Latest News
ਮਿੱਟੀ ਸੱਤਿਆਗ੍ਰਹਿ

Published on 31 Mar, 2021 11:12 AM.


ਬੀਤੀ 26 ਮਾਰਚ ਨੂੰ ਦਿੱਲੀ ਦੀ ਸਰਹੱਦ 'ਤੇ ਲੱਗੇ ਕਿਸਾਨ ਮੋਰਚਿਆਂ ਨੇ 4 ਮਹੀਨੇ ਪੂਰੇ ਕਰ ਲਏ ਸਨ | ਇਹ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਸੂਝ-ਸਿਆਣਪ ਸੀ ਕਿ ਉਨ੍ਹਾਂ ਏਨਾ ਲੰਮੇ ਚੱਲੇ ਅੰਦੋਲਨ ਦੌਰਾਨ ਨਾ ਇਸ ਵਿੱਚ ਖੜੋਤ ਆਉਣ ਦਿੱਤੀ ਤੇ ਨਾ ਇਸ ਨੂੰ ਅਕਾਊ ਹੋਣ ਦਿੱਤਾ | ਹਰ ਮੋੜ 'ਤੇ ਅਜਿਹੇ ਪ੍ਰੋਗਰਾਮ ਉਲੀਕੇ, ਜਿਨ੍ਹਾਂ ਨੇ ਕਿਸਾਨ ਅੰਦੋਲਨ ਨੂੰ ਹਰ ਆਏ ਦਿਨ ਨਵਾਂ ਹੁਲਾਰਾ ਦਿੱਤਾ | ਕਿਸਾਨ ਆਗੂ ਜਾਣਦੇ ਹਨ ਕਿ ਅੰਦੋਲਨ ਦਾ ਵਿਸਥਾਰ ਹੀ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦਾ ਜ਼ਾਮਨ ਹੋ ਸਕਦਾ ਹੈ | ਇਸ ਲਈ ਉਨ੍ਹਾਂ ਸਮੇਂ-ਸਮੇਂ ਉਤੇ ਅਜਿਹੇ ਕਦਮ ਚੁੱਕੇ, ਜਿਨ੍ਹਾਂ ਨਾਲ ਅੰਦੋਲਨ ਨੂੰ ਹੋਰ ਵਰਗਾਂ ਦਾ ਵੀ ਸਹਿਯੋਗ ਮਿਲੇ |
ਇਸੇ ਦੀ ਲੜੀ ਵਜੋਂ 28 ਮਾਰਚ ਨੂੰ ਲੁਧਿਆਣਾ ਵਿੱਚ ਕਿਰਤੀਆਂ ਤੇ ਕਿਸਾਨਾਂ ਦਾ ਸਾਂਝਾ ਵਿਸ਼ਾਲ ਇਕੱਠ ਕੀਤਾ ਗਿਆ | ਪਹਿਲੀ ਵਾਰ ਦਲਿਤ ਵਰਗ ਦੇ ਲੋਕ ਇਸ ਇਕੱਠ ਵਿੱਚ ਹੁੰਮ-ਹੁਮਾ ਕੇ ਪੁੱਜੇ | ਇਸ ਸਾਂਝੀ ਮਹਾਂਪੰਚਾਇਤ ਵਿੱਚ ਮੁਸਲਮਾਨ, ਕੂਕੇ, ਨਿਹੰਗ ਸਿੰਘ, ਸਾਬਕਾ ਫ਼ੌਜੀ ਤੇ ਸੇਵਾਮੁਕਤ ਸੀਨੀਅਰ ਅਫ਼ਸਰ ਤੋਂ ਲੈ ਕੇ ਸਮਾਜ ਦੇ ਹਰ ਵਰਗ ਦੇ ਆਗੂ ਸਭ ਭੇਦਭਾਵ ਭੁਲਾ ਕੇ ਸ਼ਾਮਲ ਹੋਏ |
ਇਸੇ ਦੌਰਾਨ ਦੇਸ਼ ਭਰ ਦੀਆਂ 300 ਦੇ ਕਰੀਬ ਸਮਾਜਿਕ ਜਥੇਬੰਦੀਆਂ ਦਾ ਸਾਂਝਾ ਮੰਚ ਨੈਸ਼ਨਲ ਅਲਾਇੰਸ ਆਫ਼ ਪੀਪਲਜ਼ ਮੂਵਮੈਂਟ ਵੀ ਕਿਸਾਨ ਅੰਦੋਲਨ ਦੀ ਪਿੱਠ ਉਤੇ ਆ ਗਿਆ ਹੈ | ਉਸ ਵੱਲੋਂ ਦਿੱਤੇ ਸੱਦੇ 'ਤੇ ਸਾਰੇ ਦੇਸ਼ ਵਿੱਚ 12 ਮਾਰਚ ਤੋਂ 28 ਮਾਰਚ ਤੱਕ ਮਿੱਟੀ ਸੱਤਿਆਗ੍ਰਹਿ ਕੀਤਾ ਗਿਆ | ਇਸ ਅਧੀਨ ਮਹਾਰਾਸ਼ਟਰ, ਗੁਜਰਾਤ, ਉਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਉੜੀਸਾ, ਮੱਧ ਪ੍ਰਦੇਸ਼, ਰਾਜਸਥਾਨ, ਉਤਰਾਖੰਡ ਤੇ ਪੰਜਾਬ ਸਮੇਤ ਲੱਗਭੱਗ ਸਭ ਰਾਜਾਂ ਵਿੱਚ ਨੌਜਵਾਨ ਜੱਥਿਆਂ ਨੇ ਪਿੰਡਾਂ ਦੀਆਂ ਇਤਿਹਾਸਕ ਥਾਵਾਂ ਤੇ ਅਜ਼ਾਦੀ ਦੇ ਨਾਇਕਾਂ ਦੇ ਸਥਾਨਾਂ ਤੋਂ ਮਿੱਟੀ ਦੀਆਂ ਮੁੱਠੀਆਂ ਇਕੱਤਰ ਕੀਤੀਆਂ, ਜਿਹੜੀਆਂ ਸਿੰਘੂ ਬਾਰਡਰ 'ਤੇ ਕਿਸਾਨ ਸ਼ਹੀਦਾਂ ਦੀ ਉਸਾਰੀ ਜਾਣ ਵਾਲੀ ਯਾਦਗਾਰ ਵਿੱਚ ਵਰਤੀਆਂ ਜਾਣਗੀਆਂ | ਇਸ ਦੇ ਨਾਲ ਹੀ 30 ਮਾਰਚ ਤੋਂ ਗੁਜਰਾਤ ਦੇ ਇਤਿਹਾਸਕ ਸਥਾਨ ਡਾਂਡੀ ਤੋਂ ਮਿੱਟੀ ਸੱਤਿਆਗ੍ਰਹਿ ਯਾਤਰਾ ਸ਼ੁਰੂ ਕੀਤੀ ਗਈ ਹੈ | ਇਹ ਯਾਤਰਾ ਗੁਜਰਾਤ, ਰਾਜਸਥਾਨ, ਹਰਿਆਣਾ ਤੇ ਪੰਜਾਬ ਹੁੰਦੇ ਹੋਏ 5 ਅਪ੍ਰੈਲ ਨੂੰ ਸ਼ਾਹਜਹਾਂਪੁਰ ਬਾਰਡਰ ਪੁੱਜੇਗੀ | 6 ਅਪ੍ਰੈਲ ਨੂੰ ਯਾਤਰਾ ਟਿਕਰੀ, ਗਾਜ਼ੀਪੁਰ ਤੇ ਸਿੰਘੂ ਮੋਰਚੇ 'ਤੇ ਜਾਵੇਗੀ | ਮੋਰਚਿਆਂ ਦੇ ਭਰਮਣ ਮੌਕੇ ਯਾਤਰਾ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਸ਼ਾਮਲ ਹੋਣਗੇ |
ਇਸੇ ਦੌਰਾਨ ਅੰਦੋਲਨ ਪੰਜਾਬ ਅੰਦਰ ਹੋਰ ਫੈਲਾਉਣ ਲਈ ਸੰਯੁਕਤ ਮੋਰਚੇ ਨੇ ਹਰ ਪਿੰਡ ਵਿੱਚ 21-21 ਨੌਜਵਾਨਾਂ ਦੀਆਂ ਕਿਸਾਨ ਕਮੇਟੀਆਂ ਬਣਾਉਣ ਦਾ ਸੱਦਾ ਦਿੱਤਾ ਹੈ | ਇਸ ਦੇ ਨਾਲ ਹੀ ਸੰਯੁਕਤ ਮੋਰਚੇ ਦੇ ਫੈਸਲੇ ਅਨੁਸਾਰ ਐੱਫ਼ ਸੀ ਆਈ ਦੀਆਂ ਕਿਸਾਨ ਮਾਰੂ ਸਿਫ਼ਾਰਸ਼ਾਂ ਵਿਰੁੱਧ 5 ਅਪ੍ਰੈਲ ਨੂੰ ਉਸ ਦੇ ਦਫ਼ਤਰਾਂ ਦੇ ਘਿਰਾਓ ਕੀਤੇ ਜਾਣਗੇ | ਸੰਯੁਕਤ ਮੋਰਚੇ ਦੇ ਸੱਦੇ ਉਤੇ ਕਿਸਾਨਾਂ ਨੇ ਰਾਏਕੋਟ ਵਿਖੇ ਅਡਾਨੀ ਦੀ ਖੁਸ਼ਕ ਬੰਦਰਗਾਹ ਅੱਗੇ ਧਰਨਾ ਦੇ ਕੇ ਕੰਮਕਾਰ ਠੱਪ ਕਰ ਦਿੱਤਾ ਹੈ |
ਹਰਿਆਣੇ ਦੇ ਕਿਸਾਨਾਂ ਨੇੇ ਭਾਜਪਾ ਤੇ ਇਸ ਦੀ ਸਹਿਯੋਗੀ ਜੇ ਜੇ ਪੀ ਦੇ ਆਗੂਆਂ ਦੇ ਬਾਈਕਾਟ ਵਜੋਂ ਪਿੰਡਾਂ ਦੇ ਗੇਟਾਂ 'ਤੇ ਮਨਾਹੀ ਦੇ ਬੋਰਡ ਲਾ ਦਿੱਤੇ ਹਨ | ਇਸ ਬਾਈਕਾਟ ਦਾ ਸੇਕ ਗੋਦੀ ਮੀਡੀਆ ਨੂੰ ਵੀ ਲੱਗਣ ਲੱਗਾ ਹੈ | 28 ਮਾਰਚ ਨੂੰ ਜ਼ੀ ਟੀ ਵੀ ਦੇ ਮਾਲਕ ਤੇ ਰਾਜ ਸਭਾ ਸਾਂਸਦ ਸੁਭਾਸ਼ ਚੰਦਰਾ ਨੇ ਹਿਸਾਰ ਵਿੱਚ ਇੱਕ ਸਮਾਗਮ ਵਿੱਚ ਸ਼ਾਮਲ ਹੋਣਾ ਸੀ | ਇਸ ਗੱਲ ਦਾ ਜਦੋਂ ਕਿਸਾਨਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਸਮਾਗਮ ਵਾਲੀ ਥਾਂ ਨੂੰ ਘੇਰ ਲਿਆ | ਇਸ ਤੋਂ ਬਾਅਦ ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਕਿਸਾਨਾਂ ਤੋਂ ਆਪਣੀ ਗਲਤੀ ਲਈ ਮਾਫ਼ੀ ਮੰਗੀ ਤੇ ਸੁਭਾਸ਼ ਚੰਦਰਾ ਦਾ ਪ੍ਰੋਗਰਾਮ ਰੱਦ ਕਰ ਦਿੱਤਾ |
-ਚੰਦ ਫਤਿਹਪੁਰੀ

458 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper