ਸਾਰੇ ਦੇਸ਼ ਦੇ ਲੋਕਾਂ ਦੀਆਂ ਨਜ਼ਰਾਂ ਇਸ ਸਮੇਂ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ 'ਤੇ ਲੱਗੀਆਂ ਹੋਈਆਂ ਹਨ | ਇੱਕ ਪਾਸੇ ਮਮਤਾ ਬੈਨਰਜੀ ਦੀ ਤਿ੍ਣਮੂਲ ਕਾਂਗਰਸ ਤੀਜੀ ਵਾਰ ਮੁੜ ਸੱਤਾ ਵਿੱਚ ਆਉਣ ਦੀ ਲੜਾਈ ਲੜ ਰਹੀ ਹੈ, ਦੂਜੇ ਪਾਸੇ ਭਾਜਪਾ ਦੇ ਆਗੂ ਪਿਛਲੇ 6 ਮਹੀਨਿਆਂ ਤੋਂ ਮਮਤਾ ਦੇ ਕਿਲ੍ਹੇ ਨੂੰ ਢਹਿ-ਢੇਰੀ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ ਤੇ ਤੀਜੀ ਧਿਰ ਵਜੋਂ ਖੱਬੀਆਂ ਪਾਰਟੀਆਂ ਤੇ ਕਾਂਗਰਸ ਦਾ ਖੱਬਾ ਜਮਹੂਰੀ ਮੋਰਚਾ ਆਪਣਾ ਗੁਆਚਿਆ ਅਧਾਰ ਮੁੜ ਹਾਸਲ ਕਰਨ ਲਈ ਜੱਦੋਜਹਿਦ ਕਰ ਰਿਹਾ ਹੈ | ਲੜਾਈ ਸਿਰੇ ਦੀ ਫਸਵੀਂ ਬਣ ਚੁੱਕੀ ਹੈ | ਭਾਜਪਾ ਤੇ ਟੀ ਐੱਮ ਸੀ ਦੇ ਲੱਠਮਾਰ ਇੱਕ-ਇੱਕ ਵੋਟ ਲਈ ਗਲੀਆਂ ਵਿੱਚ ਲੜ ਰਹੇ ਹਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਪੱਛਮੀ ਬੰਗਾਲ ਵਿੱਚ ਚੋਣ ਰੈਲੀਆਂ ਕਰ ਰਹੇ ਹਨ | ਇੱਥੋਂ ਤੱਕ ਕਿ ਮਤੂਆ ਭਾਈਚਾਰੇ ਦੀਆਂ ਵੋਟਾਂ ਹਾਸਲ ਕਰਨ ਲਈ ਉਹ ਬੰਗਲਾਦੇਸ਼ ਵਿੱਚ ਵੀ ਗੇੜਾ ਲਾ ਆਏ ਹਨ | ਪੱਛਮੀ ਬੰਗਾਲ ਵਿੱਚ ਮਤੂਆ ਭਾਈਚਾਰੇ ਦੀ ਲੱਗਭੱਗ 3 ਕਰੋੜ ਅਬਾਦੀ ਹੈ | ਪ੍ਰਧਾਨ ਮੰਤਰੀ ਗਏ ਤਾਂ ਭਾਵੇਂ ਬੰਗਲਾਦੇਸ਼ ਦੀ ਅਜ਼ਾਦੀ ਦੀ ਪੰਜਾਹਵੀਂ ਵਰ੍ਹੇਗੰਢ ਦੇ ਜਸ਼ਨਾਂ ਵਿੱਚ ਸ਼ਾਮਲ ਹੋਣ ਸੀ, ਪਰ ਉਨ੍ਹਾ ਦੀ ਨਿਗਾਹ ਪੱਛਮੀ ਬੰਗਾਲ ਵਿਚਲੇ ਮਤੂਆ ਭਾਈਚਾਰੇ ਦੀਆਂ ਵੋਟਾਂ 'ਤੇ ਲੱਗੀ ਹੋਈ ਸੀ | ਇਸੇ ਲਈ ਉਹ ਇਸ ਫੇਰੀ ਦੌਰਾਨ ਮਤੂਆ ਭਾਈਚਾਰੇ ਦੇ ਧਾਰਮਿਕ ਗੁਰੂ ਹਰੀਚੰਦ ਠਾਕੁਰ ਦੇ ਜਨਮ ਸਥਾਨ ਓਰਕਾਂਡੀ ਵਿਚਲੇ ਮੰਦਰ ਵਿੱਚ ਮੱਥਾ ਟੇਕਣਾ ਨਾ ਭੁੱਲੇ | ਆਮ ਤੌਰ 'ਤੇ ਅਜਿਹੇ ਜਸ਼ਨਾਂ ਮੌਕੇ ਪ੍ਰਧਾਨ ਮੰਤਰੀ ਨਾਲ ਇੱਕ ਸਾਂਝਾ ਸੰਸਦੀ ਵਫ਼ਦ ਲਿਜਾਣ ਦੀ ਰਵਾਇਤ ਰਹੀ ਹੈ, ਜਿਸ ਵਿੱਚ ਵੱਖ-ਵੱਖ ਪਾਰਟੀਆਂ ਦੇ ਸਾਂਸਦ ਹੁੰਦੇ ਹਨ, ਪਰ ਇਸ ਫੇਰੀ ਸਮੇਂ ਉਹ ਆਪਣੇ ਨਾਲ ਪੱਛਮੀ ਬੰਗਾਲ ਦੇ ਭਾਜਪਾ ਐੱਮ ਪੀ ਸ਼ਾਂਤਨੂ ਠਾਕੁਰ ਨੂੰ ਲੈ ਕੇ ਗਏ, ਜਿਹੜੇ ਕੇਂਦਰੀ ਸਰਕਾਰ ਵਿੱਚ ਕਿਸੇ ਵੀ ਅਹੁਦੇ 'ਤੇ ਨਹੀਂ ਹਨ | ਟੀ ਐੱਮ ਸੀ ਨੇ ਇਸ ਫੇਰੀ ਦਾ ਵਿਰੋਧ ਕਰਦਿਆਂ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦੇਸ਼ੀ ਧਰਤੀ ਤੋਂ ਆਪਣੀ ਪਾਰਟੀ ਲਈ ਅਸਿੱਧੇ ਤੌਰ 'ਤੇ ਚੋਣ ਪ੍ਰਚਾਰ ਕਰਕੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ, ਪਰ ਚੋਣ ਕਮਿਸ਼ਨ ਭਾਜਪਾ ਵਿਰੁੱਧ ਹਰ ਸ਼ਿਕਾਇਤ 'ਤੇ ਮੋਨ ਧਾਰੀ ਬੈਠਾ ਹੈ |
ਇਹੋ ਨਹੀਂ, ਪੱਛਮੀ ਬੰਗਾਲ ਦੇ ਇਸ ਚੋਣ ਯੁੱਧ ਨੇ ਟੀ ਐੱਮ ਸੀ ਦੇ ਸੱਤਾ ਲਈ ਕੀਤੇ ਕੁਕਰਮਾਂ ਨੂੰ ਵੀ ਨੰਗਾ ਕਰ ਦਿੱਤਾ ਹੈ | ਨੰਦੀਗਰਾਮ ਵਿੱਚ ਮਮਤਾ ਬੈਨਰਜੀ ਦਾ ਮੁਕਾਬਲਾ ਉਸ ਦੇ ਹੀ ਲੈਫਟੀਨੈਂਟ ਰਹੇ ਸ਼ੁਭੇਂਦਰੂ ਅਧਿਕਾਰੀ ਨਾਲ ਹੈ | ਮਮਤਾ ਨੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ 14 ਮਾਰਚ 2007 ਨੂੰ ਜਿਨ੍ਹਾਂ ਲੋਕਾਂ ਨੇ ਵਿਰੋਧ ਕਰ ਰਹੇ ਲੋਕਾਂ 'ਤੇ ਗੋਲੀ ਚਲਾਈ ਸੀ, ਉਹ ਸ਼ੁਭੇਂਦਰੂ ਅਧਿਕਾਰੀ ਤੇ ਉਸ ਦੇ ਪਿਤਾ ਸ਼ਿਸ਼ਰ ਅਧਿਕਾਰੀ ਵੱਲੋਂ ਪੁਲਸ ਵਰਦੀ ਵਿੱਚ ਭੇਜੇ ਗਏ ਗੁੰਡੇ ਸਨ | ਯਾਦ ਰਹੇ ਕਿ 14 ਮਾਰਚ 2007 ਨੂੰ ਨੰਦੀਗਰਾਮ ਵਿੱਚ ਚੱਲੀ ਗੋਲੀ ਦੌਰਾਨ 14 ਪੇਂਡੂਆਂ ਦੀ ਮੌਤ ਹੋ ਗਈ ਸੀ | ਇਸੇ ਘਟਨਾ ਤੋਂ ਬਾਅਦ ਉੱਠੇ ਲੋਕ ਰੋਹ ਨੇ ਖੱਬੇ ਮੋਰਚੇ ਦੀ 34 ਸਾਲ ਪੁਰਾਣੀ ਸੱਤਾ ਨੂੰ ਉਖਾੜ ਦਿੱਤਾ ਸੀ | ਉਸ ਸਮੇਂ 14 ਮਿ੍ਤਕਾਂ ਦੇ ਪੋਸਟਮਾਰਟਮ ਸਮੇਂ ਨਿਕਲੀਆਂ ਗੋਲੀਆਂ ਪੁਲਸ ਵੱਲੋਂ ਵਰਤੀਆਂ ਜਾਂਦੀਆਂ ਗੋਲੀਆਂ ਤੋਂ ਵੱਖਰੀਆਂ ਸਨ | ਉਸ ਸਮੇਂ ਜਦੋਂ ਇਹ ਤੱਥ ਸਾਹਮਣੇ ਆਏ ਤਾਂ ਟੀ ਐੱਮ ਸੀ ਨੇ ਇਹ ਰੌਲਾ ਪਾਇਆ ਕਿ ਇਹ ਲੋਕ ਸੀ ਪੀ ਐੱਮ ਦੇ ਵਰਕਰ ਸਨ | 2011 ਦੀਆਂ ਚੋਣਾਂ ਵਿੱਚ ਹਾਰ ਤੋਂ ਬਾਅਦ ਮੁੱਖ ਮੰਤਰੀ ਬੁੱਧਾਦੇਵ ਭੱਟਾਚਾਰੀਆ ਨੇ ਕਿਹਾ ਸੀ ਕਿ ਇੱਕ ਨਾ ਇੱਕ ਦਿਨ ਸੱਚ ਸਾਹਮਣੇ ਆ ਜਾਵੇਗਾ | ਹੁਣ 28 ਮਾਰਚ ਦੀ ਇੱਕ ਚੋਣ ਰੈਲੀ ਵਿੱਚ ਮਮਤਾ ਬੈਨਰਜੀ ਨੇ ਸੱਚ ਉਗਲ ਦਿੱਤਾ ਹੈ, ਪਰ ਉਹ ਇਹ ਭੁੱਲ ਗਈ ਕਿ ਉਸ ਸਮੇਂ ਸ਼ੁਭੇਂਦਰੂ ਉਸ ਦਾ ਹੀ ਬਗਲ ਬੱਚਾ ਸੀ, ਤੇ ਉਸ ਦੀਆਂ ਕਰਤੂਤਾਂ ਦੀ ਜ਼ਿੰਮੇਵਾਰੀ ਤੋਂ ਉਹ ਆਪ ਭੱਜ ਨਹੀਂ ਸਕਦੀ |
ਪੱਛਮੀ ਬੰਗਾਲ ਚੋਣ ਘੋਲ ਹਾਲੇ ਪੂਰਾ ਮਹੀਨਾ ਚੱਲਣਾ ਹੈ, ਇਸ ਦੌਰਾਨ ਹੋਰ ਕਿੰਨਾ ਸੱਚ ਸਾਹਮਣੇ ਆਉਣਾ, ਇਸ ਦਾ ਅਗਲੇ ਦਿਨੀਂ ਪਤਾ ਲੱਗਦਾ ਰਹੇਗਾ | ਇਨ੍ਹਾਂ ਸਭ ਗੱਲਾਂ ਦੇ ਬਾਵਜੂਦ ਹਰ ਜਮਹੂਰੀਅਤਪਸੰਦ ਨਾਗਰਿਕ ਦੀ ਇਹੋ ਖਾਹਿਸ਼ ਹੈ ਕਿ ਜਿੱਤੇ ਭਾਵੇਂ ਕੋਈ, ਪਰ ਦੇਸ਼ ਦੇ ਭਲੇ ਲਈ ਭਾਜਪਾ ਦਾ ਹਾਰਨਾ ਜ਼ਰੂਰੀ ਹੈ |
-ਚੰਦ ਫਤਿਹਪੁਰੀ