਾਰਟੀਆਂ ਵੱਲੋਂ ਵੋਟਰਾਂ ਨਾਲ ਕੀਤੇ ਜਾਂਦੇ ਅਜਿਹੇ ਛਲਕਪਟ ਨੂੰ ਅਗਾਊਾ ਹੀ ਰੋਕਣ ਦੀ ਲੋੜ ਹੈ | ਇਹ ਤਾਂ ਹੀ ਸੰਭਵ ਹੋਵੇਗਾ, ਜੇ ਅਜਿਹੀ ਹਰਕਤ ਕਰਨ 'ਤੇ ਮੁੜ ਪੋਲਿੰਗ ਵਰਗੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ ਅਤੇ ਅਜਿਹੇ ਭੁਚਲਾਊ ਇਸ਼ਤਿਹਾਰ ਛਾਪਣ ਵਾਲੀਆਂ ਅਖਬਾਰਾਂ ਦੇ ਮਾਲਕਾਂ/ਐਡੀਟਰਾਂ ਤੇ ਇਸ ਦੀ ਮਨਜ਼ੂਰੀ ਦੇਣ ਵਾਲੇ ਚੋਣ ਅਧਿਕਾਰੀਆਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ, ਜਿਹੜੇ ਜਮਹੂਰੀਅਤ ਨਾਲ ਖਿਲਵਾੜ ਕਰਨ ਵਾਲਿਆਂ ਦੇ ਭਾਈਵਾਲ ਬਣਦੇ ਹਨ | ਫਿਲਹਾਲ ਚੋਣ ਕਮਿਸ਼ਨ ਇਹ ਜ਼ਰੂਰ ਕਰੇ ਕਿ ਜਿੰਨੀਆਂ ਅਖਬਾਰਾਂ ਵਿਚ, ਜਿਸ ਥਾਂ 'ਤੇ ਇਸ਼ਤਿਹਾਰ ਛਪਿਆ ਓਨੀਆਂ ਹੀ ਅਖਬਾਰਾਂ ਵਿਚ ਉਸੇ ਥਾਂ ਇਹ ਛਪਵਾਏ ਕਿ ਇਹ ਖਬਰਨੁਮਾ ਇਸ਼ਤਿਹਾਰ ਵੋਟਰਾਂ ਨੂੰ ਗੁੰਮਰਾਹ ਕਰਨ ਲਈ ਛਾਪਿਆ ਗਿਆ |

461 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper