Latest News
ਕਿਸਾਨ ਤੇ ਭਾਜਪਾ ਕਾਰਕੁਨ ਹੋਏ ਆਹਮੋ-ਸਾਹਮਣੇ

Published on 24 Jul, 2021 11:09 AM.


ਫਗਵਾੜਾ (ਇੰਦਰਜੀਤ ਸਿੰਘ ਮਠਾੜੂ,
ਰਘਬੀਰ ਸਿੰਘ)
ਭਾਰਤੀ ਜਨਤਾ ਪਾਰਟੀ ਦੇ ਆਗੂ ਵੱਲੋਂ ਖੋਲ੍ਹੇ ਜਾ ਰਹੇ ਸ਼ੋਅਰੂਮ ਦੇ ਉਦਘਾਟਨ ਦੇ ਮੌਕੇ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦੋਂ ਸਾਬਕਾ ਕੇਂਦਰੀ ਮੰਤਰੀ ਤੇ ਕੌਮੀ ਐੱਸ ਸੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਦੇ ਇੱਥੇ ਪੁੱਜਣ ਦੀ ਭਿਣਕ ਕਿਸਾਨਾਂ ਦੇ ਕੰਨਾਂ ਤੱਕ ਪੈ ਗਈ | ਕਿਸਾਨਾਂ ਵੱਲੋਂ ਇੱਥੇ ਪੁੱਜ ਕੇ ਇਸ ਦਾ ਡਟਵਾਂ ਵਿਰੋਧ ਕੀਤਾ ਗਿਆ ਤੇ ਮਾਹੌਲ ਏਨਾ ਗਰਮਾ ਗਿਆ ਕਿ ਕਿਸਾਨ ਤੇ ਭਾਜਪਾ ਆਗੂ ਆਹਮੋ-ਸਾਹਮਣੇ ਹੋ ਗਏ ਤੇ ਕਿਸਾਨਾਂ ਨੇ ਸਮਾਗਮ ਲਈ ਲਗਾਏ ਟੈਂਟ ਵੀ ਪੁੱਟਣੇ ਸ਼ੁਰੂ ਕਰ ਦਿੱਤੇ, ਜਿਸ ਨੂੰ ਪੁਲਸ ਨੇ ਰੋਕ ਕੇ ਮਾਹੌਲ ਨੂੰ ਸ਼ਾਂਤ ਕਰਵਾਇਆ | ਭਾਰਤੀ ਜਨਤਾ ਯੁਵਾ ਮੋਰਚਾ ਦੇ ਆਗੂ ਅਸ਼ੋਕ ਦੁੱਗਲ ਨੇ ਨਵਾਂ ਸੈਨੇਟਰੀ ਦਾ ਸ਼ੋਅਰੂਮ ਖੋਲਿ੍ਹਆ ਸੀ, ਜਿਸ ਦਾ ਉਦਘਾਟਨ ਵਿਜੈ ਸਾਂਪਲਾ ਤੇ ਸੋਮ ਪ੍ਰਕਾਸ਼ ਨੇ ਕਰਨਾ ਸੀ | ਸਾਂਪਲਾ ਦੇ ਪੁੱਜਣ ਦੀ ਭਿਣਕ ਜਦੋਂ ਕਿਸਾਨਾਂ ਨੂੰ ਪਈ ਤਾਂ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਬੈਨਰ ਹੇਠ ਕਿਸਾਨ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਉਨ੍ਹਾਂ ਵੱਲੋਂ ਸਮਾਗਮ ਤੋਂ ਕਰੀਬ 100 ਮੀਟਰ ਦੀ ਦੂਰੀ 'ਤੇ ਖੜ੍ਹ ਕੇ ਨਾਅਰੇਬਾਜੀ ਸ਼ੁਰੂ ਕਰ ਦਿੱਤੀ ਤੇ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦਾ ਮਸਲਾ ਹੱਲ ਨਹੀਂ ਕਰਦੀ, ਓਨੀ ਦੇਰ ਭਾਜਪਾ ਆਗੂਆਂ ਨੂੰ ਸਮਾਗਮ 'ਚ ਵੜਨ ਨਹੀਂ ਦਿੱਤਾ ਜਾਵੇਗਾ | ਮੌਕੇ 'ਤੇ ਐੱਸ ਪੀ ਸਰਬਜੀਤ ਸਿੰਘ ਬਾਹੀਆ, ਡੀ ਅੱੈਸ ਪੀ ਪਰਮਜੀਤ ਸਿੰਘ, ਡੀ ਐੱਸ ਪੀ ਬਬਨਦੀਪ ਸਿੰਘ ਵੱਡੀ ਗਿਣਤੀ 'ਚ ਪੁਲਸ ਪਾਰਟੀ ਸਮੇਤ ਮੌਜੂਦ ਸਨ | ਪੁਲਸ ਵੱਲੋਂ ਕਿਸਾਨਾਂ ਨੂੰ ਸ਼ਾਂਤ ਰਹਿਣ ਤੇ ਅੰਦੋਲਨ ਸਮਾਪਤ ਕਰਨ ਲਈ ਕਿਹਾ ਗਿਆ ਤੇ ਦੱਸਿਆ ਕਿ ਇਹ ਨਿੱਜੀ ਸਮਾਗਮ ਹੈ, ਪਰ ਕਿਸਾਨਾਂ ਦਾ ਕਹਿਣਾ ਸੀ ਕਿ ਉਹ ਸਾਂਪਲਾ ਦਾ ਵਿਰੋਧ ਕਰਨ ਆਏ ਹਨ, ਸਮਾਗਮ ਲਈ ਲੱਗਿਆ ਟੈਂਟ ਪੁਟਵਾ ਦਿੱਤਾ ਜਾਵੇ ਤਾਂ ਉਹ ਚਲੇ ਜਾਣਗੇ | ਇਸ ਤੋਂ ਬਾਅਦ ਮਾਹੌਲ ਗਰਮਾ ਗਿਆ ਤੇ ਕਿਸਾਨ ਟੈਂਟ ਨਜ਼ਦੀਕ ਪੁੱਜ ਗਏ ਤੇ ਉੱਧਰੋਂ ਭਾਜਪਾ ਆਗੂ ਵੀ ਵਿਰੋਧ ਕਰਨ ਲਈ ਬਾਹਰ ਆ ਗਏ | ਇਸ ਦੌਰਾਨ ਇੱਕ-ਦੂਸਰੇ ਖਿਲਾਫ ਨਾਅਰੇਬਾਜ਼ੀ ਸ਼ੁਰੂ ਹੋ ਗਈ, ਜਿਸ ਦੌਰਾਨ ਕੁਝ ਕਿਸਾਨਾਂ ਵੱਲੋਂ ਟੈਂਟ ਦੇ ਰੱਸੇ ਵੀ ਖੋਲ੍ਹ ਦਿੱਤੇ ਗਏ | ਪੁਲਸ ਨੇ ਬੜੀ ਮੁਸ਼ਕਲ ਨਾਲ ਉਨ੍ਹਾਂ ਨੂੰ ਰੋਕਿਆ ਤੇ ਦੋਨਾਂ ਧਿਰਾਂ ਨੂੰ ਸ਼ਾਂਤ ਕੀਤਾ | ਐੱਸ ਐੱਸ ਪੀ ਹਰਕਮਲਪ੍ਰੀਤ ਸਿੰਘ ਖੱਖ ਵੱਡੀ ਗਿਣਤੀ 'ਚ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਤੇ ਦੋਵਾਂ ਧਿਰਾਂ ਨਾਲ ਗੱਲਬਾਤ ਕੀਤੀ ਤੇ ਕਿਸਾਨ ਆਗੂ ਟੈਂਟ ਉਤਰਵਾਉਣ ਦੀ ਜ਼ਿੱਦ 'ਤੇ ਅੜੇ ਹੋਏ ਸਨ, ਜਿਸ ਤੋਂ ਬਾਅਦ ਖੱਖ ਦੀ ਮੌਜੂਦਗੀ 'ਚ ਮੀਟਿੰਗ ਹੋਈ ਤੇ ਉਨ੍ਹਾ ਮਾਮਲਾ ਸ਼ਾਂਤ ਕਰਵਾ ਦਿੱਤਾ | ਕਿਸਾਨ ਆਗੂ ਕੁਲਵਿੰਦਰ ਸਿੰਘ ਕਾਲਾ, ਗੁਰਪਾਲ ਸਿੰਘ ਪਾਲਾ, ਇੰਦਰਜੀਤ ਸਿੰਘ ਖਲਿਆਣ, ਸੁਖਵਿੰਦਰ ਸਿੰਘ ਸ਼ੇਰਗਿੱਲ, ਸਾਬਕਾ ਨਾਇਬ ਤਹਿਸੀਲਦਾਰ ਜਸਵਿੰਦਰ ਸਿੰਘ, ਸੁਖਦੇਵ ਸਿੰਘ, ਜਸਬੀਰ ਸਿੰਘ, ਗੁਰਬਖਸ਼ ਸਿੰਘ ਅਠੌਲੀ ਤੇ ਹੋਰਨਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਆਗੂਆਂ ਨੂੰ ਸਮਾਗਮ 'ਚ ਨਾ ਸ਼ਾਮਲ ਹੋਣ ਦੇਣਾ ਹੀ ਉਨ੍ਹਾਂ ਦੀ ਜਿੱਤ ਹੈ | ਉਨ੍ਹਾਂ ਚੇਤਾਵਨੀ ਦਿੱਤੀ ਕਿ ਹੁਣ ਜਿੱਥੇ ਵੀ ਭਾਜਪਾ ਲੀਡਰ ਸਮਾਗਮ ਜਾਂ ਉਦਘਾਟਨ ਕਰਨ ਲਈ ਜਾਣਗੇ, ਉਨ੍ਹਾਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ | ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਵੱਲੋਂ ਫੋਨ ਰਾਹੀਂ ਸਪੀਕਰ 'ਤੇ ਕਿਸਾਨਾਂ ਨੂੰ ਸੰਦੇਸ਼ ਸੁਣਾਇਆ ਕਿ ਇਹ ਉਨ੍ਹਾਂ ਦੀ ਜਿੱਤ ਹੈ ਤੇ ਹੁਣ ਸਾਰੇ ਕਿਸਾਨ ਆਪੋ-ਆਪਣੇ ਘਰਾਂ ਨੂੰ ਵਾਪਸ ਪਰਤਣ, ਜਿਸ ਤੋਂ ਬਾਅਦ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਿੱਤਾ |

303 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper