Latest News
ਰਾਜਸਥਾਨ ਦੀ ਜੇਲ੍ਹ 'ਚੋਂ 16 ਸਮੱਗਲਰ ਫਰਾਰ

Published on 06 Apr, 2021 10:33 AM.


ਜੈਪੁਰ : ਸੋਮਵਾਰ ਰਾਤ 16 ਕੈਦੀ ਜੇਲ੍ਹ ਸਟਾਫ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਜੋਧਪੁਰ ਜ਼ਿਲ੍ਹੇ ਵਿਚ ਪੈਂਦੀ ਫਲੋਦੀ ਜੇਲ੍ਹ ਵਿੱਚੋਂ ਫਿਲਮੀ ਸਟਾਈਲ 'ਚ ਫਰਾਰ ਹੋ ਗਏ | ਉਨ੍ਹਾਂ ਨੂੰ ਲਿਜਾਣ ਲਈ ਬਾਹਰ ਸਕਾਰਪਿਓ ਖੜ੍ਹੀ ਸੀ |
ਡੀ ਜੀ ਜੇਲ੍ਹ ਰਾਜੀਵ ਦਸੋਤ ਨੇ ਮੌਕੇ 'ਤੇ ਪਹੁੰਚਦਿਆਂ ਹੀ ਸਭ ਤੋਂ ਪਹਿਲਾ ਕੰਮ ਚਾਰ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦਾ ਕੀਤਾ ਤੇ ਕਿਹਾ ਕਿ ਫਰਾਰੀ ਦੀ ਜਾਂਚ ਡੀ ਆਈ ਜੀ ਸੁਰਿੰਦਰ ਸਿੰਘ ਸੇਖਾਵਤ ਕਰਨਗੇ | ਪੁਲਸ ਅਧਿਕਾਰੀਆਂ ਨੇ ਕਿਹਾ ਕਿ ਫਰਾਰੀ ਦੀ ਸੂਚਨਾ ਮਿਲਦਿਆਂ ਹੀ ਨਾਲ ਲੱਗਦੇ ਬਾੜਮੇਰ, ਬੀਕਾਨੇਰ, ਜੈਸਲਮੇਰ ਤੇ ਨਗੌਰ ਜ਼ਿਲਿ੍ਹਆਂ ਵਿਚ ਸੜਕਾਂ 'ਤੇ ਬੈਰੀਕੇਡ ਲਾ ਦਿੱਤੇ ਗਏ | ਇਹ ਵੀ ਕਿਹਾ ਜਾ ਰਿਹਾ ਹੈ ਕਿ ਭੱਜਣ ਵਾਲੇ ਸਾਰੇ ਸਮੱਗਲਰ ਹਨ ਤੇ ਉਨ੍ਹਾਂ ਨੂੰ ਪਿੰਡਾਂ ਦੇ ਰਾਹਾਂ ਦਾ ਗਿਆਨ ਹੈ | ਇਸ ਤੋਂ ਪਹਿਲਾਂ ਫਰਵਰੀ 2010 ਵਿਚ ਚਿਤੌਰਗੜ੍ਹ ਦੀ ਜ਼ਿਲ੍ਹਾ ਜੇਲ੍ਹ ਵਿੱਚੋਂ 23 ਕੈਦੀ ਭੱਜੇ ਸੀ |
ਟੀ ਵੀ ਫੁਟੇਜ ਤੋਂ ਪਤਾ ਲੱਗਦਾ ਹੈ ਕਿ ਭੱਜਣ ਵਾਲੇ ਕੈਦੀ ਦਿਨ ਨੂੰ ਅਕਸਰ ਆਪਣੀਆਂ ਬੈਰਕਾਂ ਅੱਗੇ ਘੁੰਮਦੇ ਰਹਿੰਦੇ ਸਨ | ਸ਼ਾਮ ਨੂੰ ਉਨ੍ਹਾਂ ਨੂੰ ਬੈਰਕਾਂ ਵਿਚ ਵਾੜਿਆ ਜਾਂਦਾ ਸੀ | ਭੱਜਣ ਵੇਲੇ ਪਹਿਲਾਂ ਉਨ੍ਹਾਂ ਇਕ ਕਾਂਸਟੇਬਲ ਗੇਟ ਦਾ ਜਿੰਦਰਾ ਖੋਲ੍ਹਣ ਲਈ ਦਬਕਾ ਮਾਰਿਆ ਅਤੇ ਉਸ ਦੇ ਨਾਲ ਖੜ੍ਹੇ ਇਕ ਕੇਅਰਟੇਕਰ ਤੇ ਗਾਰਡ ਨੂੰ ਕਾਬੂ ਕੀਤਾ | ਫਿਰ ਗਾਰਡ ਦੀਆਂ ਅੱਖਾਂ ਵਿਚ ਮਿਰਚਾਂ ਤੇ ਤੁੜਕਾ ਪਾਇਆ | ਫਿਰ ਇਕ ਮਹਿਲਾ ਗਾਰਡ ਨੂੰ ਪਾਸੇ ਧੱਕ ਕੇ ਫਰਾਰ ਹੋ ਗਏ | ਚੇਤੇ ਰਹੇ ਪਿੱਛੇ ਜਿਹੇ ਪੁਲਸ ਨੇ ਜੇਲ੍ਹਾਂ ਵਿਚ ਛਾਪੇ ਮਾਰ ਕੇ ਫੋਨ ਤੇ ਸਿਮ ਕਾਰਡ ਬਰਾਮਦ ਕੀਤੇ ਸਨ ਤੇ ਮਿਲੀਭੁਗਤ ਦੇ ਦੋਸ਼ ਵਿਚ 100 ਤੋਂ ਵੱਧ ਪੁਲਸਮੈਨ ਮੁਅੱਤਲ ਕਰ ਦਿੱਤੇ ਸਨ |

149 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper