Latest News
ਆਪ੍ਰੇਸ਼ਨ ਕਮਲ

Published on 01 Apr, 2021 11:24 AM.


ਹਰ ਹਰਬਾ ਵਰਤ ਕੇ ਸੱਤਾ ਵਿਚ ਆਈ ਕਰਨਾਟਕ ਦੀ ਬੀ ਐੱਸ ਯੇਦੀਯੁਰੱਪਾ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਪਹਿਲਾਂ ਹੀ ਸੈਕਸ ਸੀਡੀ ਕਾਂਡ ਕਰਕੇ ਚਰਚਾ ਵਿਚ ਸੀ ਤੇ ਹੁਣ ਕਰਨਾਟਕ ਹਾਈ ਕੋਰਟ ਨੇ 'ਆਪ੍ਰੇਸ਼ਨ ਕਮਲ' ਮਾਮਲੇ ਦੀ ਜਾਂਚ ਦੇ ਹੁਕਮ ਦੇ ਕੇ ਉਸ ਦੀ ਸਿਰਦਰਦੀ ਵਧਾ ਦਿੱਤੀ ਹੈ | 2018 ਦੀਆਂ ਅਸੰਬਲੀ ਚੋਣਾਂ ਵਿਚ ਭਾਜਪਾ ਦੀਆਂ ਸੀਟਾਂ ਆਜ਼ਾਦਾਂ ਦੀ ਹਮਾਇਤ ਦੇ ਬਾਵਜੂਦ 106 ਤੱਕ ਪੁੱਜੀਆਂ ਸਨ, ਜਦਕਿ ਕਾਂਗਰਸ ਤੇ ਜਨਤਾ ਦਲ (ਸੈਕੂਲਰ) ਕੋਲ 118 ਵਿਧਾਇਕ ਸਨ | ਭਾਜਪਾ ਨੇ ਜੋੜ-ਤੋੜ ਲਾ ਕੇ ਕੁਲੀਸ਼ਨ ਦੇ 15 ਵਿਧਾਇਕਾਂ ਦੇ ਅਸਤੀਫੇ ਦਿਵਾ ਦਿੱਤੇ, ਜਿਸ ਨਾਲ ਅਸੰਬਲੀ ਮੈਂਬਰਾਂ ਦੀ ਗਿਣਤੀ 210 ਰਹਿ ਗਈ ਤੇ 106 ਨਾਲ ਉਹ ਸੱਤਾ ਵਿਚ ਆ ਗਈ | ਇਸ ਸਾਰੇ ਘਟਨਾਕ੍ਰਮ ਦੌਰਾਨ ਯੇਦੀਯੁਰੱਪਾ ਇਕ ਆਡੀਓ ਵਿਚ ਇਕ ਵਿਧਾਇਕ ਦੇ ਬੇਟੇ ਨੂੰ ਇਸ ਗੱਲ ਲਈ ਰਾਜ਼ੀ ਕਰਨ ਦੀ ਕੋਸ਼ਿਸ਼ ਕਰਦੇ ਸੁਣੇ ਗਏ ਸਨ ਕਿ ਉਹ ਆਪਣੇ ਪਿਤਾ ਤੋਂ ਅਸਤੀਫਾ ਦਿਵਾ ਕੇ ਉਸ ਤੋਂ ਪਾਰਟੀ ਬਦਲਵਾਏ | ਜਨਤਾ ਦਲ (ਸੈਕੂਲਰ) ਦੇ ਆਗੂ ਨਾਗਨ ਗੌੜਾ ਦੇ ਬੇਟੇ ਸ਼ਰਣ ਗੌੜਾ ਨੇ ਐੱਫ ਆਈ ਆਰ ਦਰਜ ਕਰਾਈ ਸੀ ਕਿ ਜਨਤਾ ਦਲ (ਸੈਕੂਲਰ) ਤੇ ਕਾਂਗਰਸ ਦੀ ਕੁਲੀਸ਼ਨ ਸਰਕਾਰ ਨੂੰ ਡੇਗ ਕੇ ਆਪਣੀ ਸਰਕਾਰ ਬਣਾਉਣ ਲਈ ਵਿਧਾਇਕਾਂ ਦੀ ਤੋੜ-ਭੰਨ ਕਰਨ ਵਾਸਤੇ 'ਆਪ੍ਰੇਸ਼ਨ ਕਮਲ' ਚਲਾਇਆ ਗਿਆ ਸੀ | ਜੂਨ 2019 ਵਿਚ ਕਾਂਗਰਸ ਤੇ ਜਨਤਾ ਦਲ (ਐੱਸ) ਦੇ 15 ਵਿਧਾਇਕ ਅਸਤੀਫੇ ਦੇ ਕੇ ਮੁੰਬਈ ਚਲੇ ਗਏ ਸਨ | ਤੱਤਕਾਲੀ ਸਪੀਕਰ ਨੇ ਉਨ੍ਹਾਂ ਨੂੰ ਅਯੋਗ ਠਹਿਰਾ ਦਿੱਤਾ, ਪਰ ਸੁਪਰੀਮ ਕੋਰਟ ਵਿਚ ਉਹ ਆਪਣੇ ਹੱਕ ਵਿਚ ਇਹ ਫੈਸਲਾ ਕਰਾਉਣ ਵਿਚ ਸਫਲ ਰਹੇ ਸਨ ਕਿ ਉਹ ਉਪ ਚੋਣ ਲੜ ਸਕਦੇ ਹਨ | ਇਸੇ ਦੌਰਾਨ ਸੁਪਰੀਮ ਕੋਰਟ ਦੇ ਨਿਰਦੇਸ਼ ਉੱਤੇ ਬਹੁਮਤ ਸਾਬਤ ਕਰਨ ਲਈ ਹੋਏ ਅਜਲਾਸ ਵਿਚ ਸਰਕਾਰ ਡਿੱਗ ਗਈ | ਬਗਾਵਤ ਕਰਨ ਵਾਲੇ ਵਿਧਾਇਕ ਉਪ ਚੋਣਾਂ ਵਿਚ ਭਾਜਪਾ ਦੀਆਂ ਟਿਕਟਾਂ 'ਤੇ ਜਿੱਤ ਗਏ ਤੇ ਯੇਦੀਯੁਰੱਪਾ ਦੀ ਕੁਰਸੀ ਪੱਕੀ ਹੋ ਗਈ | ਹਾਈ ਕੋਰਟ ਨੇ ਐੱਫ ਆਈ ਆਰ ਰੱਦ ਕਰਨ ਦੀ ਮੰਗ ਖਾਰਜ ਕਰਕੇ ਇਸ ਮਾਮਲੇ ਵਿਚ ਯੇਦੀਯੁਰੱਪਾ ਤੇ ਉਨ੍ਹਾ ਦੇ ਸਾਬਕਾ ਮੀਡੀਆ ਸਲਾਹਕਾਰ ਐੱਮ ਬੀ ਮਾਰਮਕਲ ਖਿਲਾਫ ਜਾਂਚ ਦੀ ਆਗਿਆ ਦੇ ਦਿੱਤੀ ਹੈ | ਇਕ ਵਾਇਰਲ ਹੋਏ ਵੀਡੀਓ ਵਿਚ ਯੇਦੀਯੁਰੱਪਾ ਹੁਬਲੀ 'ਚ ਭਾਜਪਾ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਇਹ ਕਹਿੰਦੇ ਵੀ ਨਜ਼ਰ ਆਏ ਸੀ ਕਿ ਅਮਿਤ ਸ਼ਾਹ ਸਣੇ ਹੋਰਨਾਂ ਕੇਂਦਰੀ ਪਾਰਟੀ ਆਗੂਆਂ ਦੇ ਨਿਰਦੇਸ਼ 'ਤੇ ਹੀ 'ਆਪ੍ਰੇਸ਼ਨ ਕਮਲ' ਚਲਾਇਆ ਗਿਆ ਸੀ | ਕਰਨਾਟਕ ਹੀ ਉਹ ਰਾਜ ਹੈ, ਜਿਥੋਂ ਆਪ੍ਰੇਸ਼ਨ ਕਮਲ ਦਾ ਇਸਤੇਮਾਲ ਸ਼ੁਰੂ ਹੋਇਆ ਤੇ ਭਾਜਪਾ ਜਿਥੇ ਵੀ ਵਿਰੋਧੀ ਪਾਰਟੀ ਦੀ ਸਰਕਾਰ ਡੇਗਣ ਦੀਆਂ ਚਾਲਾਂ ਚਲਦੀ ਹੈ, ਉਸ ਨੂੰ ਆਪ੍ਰੇਸ਼ਨ ਕਮਲ ਦਾ ਨਾਂਅ ਹੀ ਦਿੱਤਾ ਜਾਂਦਾ ਹੈ | 2008 ਵਿਚ ਸੱਤਾ ਵਿਚ ਆਈ ਯੇਦੀਯੁਰੱਪਾ ਸਰਕਾਰ ਨੇ ਬਹੁਮਤ ਸਾਬਤ ਕਰਨ ਲਈ ਜਨਤਾ ਦਲ (ਸੈਕੂਲਰ) ਦੇ ਚਾਰ ਤੇ ਕਾਂਗਰਸ ਦੇ ਤਿੰਨ ਵਿਧਾਇਕਾਂ ਨੂੰ ਲਾਲਚ ਦੇ ਕੇ ਗੰਢਿਆ ਸੀ | ਇਥੇ ਆਪ੍ਰੇਸ਼ਨ ਕਮਲ ਦੇ ਸਫਲ ਹੋਣ ਤੋਂ ਬਾਅਦ ਚੋਣਾਂ ਵਿਚ ਬਹੁਮਤ ਨਾ ਆਉਣ ਦੇ ਬਾਵਜੂਦ ਭਾਜਪਾ ਨੇ ਗੋਆ, ਮਨੀਪੁਰ, ਅਰੁਣਾਚਲ ਤੇ ਮੱਧ ਪ੍ਰਦੇਸ਼ ਵਿਚ ਵੀ ਇਸੇ ਤਰ੍ਹਾਂ ਸੱਤਾ 'ਤੇ ਕਬਜ਼ਾ ਕੀਤਾ | ਕਰਨਾਟਕ ਵਿਚ 2019 ਵਿਚ ਭਾਜਪਾ ਨੇ ਫਿਰ ਆਪ੍ਰੇਸ਼ਨ ਕਮਲ ਰਾਹੀਂ ਜਨਤਾ ਦਲ (ਸੈਕੂਲਰ) ਤੇ ਕਾਂਗਰਸ ਦੀ ਕੁਲੀਸ਼ਨ ਸਰਕਾਰ ਡੇਗਣ ਲਈ ਦੋਹਾਂ ਪਾਰਟੀਆਂ ਦੇ ਵਿਧਾਇਕਾਂ ਦੇ ਅਸਤੀਫੇ ਦਿਵਾ ਕੇ ਉਸ ਨੂੰ ਘੱਟ ਗਿਣਤੀ ਵਿਚ ਲਿਆਂਦਾ ਤੇ ਫਿਰ ਖੁਦ ਸੱਤਾ 'ਤੇ ਕਾਬਜ਼ ਹੋ ਗਈ | ਕਾਂਗਰਸ ਨੇ ਕਿਹਾ ਹੈ ਕਿ ਜਾਂਚ ਨਿਰਪੱਖ ਤਾਂ ਹੀ ਹੋ ਸਕਦੀ ਹੈ, ਜੇ ਮੁੱਖ ਮੰਤਰੀ ਯੇਦੀਯੁਰੱਪਾ ਅਹੁਦੇ ਤੋਂ ਅਸਤੀਫਾ ਦੇਣ | ਹਾਈ ਕੋਰਟ ਨੇ ਆਪਣੇ ਫੈਸਲੇ ਵਿਚ ਯੇਦੀਯੁਰੱਪਾ ਨੂੰ ਅਜਿਹਾ ਹੁਕਮ ਤਾਂ ਨਹੀਂ ਦਿੱਤਾ, ਪਰ ਇਹ ਜ਼ਰੂਰ ਯਕੀਨੀ ਬਣਾਉਣ ਦੀ ਲੋੜ ਹੈ ਕਿ ਜਾਂਚ ਨਿਸ਼ਚਤ ਸਮਾਂ-ਸੀਮਾ ਵਿਚ ਹੋਵੇ ਤਾਂ ਜੋ ਲੋਕਾਂ ਵੱਲੋਂ ਚੁਣੀਆਂ ਹੋਈਆਂ ਸਰਕਾਰਾਂ ਭਵਿੱਖ ਵਿਚ ਆਪ੍ਰੇਸ਼ਨ ਕਮਲ ਦਾ ਸ਼ਿਕਾਰ ਹੋਣ ਤੋਂ ਬਚ ਸਕਣ |

419 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper