Latest News
ਸਾਹਿਬ ਦਿਮਾਗ ਦਾ ਇਸਤੇਮਾਲ ਕੀਤੇ ਬਿਨਾਂ ਸਭ ਨੂੰ ਐੱਨ ਐੱਸ ਏ 'ਚ ਟੁੰਗੀ ਗਏ

Published on 06 Apr, 2021 10:29 AM.


ਨਵੀਂ ਦਿੱਲੀ : ਨੈਸ਼ਨਲ ਸਕਿਉਰਟੀ ਐਕਟ (ਐੱਨ ਐਸ ਏ) ਦੇ 120 ਮਾਮਲਿਆਂ ਦੀ ਸੁਣਵਾਈ ਕਰਦਿਆਂ ਇਲਾਹਾਬਾਦ ਹਾਈ ਕੋਰਟ ਨੇ 94 ਵਿਅਕਤੀਆਂ ਦੀ ਹਿਰਾਸਤ ਨੂੰ ਗਲਤ ਠਹਿਰਾਇਆ | ਇਨ੍ਹਾਂ ਨੂੰ ਹਿਰਾਸਤ ਵਿਚ ਲੈਣ ਦੇ ਹੁਕਮ 32 ਜ਼ਿਲਿ੍ਹਆਂ ਦੇ ਜ਼ਿਲ੍ਹਾ ਮੈਜਿਸਟਰੇਟਾਂ (ਡੀ ਐੱਮ) ਨੇ ਜਨਵਰੀ 2018 ਤੋਂ ਦਸੰਬਰ 2020 ਤੱਕ ਦਿੱਤੇ ਸਨ | ਰਿਕਾਰਡ ਦੱਸਦਾ ਹੈ ਕਿ ਐੱਨ ਐੱਸ ਏ ਦੀ ਸਭ ਤੋਂ ਵੱਧ 41 ਵਾਰ ਵਰਤੋਂ ਕਥਿਤ ਗਊਕਸ਼ੀ ਦੇ ਮਾਮਲਿਆਂ ਵਿਚ ਕੀਤੀ ਗਈ | ਸਾਰੇ ਮਾਮਲਿਆਂ ਵਿਚ ਮੁਲਜ਼ਮ ਘੱਟ ਗਿਣਤੀ ਭਾਈਚਾਰੇ ਨਾਲ ਸੰਬੰਧਤ ਸਨ | ਇਨ੍ਹਾਂ ਵਿਚੋਂ 30 ਮਾਮਲਿਆਂ (ਯਾਨੀ 70 ਫੀਸਦੀ ਮਾਮਲਿਆਂ) ਵਿਚ ਹਾਈ ਕੋਰਟ ਨੇ ਯੂ ਪੀ ਪ੍ਰਸ਼ਾਸਨ ਨੂੰ ਕਰੜੀ ਫਟਕਾਰ ਲਾਈ | ਉਸ ਨੇ ਡੀ ਐੱਮ ਦੇ ਹੁਕਮ ਰੱਦ ਕਰਦਿਆਂ ਇਨ੍ਹਾਂ ਲੋਕਾਂ ਦੀ ਰਿਹਾਈ ਦੇ ਹੁਕਮ ਦਿੱਤੇ | ਇਥੇ ਇਕ ਅਹਿਮ ਗੱਲ ਇਹ ਹੈ ਕਿ ਹਾਈ ਕੋਰਟ ਪੁੱਜੇ ਇਹ ਮਾਮਲੇ ਕੁਲ ਮਾਮਲਿਆਂ ਦੇ ਇਕ-ਤਿਹਾਈ ਤੋਂ ਕੁਝ ਵੱਧ ਹਨ | ਗਊਕਸ਼ੀ ਦੇ ਜਿਨ੍ਹਾਂ 11 ਮਾਮਲਿਆਂ ਵਿਚ ਹਿਰਾਸਤ ਨੂੰ ਸਹੀ ਠਹਿਰਾਇਆ ਗਿਆ, ਉਨ੍ਹਾਂ ਵਿਚੋਂ ਇਕ ਨੂੰ ਛੱਡ ਕੇ ਬਾਕੀ ਮੁਲਜ਼ਮਾਂ ਨੂੰ ਹੇਠਲੀਆਂ ਅਦਾਲਤਾਂ ਜਾਂ ਹਾਈ ਕੋਰਟ ਨੇ ਬਾਅਦ ਵਿਚ ਜ਼ਮਾਨਤ ਦੇ ਦਿੱਤੀ | ਸਰਕਰਦਾ ਅਖਬਾਰ 'ਇੰਡੀਅਨ' ਵੱਲੋਂ ਕੀਤੀ ਗਈ ਪੜਤਾਲ ਵਿਚ ਇਹ ਵੀ ਪਤਾ ਲੱਗਿਆ ਹੈ ਕਿ ਗਊਕਸ਼ੀ ਦੇ ਲੱਗਭੱਗ ਸਾਰੇ ਮਾਮਲਿਆਂ ਵਿਚ ਜ਼ਿਲ੍ਹਾ ਅਧਿਕਾਰੀ (ਡੀ ਐੱਮ) ਇਕ-ਦੂਜੇ ਦੀ ਨਕਲ ਕਰਦੇ ਦਿਸਦੇ ਹਨ | ਐੱਨ ਐੱਸ ਏ ਕਿਉਂ ਲਾਉਣਾ ਪਿਆ? ਲੱਗਭੱਗ ਸਾਰਿਆਂ ਦਾ ਇੱਕੋ ਜਿਹਾ ਬਿਆਨ ਹੈ—ਮੁਲਜ਼ਮ ਨੇ ਜ਼ਮਾਨਤ ਦੀ ਅਰਜ਼ੀ ਲਾ ਦਿੱਤੀ ਹੈ ਤੇ ਉਸ ਦੀ ਰਿਹਾਈ ਹੋ ਜਾਣੀ ਹੈ | ਜੇ ਮੁਲਜ਼ਮ ਜੇਲ੍ਹ ਵਿਚੋਂ ਬਾਹਰ ਆ ਗਿਆ ਤਾਂ ਉਹ ਫਿਰ ਅਜਿਹੀਆਂ ਹਰਕਤਾਂ ਕਰਨ ਲੱਗ ਪਵੇਗਾ, ਜਿਹੜੀਆਂ ਸਮਾਜ ਲਈ ਨੁਕਸਾਨਦੇਹ ਹੋਣਗੀਆਂ | ਮਾਮਲਿਆਂ ਦਾ ਨਬੇੜਾ ਕਰਦਿਆਂ ਕੋਰਟ ਨੇ ਐੱਨ ਐੱਸ ਏ ਤਹਿਤ ਗਿ੍ਫਤਾਰੀ ਖਾਰਜ ਕਰਦਿਆਂ ਜਿਹੜੀਆਂ ਟਿੱਪਣੀਆਂ ਕੀਤੀਆਂ, ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ | ਘੱਟੋ-ਘੱਟ 11 ਮਾਮਲਿਆਂ ਵਿਚ ਕਿਹਾ ਕਿ ਡੀ ਐੱਮ ਨੇ ਹੁਕਮ ਚਾੜ੍ਹਦਿਆਂ ਦਿਮਾਗ ਦਾ ਇਸਤੇਮਾਲ ਹੀ ਨਹੀਂ ਕੀਤਾ | 13 ਮਾਮਲਿਆਂ ਵਿਚ ਕਿਹਾ ਕਿ ਹਿਰਾਸਤੀ ਨੂੰ ਐੱਨ ਐੱਸ ਏ ਨੂੰ ਵੰਗਾਰਨ ਲਈ ਆਪਣੀ ਨੁਮਾਇੰਦਗੀ ਲਈ ਮੌਕਾ ਨਹੀਂ ਦਿੱਤਾ ਗਿਆ | 7 ਮਾਮਲਿਆਂ ਵਿਚ ਕਿਹਾ ਕਿ ਇਹ ਮਾਮਲੇ ਅਮਨ-ਕਾਨੂੰਨ ਦੇ ਘੇਰੇ ਵਿਚ ਆਉਂਦੇ ਹਨ | ਇਨ੍ਹਾਂ ਵਿਚ ਐੱਨ ਐੱਸ ਏ ਦੀ ਵਰਤੋਂ ਦੀ ਲੋੜ ਹੀ ਨਹੀਂ ਸੀ | 6 ਮਾਮਲਿਆਂ ਵਿਚ ਕਿਹਾ ਕਿ ਸਿਰਫ ਇਕ ਮਾਮਲੇ ਦੀ ਬਿਨ੍ਹਾ 'ਤੇ ਐੱਨ ਐੱਸ ਏ ਲਾ ਦਿੱਤਾ ਗਿਆ | ਮੁਲਜ਼ਮ ਦਾ ਪਿਛਲਾ ਕੋਈ ਮੁਜਰਮਾਨਾ ਰਿਕਾਰਡ ਨਹੀਂ ਸੀ |
ਪੜਤਾਲ ਦੌਰਾਨ ਇਹ ਵੀ ਪਤਾ ਲੱਗਿਆ ਕਿ ਗਊਕਸ਼ੀ ਦੇ 9 ਮਾਮਲਿਆਂ ਵਿਚ ਮਹਿਜ਼ ਇਕ ਨਾਮਾਲੂਮ ਮੁਖਬਰ ਦੀ ਸੂਚਨਾ 'ਤੇ ਐੱਨ ਐੱਸ ਏ ਠੋਕ ਦਿੱਤਾ ਗਿਆ | 13 ਮਾਮਲਿਆਂ ਵਿਚ ਹਿਰਾਸਤ ਦਾ ਆਧਾਰ ਅਜਿਹੀ ਐੱਫ ਆਈ ਆਰ ਰਹੀ, ਜਿਸ ਵਿਚ ਕਿਹਾ ਗਿਆ ਸੀ ਕਿ ਗਊਕਸ਼ੀ ਖੇਤ ਜਾਂ ਜੰਗਲ ਵਿਚ ਹੋਈ | 9 ਮਾਮਲਿਆਂ ਵਿਚ ਐੱਫ ਆਈ ਆਰ ਸੀ ਕਿ ਗਾਂ ਨੂੰ ਕਿਸੇ ਵਿਅਕਤੀ ਦੇ ਘਰ ਵਿਚ ਵੱਢਿਆ ਗਿਆ | 6 ਐੱਫ ਆਈ ਆਰ ਵਿਚ ਦੁਕਾਨ ਦੇ ਅੰਦਰ ਗਊਕਸ਼ੀ ਹੋਣੀ ਦੱਸੀ ਗਈ | ਅਖਬਾਰ ਨੇ ਯੂ ਪੀ ਦੇ ਚੀਫ ਸੈਕਟਰੀ ਨੂੰ ਸਵਾਲਨਾਮਾ ਘੱਲ ਕੇ ਪੁੱਛਿਆ ਕਿ ਕੀ ਜ਼ਿਲ੍ਹਾ ਮੈਜਿਸਟ੍ਰੇਟਾਂ ਵੱਲੋਂ ਲਾਏ ਗਏ ਐੱਨ ਐੱਸ ਏ 'ਤੇ ਹਾਈਕੋਰਟ ਵੱਲੋਂ ਉਸ ਨੂੰ ਰੱਦ ਕਰਨ ਦੀ ਸਮੀਖਿਆ ਕੀਤੀ ਗਈ ਤੇ ਕੀ ਕੁਝ ਸੋਧੇ ਕਦਮ ਚੁੱਕੇ ਗਏ, ਪਰ ਕੋਈ ਜਵਾਬ ਨਹੀਂ ਮਿਲਿਆ |

97 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper