ਜਲੰਧਰ, (ਗਿਆਨ ਸੈਦਪੁਰੀ)
ਦੇਸ਼ ਭਗਤ ਯਾਦਗਾਰ ਹਾਲ ਵਿੱਚ ਕਾਮਰੇਡ ਸੰਤੋਖ ਸਿੰਘ ਸੰਘੇੜਾ, ਕਾਮਰੇਡ ਰਾਮ ਸਿਘ ਨੂਰਪੁਰੀ, ਕਾਮਰੇਡ ਦੇਵੀ ਕੁਮਾਰੀ ਅਤੇ ਕਾਮਰੇਡ ਮੇਲਾ ਸਿੰਘ ਰੁੜਕਾ ਦੀ ਪ੍ਰਧਾਨਗੀ ਹੇਠ ਭਾਰਤੀ ਖੇਤ ਮਜ਼ਦੂਰ ਯੂਨੀਅਨ ਅਤੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਸਾਂਝੀ ਕਨਵੈਨਸ਼ਨ ਹੋਈ | ਖੇਤ ਮਜ਼ਦੂਰਾਂ ਦੀ ਭਰਵੀਂ ਸ਼ਮੂਲੀਅਤ ਵਾਲੀ ਕਨਵੈਨਸ਼ਨ ਆਵਾਜ਼ਹੀਣ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਦਾ ਸੁਨੇਹਾ ਦੇ ਗਈ |
ਕਨਵੈਨਸ਼ਨ ਦੀ ਬਾਕਾਇਦਗੀ ਨਾਲ ਸ਼ੁਰੂਆਤ ਤੋਂ ਪਹਿਲਾਂ ਕਾਮਰੇਡ ਨੱਥਾ ਸਿੰਘ ਨੇ 'ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ...' ਦੀ ਪੇਸ਼ਕਾਰੀ ਨਾਲ ਸਮਾਗਮ ਦਾ ਇਨਕਲਾਬੀ ਅਧਾਰ ਤਿਆਰ ਕਰ ਦਿੱਤਾ | ਇਸੇ ਤਰ੍ਹਾਂ ਹਜ਼ਾਰਾ ਸਿੰਘ ਮੰਡ ਨੇ ਆਪਣਾ ਗੀਤ ਬੋਲਣ ਤੋਂ ਪਹਿਲਾਂ ਦੱਸਿਆ ਕਿ ਸਾਡੇ ਲਈ ਤਸੱਲੀ ਵਾਲੀ ਗੱਲ ਹੈ ਕਿ ਕਨਵੈਨਸ਼ਨ ਵਿੱਚ ਕੁਝ ਨਿਹੰਗ ਸਿੰਘ ਲਾਲ ਝੰਡੇ ਲੈ ਕੇ ਸ਼ਾਮਲ ਹੋਏ ਹਨ | ਨਿਰਮਲ ਸਿੰਘ ਨੇ 'ਬੜਾ ਚੰਦਰਾ ਰਾਜ ਤੇਰਾ ਮੋਦੀਆ, ਕਾਮਿਆਂ ਤੋਂ ਖੋਹੀਆਂ ਰੋਟੀਆਂ' ਪੇਸ਼ ਕਰਕੇ ਮੌਜੂਦਾ ਸਰਕਾਰ ਦੀਆਂ ਗ਼ਰੀਬ ਮਾਰੂ ਨੀਤੀਆਂ ਵੱਲ ਇਸ਼ਾਰਾ ਕੀਤਾ |
ਕਨਵੈਨਸ਼ਨ ਦੀ ਬਾਕਾਇਦਗੀ ਨਾਲ ਸ਼ੁਰੂਆਤ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਬੀ ਵੈਂਕਟ (ਤਿਲੰਗਾਨਾ) ਦੇ ਉਦਘਾਟਨੀ ਭਾਸ਼ਣ ਨਾਲ ਹੋਈ | ਉਨ੍ਹਾ ਆਪਣੀ ਤਕਰੀਰ ਅੰਗਰੇਜ਼ੀ ਵਿੱਚ ਕੀਤੀ | ਉਨ੍ਹਾ ਦੀ ਤਕਰੀਰ ਦਾ ਨਾਲੋ-ਨਾਲ ਤਰਜ਼ਮਾ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਨੇ ਕੀਤਾ | ਕਾਮਰੇਡ ਬੀ ਵੈਂਕਟ ਨੇ ਮਜ਼ਦੂਰ ਵਰਗ ਦੇ ਮਸਲਿਆਂ ਨੂੰ ਜ਼ੋਰਦਾਰ ਢੰਗ ਨਾਲ ਉਭਾਰਿਆ | ਉਨ੍ਹਾ ਕਨਵੈਨਸ਼ਨ 'ਚ ਮਜ਼ਦੂਰਾਂ ਦੀ ਭਰਵੀਂ ਸ਼ਮੂਲੀਅਤ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਪੂਰੇ ਭਾਰਤ ਦੇ ਮਜ਼ਦੂਰ ਸੰਘਰਸ਼ ਦੀ ਪੰਜਾਬ ਨੂੰ ਅਗਵਾਈ ਕਰਨੀ ਚਾਹੀਦੀ ਹੈ | ਕਾਮਰੇਡ ਬੀ. ਵੈਂਕਟ ਨੇ ਕਿਹਾ ਕਿ ਮਜ਼ਦੂਰਾਂ ਨੂੰ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਵੀ ਵਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ | ਕਾਮਰੇਡ ਲਾਲ ਸਿੰਘ ਧਨੌਲਾ ਨੇ ਦੋਵਾਂ ਜਥੇਬੰਦੀਆਂ ਦੇ ਸਾਂਝੇ ਮਤੇ ਪੜ੍ਹੇ | ਉਪਰੰਤ ਵੱਖ-ਵੱਖ ਆਗੂਆਂ ਨੇ ਮਤਿਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ | ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਨੇ ਕਿਹਾ ਕਿ ਮੋਦੀ ਸਰਕਾਰ ਪੰਜਾਬ ਸਰਕਾਰ ਨਾਲ ਮਿਲ ਕੇ ਖੇਤ ਮਜ਼ਦੂਰਾਂ ਲਈ ਬਦਲਵੇਂ ਕੰਮ ਦੀ ਨੀਤੀ ਲੈ ਕੇ ਆਵੇ | ਮਨਰੇਗਾ, ਜਿਸ ਤੋਂ ਖੇਤ ਮਜ਼ਦੂਰਾਂ ਨੂੰ ਵਧੇਰੇ ਉਮੀਦਾਂ ਹਨ, ਉਸ ਦਾ ਬੱਜਟ ਪਹਿਲੇ ਸਾਲ ਦੇ ਮੁਕਾਬਲੇ 35.5% ਘਟਾ ਦਿੱਤਾ ਹੈ | ਸਰਕਾਰ ਖੇਤੀ ਅਧਾਰਤ ਸਨਅਤਾਂ ਅਤੇ ਮਨਰੇਗਾ ਵਿੱਚ 200 ਦਿਨ ਕੰਮ ਅਤੇ 600 ਰੁਪਏ ਦਿਹਾੜੀ ਦੇਣ ਲਈ ਤਿਆਰ ਨਹੀਂ ਅਤੇ ਨਾ ਹੀ ਵੱਖ-ਵੱਖ ਮਹਿਕਮਿਆਂ ਵਿੱਚ ਖਾਲੀ ਪੋਸਟਾਂ ਭਰੀਆਂ ਜਾ ਰਹੀਆਂ ਹਨ, ਜਿਸ ਕਾਰਨ ਖੇਤੀ ਵਿੱਚੋਂ ਨਿਕਲੇ ਖੇਤ ਮਜ਼ਦੂਰਾਂ ਵਿੱਚ ਭਾਰੀ ਬੇਚੈਨੀ ਹੈ | ਆਰਥਕ ਤੰਗੀਆਂ ਕਾਰਨ ਆਤਮ-ਹੱਤਿਆਵਾਂ ਵਧ ਰਹੀਆਂ ਹਨ | ਅਜਿਹੇ ਮੌਕੇ ਇਕੱਠੇ ਹੋ ਕੇ ਲੜਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ | ਕਾਮਰੇਡ ਲਾਲ ਸਿੰਘ ਧਨੌਲਾ ਜਨਰਲ ਸਕੱਤਰ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਨੇ ਕਿਹਾ ਕਿ ਦਲਿਤਾਂ ਨੂੰ ਬਰਾਬਰ ਦੇ ਅਧਿਕਾਰ ਦੇਣ ਤੋਂ ਬਿਨਾਂ ਸਮਾਜ ਦਾ ਸਹੀ ਵਿਕਾਸ ਨਹੀਂ ਹੋ ਸਕਦਾ | ਇਨ੍ਹਾਂ ਕੋਲ ਜ਼ਮੀਨ ਦੀ ਮਾਲਕੀ ਨਹੀਂ ਅਤੇ ਨਾ ਹੀ ਰੁਜ਼ਗਾਰ ਦੇ ਪੱਕੇ ਵਸੀਲੇ ਹਨ | ਉਨ੍ਹਾ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਦਲਿਤਾਂ ਉਤੇ ਹੁੰਦੇ ਹਮਲਿਆਂ ਨੂੰ ਸਖ਼ਤੀ ਨਾਲ ਰੋਕੇ | ਬੇਜ਼ਮੀਨੇ ਕਾਮਿਆਂ ਲਈ ਜ਼ਮੀਨ ਦਾ ਪ੍ਰਬੰਧ ਕਰੇ | ਬੇਘਰੇ ਲੋਕਾਂ ਲਈ 10-10 ਮਰਲੇ ਦੇ ਪਲਾਟ ਅਤੇ 5-5 ਲੱਖ ਰੁਪਏ ਮਕਾਨ ਬਣਾਉਣ ਲਈ ਦੇਵੇ |ਕਾਮਰੇਡ ਦੇਵੀ ਕੁਮਾਰੀ ਜਨਰਲ ਸਕੱਤਰ ਪੰਜਾਬ ਖੇਤ ਮਜ਼ਦੂਰ ਸਭਾ ਨੇ ਕਿਹਾ ਕਿ ਕੇਂਦਰ ਸਰਕਾਰ ਕਿਰਤੀਆਂ ਦੇ ਵਿਰੋਧੀ ਲੇਬਰ ਕੋਡ, ਖੇਤੀ ਵਿਰੋਧੀ ਕਾਲੇ ਕਾਨੂੰਨ ਅਤੇ ਬਿਜਲੀ ਸੋਧ ਬਿੱਲ 2020 ਨੂੰ ਤੁਰੰਤ ਰੱਦ ਕਰੇ | ਇਨ੍ਹਾਂ ਦੇ ਬੱਚਿਆਂ ਲਈ ਸਮੇਂ ਸਿਰ ਵਜ਼ੀਫੇ ਅਤੇ ਨਿੱਜੀ ਖੇਤਰ ਵਿੱਚ ਰਿਜ਼ਰਵੇਸ਼ਨ ਲਾਗੂ ਕਰੇ | ਇਸ ਦੇ ਇਲਾਵਾ ਐੱਸ ਸੀ ਸਬ-ਪਲਾਨ ਨੂੰ ਸਹੀ ਲਾਗੂ ਕਰੇ | ਕਾਮਰੇਡ ਸੰਤੋਖ ਸਿੰਘ ਸੰਘੇੜਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਸਭਾ ਨੇ ਕਿਹਾ ਕਿ ਪੰਜਾਬ ਵਿੱਚ ਉਸਾਰੀ ਕਾਮਿਆਂ ਦੇ ਕਾਨੂੰਨ ਨੂੰ ਸਹੀ ਲਾਗੂ ਕੀਤਾ ਜਾਵੇ ਅਤੇ ਇਸ ਦੇ ਬਕਾਇਆ ਕੇਸਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ | ਪੰਚਾਇਤੀ ਸ਼ਾਮਲਾਤ ਜ਼ਮੀਨਾਂ ਵਿੱਚ ਦਲਿਤਾਂ ਦੇ ਇੱਕ ਤਿਹਾਈ ਹਿੱਸੇ ਨੂੰ ਯਕੀਨੀ ਬਣਾਇਆ ਜਾਵੇ | ਕਾਮਰੇਡ ਰਾਮ ਸਿੰਘ ਨੂਰਪੁਰੀ ਪ੍ਰਧਾਨ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਨੇ ਕਿਹਾ ਕਿ ਪੰਜਾਬ ਸਰਕਾਰ ਖੇਤ ਮਜ਼ਦੂਰਾਂ ਨਾਲ ਕੀਤੇ ਵਾਅਦਿਆਂ ਨੂੰ ਸਹੀ ਅਰਥਾਂ ਵਿੱਚ ਲਾਗੂ ਕਰੇ | ਉਨ੍ਹਾ ਖੇਤ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ 14 ਅਪ੍ਰੈਲ ਨੂੰ ਡਾ. ਬੀ ਆਰ ਅੰਬੇਡਕਰ ਦੀ ਜਯੰਤੀ ਸੰਵਿਧਾਨਕ ਹੱਕਾਂ ਦੀ ਰਾਖੀ ਲਈ ਅਤੇ ਅੱਤਿਆਚਾਰ ਰੋਕਣ ਲਈ ਵੱਡੇ ਪੱਧਰ 'ਤੇ ਮਨਾਈ ਜਾਵੇ | ਪਹਿਲੀ ਮਈ ਕੌਮਾਂਤਰੀ ਮਜ਼ਦੂਰ ਦਿਨ ਕਿਰਤ ਕਾਨੂੰਨਾਂ ਦੀ ਰਾਖੀ ਲਈ ਮਨਾਇਆ ਜਾਵੇ