Latest News
ਔਰਤਾਂ ਦੀ ਸਥਿਤੀ ਦਾ ਸੱਚ

Published on 04 Apr, 2021 11:12 AM.


ਮਨੂੰਵਾਦੀ ਵਿਚਾਰਧਾਰਾ ਜਿੱਥੇ ਕਿਰਤ ਕਰਨ ਵਾਲੇ ਲੋਕਾਂ ਨੂੰ ਜਾਤੀਵਾਦੀ ਬੰਧਨਾਂ ਵਿੱਚ ਜਕੜ ਕੇ ਉਨ੍ਹਾਂ ਨੂੰ ਘਿ੍ਣਾ ਦਾ ਪਾਤਰ ਬਣਾਉਂਦੀ ਹੈ, ਉਥੇ ਔਰਤ ਨੂੰ ਵੀ ਮਰਦ ਦੀ ਦਾਸੀ ਕਹਿ ਕੇ ਪਸ਼ੂਆਂ ਬਰਾਬਰ ਸਮਝੇ ਜਾਣ ਦੀ ਸਲਾਹ ਦਿੰਦੀ ਹੈ | ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਹਮੇਸ਼ਾ ਮਨੂੰਵਾਦ ਤੋਂ ਪ੍ਰਭਾਵਤ ਰਹੀ ਹੈ | ਇਸੇ ਕਾਰਨ ਹੀ ਇਸ ਦੇ ਆਗੂ ਸਮੇਂ-ਸਮੇਂ ਅਜਿਹੇ ਬਿਆਨ ਦਿੰਦੇ ਰਹੇ ਹਨ, ਜਿਹੜੇ ਔਰਤ ਦੀ ਅਜ਼ਾਦ ਸੋਚ ਦੇ ਵਿਰੋਧੀ ਹੁੰਦੇ ਹਨ | ਪਿੱਛੇ ਜਿਹੇ ਉਤਰਾਖੰਡ ਦੇ ਨਵੇਂ ਬਣੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਵੱਲੋਂ ਲੜਕੀਆਂ ਦੇ ਫਟੀ ਜੀਨ ਪਾਉਣ ਵਾਲਾ ਬਿਆਨ ਵੀ ਇਸੇ ਔਰਤ ਵਿਰੋਧੀ ਮਾਨਸਿਕਤਾ ਦਾ ਹੀ ਪ੍ਰਗਟਾਵਾ ਸੀ | ਭਾਜਪਾ ਦੀ ਅਗਵਾਈ ਵਾਲੀਆਂ ਕੁਝ ਰਾਜ ਸਰਕਾਰਾਂ ਵੱਲੋਂ ਲਵ ਜਿਹਾਦ ਸੰਬੰਧੀ ਕਾਨੂੰਨ ਬਣਾਏ ਜਾਣਾ ਵੀ ਇਹੋ ਸਾਬਤ ਕਰਦਾ ਹੈ ਕਿ ਇਹ ਲੋਕ ਔਰਤ ਵੱਲੋਂ ਆਪਣੀ ਜ਼ਿੰਦਗੀ ਬਾਰੇ ਲਏ ਜਾਣ ਵਾਲੇ ਅਜ਼ਾਦ ਫੈਸਲਿਆਂ ਨੂੰ ਪ੍ਰਵਾਨ ਕਰਨ ਤੋਂ ਮੁਨਕਰ ਹਨ | ਉਨ੍ਹਾਂ ਦੀਆਂ ਨਜ਼ਰਾਂ ਵਿੱਚ ਤਾਂ ਔਰਤ ਮਰਦ ਦੀ ਜਾਇਦਾਦ ਹੈ, ਇਸ ਲਈ ਉਹ ਹੀ ਉਸ ਬਾਰੇ ਫੈਸਲਾ ਲੈ ਸਕਦਾ ਹੈ |
ਇਸੇ ਕਾਰਨ ਕੇਂਦਰ ਵਿੱਚ ਭਾਜਪਾ ਦੇ ਸੱਤਾਧਾਰੀ ਹੋਣ ਤੋਂ ਬਾਅਦ ਦੇਸ਼ ਵਿੱਚ ਔਰਤਾਂ ਦੀ ਸਥਿਤੀ ਬਦ ਤੋਂ ਬਦਤਰ ਹੋਈ ਹੈ | ਹੁਣੇ-ਹੁਣੇ ਜਾਰੀ ਹੋਈ ਸੰਸਾਰ ਿਲੰਗ ਭੇਦ ਰਿਪੋਰਟ 2021 ਅਨੁਸਾਰ ਸਾਡਾ ਦੇਸ਼ 28 ਅੰਕ ਹੇਠਾਂ ਡਿੱਗ ਕੇ ਦੁਨੀਆ ਦੇ 156 ਦੇਸ਼ਾਂ ਵਿੱਚੋਂ 140ਵੇਂ ਸਥਾਨ 'ਤੇ ਪੁੱਜ ਗਿਆ ਹੈ | ਪਿਛਲੇ ਸਾਲ ਇਹ 112ਵੇਂ ਸਥਾਨ ਉਤੇ ਸੀ | ਇਸ ਰਿਪੋਰਟ ਮੁਤਾਬਕ ਔਰਤਾਂ ਨਾਲ ਭੇਦਭਾਵ ਹਰ ਖੇਤਰ ਵਿੱਚ ਵਧਿਆ ਹੈ | ਸਿਆਸੀ ਖੇਤਰ ਵਿੱਚ ਔਰਤਾਂ ਦੀ ਹਿੱਸੇਦਾਰੀ ਵਿੱਚ ਵੱਡੀ ਕਮੀ ਆਈ ਹੈ | ਇਸ ਖੇਤਰ ਵਿੱਚ ਔਰਤ ਮੰਤਰੀਆਂ ਦੀ ਗਿਣਤੀ 2019 ਦੇ 32.6 ਪ੍ਰਤੀਸ਼ਤ ਦੇ ਮੁਕਾਬਲੇ 2021 ਵਿੱਚ 9.1 ਫ਼ੀਸਦੀ ਰਹਿ ਗਈ ਹੈ |
ਰਿਪੋਰਟ ਅਨੁਸਾਰ ਔਰਤਾਂ ਦੀ ਕਿਰਤ ਵਿੱਚ ਹਿੱਸੇਦਾਰੀ ਵੀ 24.8 ਫ਼ੀਸਦੀ ਤੋਂ ਘਟ ਕੇ 22.3 ਫ਼ੀਸਦੀ ਰਹਿ ਗਈ ਹੈ | ਉੱਚ ਅਹੁਦਿਆਂ ਤੇ ਪ੍ਰਬੰਧਕ ਪਦਾਂ ਉੱਤੇ ਵੀ ਔਰਤ ਦੀ ਗਿਣਤੀ ਸਿਰਫ਼ 14.6 ਫ਼ੀਸਦੀ ਹੈ | ਇਹ ਭੇਦਭਾਵ ਔਰਤਾਂ ਕਿਰਤੀਆਂ ਦੀਆਂ ਉਜਰਤਾਂ ਤੇ ਸਿੱਖਿਆ ਦਰ ਵਿੱਚ ਵੀ ਦਿਖਾਈ ਦਿੰਦਾ ਹੈ | ਇਸ ਮਾਮਲੇ ਵਿੱਚ ਅਸੀਂ ਹੇਠਲੇ 10 ਦੇਸ਼ਾਂ ਦੀ ਸੂਚੀ ਵਿੱਚ ਹਾਂ | ਰਿਪੋਰਟ ਵਿੱਚ ਭਾਰਤ ਅੰਦਰ ਔਰਤਾਂ ਨਾਲ ਹੁੰਦੇ ਬੁਰੇ ਵਰਤਾਓ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ | ਇਸ ਅਨੁਸਾਰ ਹਰ ਚਾਰ ਵਿੱਚੋਂ ਇੱਕ ਤੋਂ ਵੱਧ ਔਰਤਾਂ ਨੇ ਆਪਣੇ ਜੀਵਨ ਵਿੱਚ ਹਿੰਸਾ ਦਾ ਸਾਹਮਣਾ ਕੀਤਾ ਹੈ | ਰਿਪੋਰਟ ਮੁਤਾਬਕ ਦੱਖਣੀ ਏਸ਼ੀਆ ਵਿੱਚ ਅਫ਼ਗਾਨਿਸਤਾਨ ਤੇ ਪਾਕਿਸਤਾਨ ਨੂੰ ਛੱਡ ਕੇ ਬਾਕੀ ਸਭ ਦੇਸ਼ਾਂ ਨਾਲੋਂ ਅਸੀਂ ਫਾਡੀ ਹਾਂ | ਇਸ ਸੂਚੀ ਵਿੱਚ ਬੰਗਲਾਦੇਸ਼ 65, ਨੇਪਾਲ 106, ਸ੍ਰੀਲੰਕਾ 116 ਤੇ ਭੂਟਾਨ 130ਵੇਂ ਸਥਾਨ 'ਤੇ ਹੈ | ਰਿਪੋਰਟ ਮੁਤਾਬਕ ਸਾਡੇ ਖਿੱਤੇ ਵਿੱਚ ਬੰਗਲਾਦੇਸ਼ ਦੀ ਕਾਰਗੁਜ਼ਾਰੀ ਸਭ ਤੋਂ ਵਧੀਆ ਰਹੀ ਹੈ | ਬੰਗਲਾਦੇਸ਼ ਨੇ ਮਰਦਾਂ ਤੇ ਔਰਤਾਂ ਵਿਚਕਾਰਲੇ ਪਾੜੇ ਨੂੰ 71.9 ਫ਼ੀਸਦੀ ਤੱਕ ਘਟਾ ਦਿੱਤਾ ਹੈ | ਇਸ ਸੂਚੀ ਵਿੱਚ ਉਪਰਲੇ ਦਸ ਦੇਸ਼ਾਂ ਵਿੱਚ ਆਈਸਲੈਂਡ, ਫਿਨਲੈਂਡ, ਨਾਰਵੇ, ਨਿਊਜ਼ੀਲੈਂਡ, ਸਵੀਡਨ, ਨਾਮੀਬੀਆ, ਰਵਾਂਡਾ, ਲਿਥੂਨੀਆ, ਆਇਰਲੈਂਡ ਤੇ ਸਵਿਟਜ਼ਰਲੈਂਡ ਆਏ ਹਨ |
ਸਪੱਸ਼ਟ ਹੈ ਕਿ 'ਅਬ ਕੀ ਵਾਰ ਨਹੀਂ ਚਲੇਗਾ ਨਾਰੀ ਪੇ ਵਾਰ', ਦੇ ਨਾਅਰੇ ਨਾਲ 2014 ਵਿੱਚ ਸੱਤਾ ਵਿੱਚ ਆਈ ਭਾਜਪਾ ਹਕੂਮਤ ਦੇ ਰਾਜ ਵਿੱਚ ਔਰਤਾਂ ਦੀ ਸਥਿਤੀ ਦਿਨੋ-ਦਿਨ ਨਿਘਰਦੀ ਜਾ ਰਹੀ ਹੈ | ਔਰਤਾਂ ਵਿਰੁੱਧ ਜ਼ੁਲਮਾਂ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ | ਉਤਰ ਪ੍ਰਦੇਸ਼ ਤਾਂ ਬਲਾਤਕਾਰੀ ਪ੍ਰਦੇਸ਼ ਬਣ ਚੁੱਕਾ ਹੈ | ਇਸ ਲਈ ਅੱਧੀ ਅਬਾਦੀ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਔਰਤ ਵਰਗ ਦੀ ਬੰਦਖਲਾਸੀ ਲਈ ਉਸ ਨੂੰ ਸਥਾਪਤੀ ਵਿਰੁੱਧ ਜ਼ੋਰਦਾਰ ਸੰਘਰਸ਼ ਕਰਨਾ ਪਵੇਗਾ |

346 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper