Latest News
ਸਰਕਾਰੀ ਮੁਲਾਜ਼ਮਾਂ ਦੇ ਕੰਮ ਦੇ ਘੰਟੇ ਵਧਣਗੇ, ਹਫਤੇ 'ਚ 3 ਛੁੱਟੀਆਂ

Published on 24 Jul, 2021 10:58 AM.


ਨਵੀਂ ਦਿੱਲੀ : ਭਾਰਤ ਸਰਕਾਰ ਸਰਕਾਰੀ ਮੁਲਾਜ਼ਮਾਂ ਦੇ ਕੰਮਕਾਜ ਦੇ ਤਰੀਕੇ 'ਚ ਬਦਲਾਅ ਕਰਨਾ ਚਾਹੁੰਦੀ ਹੈ | ਇਸ ਦਾ ਮੁੱਢਲਾ ਡਰਾਫਟ ਵੀ ਤਿਆਰ ਹੋ ਚੁੱਕਾ ਹੈ ਤੇ ਨਵੇਂ ਵੇਜ ਕੋਡ ਸੰਬੰਧੀ ਲੰਮੇ ਸਮੇਂ ਤੋਂ ਚਰਚਾ ਹੋ ਰਹੀ ਹੈ | ਪਹਿਲਾਂ ਇਹ 1 ਅਪ੍ਰੈਲ ਤੋਂ ਲਾਗੂ ਹੋਣ ਵਾਲਾ ਸੀ, ਪਰ ਸੂਬਾ ਸਰਕਾਰਾਂ ਇਸ ਲਈ ਤਿਆਰ ਨਹੀਂ ਸਨ ਤੇ ਇਹ ਲਾਗੂ ਨਾ ਹੋ ਸਕਿਆ | ਹੁਣ ਸਰਕਾਰ ਚਾਹੁੰਦੀ ਹੈ ਕਿ ਅਕਤੂਬਰ ਮਹੀਨੇ ਤੋਂ ਇਸ ਨੂੰ ਲਾਗੂ ਕੀਤਾ ਜਾਵੇ | ਨਵਾਂ ਵੇਜ ਕੋਡ ਲਾਗੂ ਹੋਣ ਤੋਂ ਬਾਅਦ ਸਰਕਾਰੀ ਮੁਲਾਜ਼ਮਾਂ ਦੇ ਕੰਮ ਕਰਨ ਦੇ ਘੰਟਿਆਂ ਤੇ ਛੁੱਟੀਆਂ ਵਿੱਚ ਕਾਫੀ ਬਦਲਾਅ ਆਵੇਗਾ |
ਜਾਣਕਾਰੀ ਅਨੁਸਾਰ ਅਕਤੂਬਰ ਤੱਕ ਸਾਰੇ ਸੂਬੇ ਆਪਣੇ ਡਰਾਫਟ ਰੂਲਜ਼ ਤਿਆਰ ਕਰ ਲੈਣਗੇ | ਇਸ ਤੋਂ ਬਾਅਦ ਨਵਾਂ ਵੇਜ ਕੋਡ ਲਾਗੂ ਕੀਤਾ ਜਾ ਸਕਦਾ ਹੈ | ਇਸ ਨਾਲ ਮੁਲਾਜ਼ਮਾਂ ਦੀ ਤਨਖਾਹ, ਛੁੱਟੀਆਂ ਆਦਿ ਵਿੱਚ ਬਦਲਾਅ ਹੋਣਗੇ | ਦਫਤਰ ਵਿਚ ਕੰਮ ਕਰਨ ਵਾਲੇ ਲੋਕਾਂ ਤੋਂ ਲੈ ਕੇ ਮਿੱਲਾਂ ਤੇ ਫੈਕਟਰੀਆਂ 'ਚ ਕੰਮ ਕਰਨ ਵਾਲੇ ਮਜ਼ਦੂਰ ਤੱਕ ਇਸ ਤੋਂ ਪ੍ਰਭਾਵਤ ਹੋਣਗੇ | ਉਨ੍ਹਾਂ ਦੀ ਤਨਖਾਹ, ਛੁੱਟੀਆਂ ਤੇ ਕੰਮ ਦੇ ਘੰਟੇ ਵੀ ਬਦਲ ਜਾਣਗੇ |
ਨਵੇਂ ਵੇਜ ਕੋਡ 'ਚ ਕਿਹਾ ਗਿਆ ਹੈ ਕਿ ਹਰੇਕ ਕੰਪਨੀ ਇਕ ਮੁਲਾਜ਼ਮ ਉੱਪਰ ਜਿੰਨਾ ਪੈਸਾ ਖਰਚ ਕਰੇਗੀ, ਉਸ ਦਾ ਅੱਧੇ ਨਾਲੋਂ ਜ਼ਿਆਦਾ ਹਿੱਸਾ ਉਸ ਨੂੰ ਬੇਸਿਕ ਸੈਲਰੀ ਦੇ ਰੂਪ 'ਚ ਦਿੱਤਾ ਜਾਵੇਗਾ | ਫਿਲਹਾਲ ਕਈ ਕੰਪਨੀਆਂ ਬੇਸਿਕ ਸੈਲਰੀ ਕਾਫੀ ਘੱਟ ਕਰਕੇ ਉੱਪਰੋਂ ਭੱਤੇ ਜ਼ਿਆਦਾ ਦਿੰਦੀਆਂ ਹਨ | ਇਸ ਨਾਲ ਕੰਪਨੀ 'ਤੇ ਘੱਟ ਬੋਝ ਪੈਂਦਾ ਹੈ ਤੇ ਮੁਲਾਜ਼ਮ ਦੇ ਹੱਥ ਆਉਣ ਵਾਲੀ ਤਨਖਾਹ ਵਧ ਜਾਂਦੀ ਹੈ | ਉੱਥੇ ਹੀ ਬੇਸਿਕ ਸੈਲਰੀ ਵਧਣ 'ਤੇ ਮੁਲਾਜ਼ਮ ਦੇ ਹੱਥ ਆਉਣ ਵਾਲੀ ਤਨਖਾਹ ਘਟੇਗੀ, ਪਰ ਕੰਪਨੀਆਂ ਉੱਪਰ ਦਬਾਅ ਵਧੇਗਾ | ਮੁਲਾਜ਼ਮਾਂ ਦੀਆਂ ਛੁੱਟੀਆਂ 240 ਤੋਂ ਵਧ ਕੇ 300 ਹੋ ਸਕਦੀਆਂ ਹਨ | ਇਸ ਤੋਂ ਪਹਿਲਾਂ ਕਿਰਤ ਮੰਤਰਾਲੇ ਤੇ ਇੰਡਸਟਰੀ ਦੀਆਂ ਮਜ਼ਦੂਰ ਯੂਨੀਅਨਾਂ ਦੇ ਨੁਮਾਇੰਦਿਆਂ ਵਿਚਕਾਰ ਇਸ ਬਾਰੇ ਕਈ ਦੌਰ ਦੀ ਗੱਲਬਾਤ ਹੋ ਚੁੱਕੀ ਹੈ, ਜਿਸ ਵਿੱਚ ਹਮੇਸ਼ਾ ਇਸ ਗੱਲ ਉੱਪਰ ਜ਼ੋਰ ਦਿੱਤਾ ਜਾਂਦਾ ਹੈ ਕਿ ਮੁਲਾਜ਼ਮਾਂ ਦੀ ਅਰਨਡ ਲੀਵ ਨੂੰ 240 ਤੋਂ ਵਧਾ ਕੇ 300 ਕੀਤਾ ਜਾਵੇ | ਹਾਲਾਂਕਿ, ਇਸ ਉੱਪਰ ਫਿਲਹਾਲ ਕੋਈ ਫੈਸਲਾ ਨਹੀਂ ਲਿਆ ਗਿਆ |
ਨਵੇਂ ਵੇਜ ਕੋਡ ਤਹਿਤ ਸਰਕਾਰੀ ਮੁਲਾਜ਼ਮਾਂ ਦੇ ਕੰਮ ਦੇ ਘੰਟੇ ਵਧਾ ਕੇ 12 ਕੀਤੇ ਜਾ ਸਕਦੇ ਹਨ, ਪਰ ਹਫਤੇ ਵਿੱਚ ਉਨ੍ਹਾਂ ਤੋਂ 48 ਘੰਟੇ ਕੰਮ ਕਰਵਾਇਆ ਜਾਵੇਗਾ | ਅਜਿਹਾ ਹੋਣ 'ਤੇ ਸਰਕਾਰੀ ਮੁਲਾਜ਼ਮਾਂ ਨੂੰ 3 ਦਿਨ ਦਾ ਵੀਕ ਆਫ ਮਿਲੇਗਾ | ਕੁਝ ਮੁਲਾਜ਼ਮ ਯੂਨੀਅਨ ਇਸ ਦਾ ਵਿਰੋਧ ਵੀ ਕਰ ਰਹੇ ਹਨ | ਹਾਲਾਂਕਿ ਕੰਮ ਦੇ ਘੰਟਿਆਂ 'ਚ ਫੇਰਬਦਲ ਮੁਲਾਜ਼ਮ ਤੇ ਕੰਪਨੀ ਦੀ ਸਹਿਮਤੀ ਨਾਲ ਹੋਵੇਗਾ | 8 ਘੰਟੇ ਕੰਮ ਕਰਨ ਵਾਲੇ ਮੁਲਾਜ਼ਮ ਨੂੰ ਹਫਤੇ ਵਿਚ 6 ਦਿਨ ਕੰਮ ਕਰਨਾ ਪਵੇਗਾ, ਜਦਕਿ 12 ਘੰਟੇ ਕੰਮ ਕਰਨ 'ਤੇ 3 ਵੀਕ ਆਫ ਮਿਲਣਗੇ | ਦੇਸ਼ ਵਿਚ ਪਹਿਲੀ ਵਾਰ ਹਰ ਤਰ੍ਹਾਂ ਦੇ ਵਰਕਰਜ ਨੂੰ ਮਿਨੀਮਮ ਵੇਜ ਯਾਨਿ ਘੱਟੋ-ਘੱਟ ਸੈਲਰੀ ਮਿਲੇਗੀ | ਪਰਵਾਸੀ ਮਜ਼ਦੂਰਾਂ ਲਈ ਨਵੀਆਂ ਸਕੀਮਾਂ ਹਨ | ਸਾਰੇ ਮਜ਼ਦੂਰਾਂ ਦੀ ਸਮਾਜਿਕ ਸੁਰੱਖਿਆ ਲਈ ਪ੍ਰੋਵੀਡੈਂਟ ਫੰਡ ਵੀ ਦਿੱਤਾ ਜਾਵੇਗਾ | ਸਾਰੇ ਮੁਲਾਜ਼ਮਾਂ ਨੂੰ ਕਵਰੇਜ ਮਿਲੇਗੀ ਤੇ ਔਰਤਾਂ ਹਰ ਤਰ੍ਹਾਂ ਦੇ ਕੰਮ ਕਰ ਸਕਣਗੀਆਂ | ਲੜਕੀਆਂ ਨੂੰ ਨਾਈਟ ਸ਼ਿਫਟ ਕਰਨ ਦੀ ਵੀ ਇਜਾਜ਼ਤ ਹੋਵੇਗੀ | ਬੇਸਿਕ ਸੈਲਰੀ ਵਧਣ 'ਤੇ ਮੁਲਾਜ਼ਮਾਂ ਦੇ ਹੱਥ ਘੱਟ ਸੈਲਰੀ ਆਵੇਗੀ, ਪਰ ਪੀ ਐੱਫ ਜ਼ਿਆਦਾ ਕੱਟੇਗਾ ਤੇ ਮੁਲਾਜ਼ਮਾਂ ਦਾ ਭਵਿੱਖ ਪਹਿਲਾਂ ਨਾਲੋਂ ਜ਼ਿਆਦਾ ਸੁਰੱਖਿਅਤ ਹੋਵੇਗਾ | ਪੀ ਐੱਫ ਵਧਣ 'ਤੇ ਗ੍ਰੈਚੂਟੀ ਵੀ ਵਧੇਗੀ ਤੇ ਰਿਟਾਇਰ ਹੋਣ 'ਤੇ ਮੁਲਾਜ਼ਮਾਂ ਨੂੰ ਜ਼ਿਆਦਾ ਪੈਸਾ ਮਿਲੇਗਾ | ਗੈਰ-ਸੰਗਠਿਤ ਖੇਤਰ ਦੇ ਮੁਲਾਜ਼ਮਾਂ ਲਈ ਵੀ ਨਵਾਂ ਵੇਜ ਕੋਡ ਲਾਗੂ ਹੋਵੇਗਾ | ਇਸ ਨਾਲ ਤਨਖਾਹ ਤੇ ਬੋਨਸ ਦੇ ਨਿਯਮ ਬਦਲਣਗੇ ਤੇ ਹਰੇਕ ਸੈਕਟਰ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਤਨਖਾਹ ਵਿੱਚ ਸਮਾਨਤਾ ਆਵੇਗੀ |

136 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper