Latest News
ਚੋਣ ਅਧਿਕਾਰੀਆਂ ਨੂੰ ਚੋਣਾਂ ਲਈ ਤਿਆਰ ਰਹਿਣ ਦੀ ਹਦਾਇਤ

Published on 06 Apr, 2021 10:27 AM.


ਚੰਡੀਗੜ੍ਹ : ਪੰਜਾਬ 'ਚ ਅਗਲੇ ਸਾਲ ਦੀ ਸ਼ੁਰੂਆਤ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੁੱਖ ਚੋਣ ਅਧਿਕਾਰੀ (ਸੀ ਈ ਓ) ਡਾ. ਐੱਸ ਕਰੁਣਾ ਰਾਜੂ ਨੇ ਚੋਣ ਅਧਿਕਾਰੀਆਂ ਨੂੰ ਚੋਣਾਂ ਲਈ ਤਿਆਰ ਰਹਿਣ ਦੀ ਹਦਾਇਤ ਕੀਤੀ ਹੈ | ਉਨ੍ਹਾ ਮੰਗਲਵਾਰ ਗੂਗਲ ਮੀਟ ਰਾਹੀਂ ਪੰਜਾਬ ਦੇ ਸਾਰੇ 22 ਜ਼ਿਲਿ੍ਹਆਂ ਦੇ ਚੋਣ ਤਹਿਸੀਲਦਾਰਾਂ ਅਤੇ ਚੋਣ ਕਾਨੂੰਗੋਆਂ ਨਾਲ ਮੀਟਿੰਗ ਕੀਤੀ |
ਮੁੱਖ ਚੋਣ ਅਧਿਕਾਰੀ ਨੇ ਵੋਟਰ ਸੂਚੀ ਦੀ ਨਿਰੰਤਰ ਅਪਡੇਟ ਲਈ ਮੁਹਿੰਮ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ | ਮੌਜੂਦਾ ਮਹਾਂਮਾਰੀ ਦੌਰਾਨ ਤਕਨਾਲੋਜੀ ਇੱਕ ਅਹਿਮ ਭੂਮਿਕਾ ਅਦਾ ਕਰਦੀ ਹੈ ਅਤੇ ਇਸ ਨਾਲ ਮੋਬਾਇਲ ਐਪਲੀਕੇਸ਼ਨਾਂ ਦੀ ਭੂਮਿਕਾ ਕਈ ਗੁਣਾ ਵਧ ਜਾਂਦੀ ਹੈ | ਉਨ੍ਹਾ ਸਾਰੇ ਅਧਿਕਾਰੀਆਂ ਨੂੰ ਮੋਬਾਇਲ ਐਪਲੀਕੇਸ਼ਨ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਹਦਾਇਤ ਕੀਤੀ | ਇਨ੍ਹਾਂ ਐਪਸ 'ਚ ਮੁੱਖ ਤੌਰ 'ਤੇ ਆਮ ਲੋਕਾਂ ਲਈ ਵੋਟਰ ਹੈਲਪਲਾਈਨ ਐਪ, ਅਪੰਗ ਵਿਅਕਤੀਆਂ ਲਈ ਪੀ ਡਬਲਯੂ ਡੀ ਐਪ, ਬੂਥ ਲੈਵਲ ਅਧਿਕਾਰੀਆਂ (ਬੀ ਐੱਲ ਓਜ਼) ਲਈ ਗਰੁਡ ਐਪ ਸ਼ਾਮਲ ਹੈ | ਡਾ ਰਾਜੂ ਨੇ ਕਿਹਾ ਕਿ ਵਿਕੇਂਦਰੀਕਰਣ ਪਹੁੰਚ ਸੁਤੰਤਰ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਵਿੱਚ ਸਹਾਇਕ ਹੁੰਦੀ ਹੈ | ਉਨ੍ਹਾ ਅਧਿਕਾਰੀਆਂ ਨੂੰ ਸਾਰੇ ਪੋਲਿੰਗ ਬੂਥਾਂ ਦੀ ਖੁਦ ਤਸਦੀਕ ਕਰਨ ਅਤੇ ਕੋਵਿਡ-19 ਸਥਿਤੀ ਦੇ ਮੱਦੇਨਜ਼ਰ ਵਧੇਰੇ ਸਥਾਨਾਂ ਦਾ ਸੁਝਾਅ ਦੇਣ ਅਤੇ ਸਾਰੇ ਢੁੱਕਵੇਂ ਅੰਕੜਿਆਂ ਨੂੰ ਅਪਡੇਟ ਕਰਨ ਦੇ ਨਿਰਦੇਸ਼ ਦਿੱਤੇ |
ਐਡੀਸ਼ਨਲ ਸੀ ਈ ਓ ਪੰਜਾਬ ਮਾਧਵੀ ਕਟਾਰੀਆ ਨੇ ਫੀਲਡ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਅਪੰਗ ਵਿਅਕਤੀਆਂ ਲਈ ਮੋਬਾਇਲ ਐਪਲੀਕੇਸ਼ਨਾਂ ਖਾਸ ਕਰਕੇ ਪੀ ਡਬਲਯੂ ਡੀ ਐਪ ਨੂੰ ਉਤਸ਼ਾਹਤ ਕਰਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ | ਭਾਰਤੀ ਚੋਣ ਕਮਿਸ਼ਨ ਦੀ ਨਵੀਂ ਪਹਿਲਕਦਮੀ 'ਹੈਲੋ ਵੋਟਰਸ' ਨੂੰ ਉਤਸ਼ਾਹਤ ਕਰਨ ਦੀ ਲੋੜ ਹੈ | ਜ਼ਿਲ੍ਹਾ ਸਵੀਪ ਆਈਕਾਨ 'ਹੈਲੋ ਵੋਟਰ' ਲਈ ਛੋਟੇ ਆਡੀਓ ਕਲਿੱਪ ਤਿਆਰ ਕਰਨਗੇ | ਫੀਲਡ ਅਫਸਰਾਂ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਆਊਟ ਰੀਚ ਗਤੀਵਿਧੀਆਂ ਲਈ ਬਿਹਤਰ ਢੰਗ ਨਾਲ ਤਕਨਾਲੋਜੀ ਦੀ ਵਰਤੋਂ ਕਰਨ | ਪੀ ਡਬਲਯੂ ਡੀਜ਼, ਟ੍ਰਾਂਸਜੈਂਡਰ, ਨੌਜਵਾਨਾਂ ਆਦਿ ਲਈ ਵਰਗ ਅਨੁਸਾਰ ਗੂਗਲ ਮੀਟਸ ਅਤੇ ਵੈਬੀਨਾਰਾਂ ਦਾ ਸੁਝਾਅ ਦਿੱਤਾ ਗਿਆ | ਫੀਲਡ ਅਫਸਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਸੋਸ਼ਲ ਮੀਡੀਆ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰਕੇ ਜਾਣਕਾਰੀ ਦਾ ਪ੍ਰਚਾਰ ਕਰਨ ਅਤੇ ਟੀਚਾਗਤ ਵੋਟਰਾਂ ਖਾਸ ਕਰਕੇ ਨੌਜਵਾਨਾਂ ਦਰਮਿਆਨ ਚੋਣ ਸੰਬੰਧੀ ਜਾਗਰੂਕਤਾ ਪੈਦਾ ਕਰਨ | ਨਾਗਰਿਕ ਵੋਟਰ ਸੂਚੀ ਵਿਚ ਨਾਂਅ ਦਰਜ ਕਰਾਉਣ, ਸੋਧ ਕਰਨ ਜਾਂ ਨਾਂਅ ਹਟਾਉਣ ਵਰਗੀਆਂ ਸੇਵਾਵਾਂ ਲੈਣ ਲਈ ਡੀ ਸੀ ਦਫਤਰ, ਚੋਣ ਰਜਿਸਟ੍ਰੇਸ਼ਨ ਦਫ਼ਤਰ ਜਾਂ ਸੰਬੰਧਤ ਬੀ ਐੱਲ ਓ ਨਾਲ ਸੰਪਰਕ ਕਰਕੇ ਫਾਰਮ ਭਰ ਸਕਦੇ ਹਨ |

98 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper