Latest News
ਪਰਮਗੁਣੀ ਭਗਤ ਸਿੰਘ ਦਾ 115ਵਾਂ ਜਨਮ ਦਿਨ ਇਨਕਲਾਬੀ ਜੋਸ਼ੋ-ਖਰੋਸ਼ ਨਾਲ ਮਨਾਇਆ ਜਾਵੇਗਾ : ਢਾਬਾਂ, ਕਰਮਵੀਰ ਬੱਧਨੀ

Published on 20 Sep, 2021 11:39 AM.


ਜਲੰਧਰ : ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏ ਆਈ ਐੱਸ ਐੱਫ ) ਅਤੇ ਸਰਬ ਭਾਰਤ ਨੌਜਵਾਨ ਸਭਾ (ਏ ਆਈ ਵਾਈ ਐੱਫ) ਸੂਬਾ ਕੌਂਸਲ ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 28 ਸਤੰਬਰ (ਮੰਗਲਵਾਰ) ਨੂੰ ਪਰਮਗੁਣੀ ਭਗਤ ਸਿੰਘ ਦਾ ਜਨਮ ਦਿਨ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਇਨਕਲਾਬੀ ਜੋਸ਼ੋ-ਖਰੋਸ਼ ਨਾਲ ਮਨਾਇਆ ਜਾਵੇਗਾ | ਇਸ ਮੌਕੇ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਸ਼ਾਨਾਮੱਤੇ ਇਤਿਹਾਸ ਦੇ 25 ਵਰ੍ਹੇ ਪੂਰੇ ਹੋਣ 'ਤੇ ਸਿਲਵਰ ਜੁਬਲੀ ਸਮਾਗਮ ਕੀਤਾ ਜਾਵੇਗਾ | ਇਸ ਸੰਬੰਧੀ ਜਾਣਕਾਰੀ ਦੇਸ਼ ਭਗਤ ਯਾਦਗਾਰ 'ਚ ਤਿਆਰੀ ਕਮੇਟੀ ਦੀ ਹੋਈ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਿਆਰੀ ਕਮੇਟੀ ਦੇ ਕਨਵੀਨਰ ਐਡਵੋਕੇਟ ਰਜਿੰਦਰ ਮੰਡ, ਏ ਆਈ ਐੱਸ ਐੱਫ ਦੇ ਸੂਬਾ ਪ੍ਰਧਾਨ ਲਵਪ੍ਰੀਤ ਮਾੜੀਮੇਘਾ, ਸੂਬਾਈ ਜਥੇਬੰਦਕ ਸਕੱਤਰ ਕਰਮਵੀਰ ਕੌਰ ਬੱਧਨੀ, ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਸੁਖਜਿੰਦਰ ਮਹੇਸ਼ਰੀ, ਸੂਬਾ ਪ੍ਰਧਾਨ ਪਰਮਜੀਤ ਢਾਬਾਂ, ਨੌਜਵਾਨ ਸਭਾ ਦੇ ਸਾਬਕਾ ਕੁਲ ਹਿੰਦ ਪ੍ਰਧਾਨ ਪਿ੍ਥੀਪਾਲ ਮਾੜੀਮੇਘਾ ਅਤੇ ਰੋਡਵੇਜ਼ ਆਗੂ ਅਵਤਾਰ ਸਿੰਘ ਤਾਰੀ ਨੇ ਦੱਸਿਆ ਕਿ ਇਸ ਵਾਰ ਵੀ ਪਰਮਗੁਣੀ ਭਗਤ ਸਿੰਘ ਦਾ ਜਨਮ ਦਿਨ ਸਮਾਗਮ ਸ਼ਾਨੋ-ਸ਼ੌਕਤ ਅਤੇ ਇਨਕਲਾਬੀ ਜੋਸ਼ੋ-ਖਰੋਸ਼ ਨਾਲ ਮਨਾਇਆ ਜਾਵੇਗਾ, ਜਿਸ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਚ ਵਿਦਿਆਰਥੀ ਅਤੇ ਨੌਜਵਾਨ ਸ਼ਿਰਕਤ ਕਰਨਗੇ |
ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਸਾਥੀ ਢਾਬਾਂ ਅਤੇ ਏ ਆਈ ਐੱਸ ਐੱਫ ਦੀ ਸੂਬਾਈ ਜੱਥੇਬੰਦਕ ਸਕੱਤਰ ਕਰਮਵੀਰ ਕੌਰ ਬੱਧਨੀ ਨੇ ਕਿਹਾ ਕਿ ਪਰਮਗੁਣੀ ਭਗਤ ਸਿੰਘ ਦਾ ਜਨਮ ਦਿਨ ਮਨਾਉਣ ਦੀ ਸ਼ੁਰੂਆਤ ਦੋਨੋਂ ਜਥੇਬੰਦੀਆਂ ਵੱਲੋਂ ਰੁਜ਼ਗਾਰ ਪ੍ਰਾਪਤੀ ਮੁਹਿੰਮ ਤਹਿਤ ਬੀਤੇ ਪੱਚੀ ਸਾਲ ਪਹਿਲਾਂ ਕੀਤੀ ਗਈ ਸੀ | ਉਨ੍ਹਾਂ ਕਿਹਾ ਕਿ ਪਹਿਲਾਂ ਸਿਰਫ਼ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦਾ ਸ਼ਹਾਦਤ ਦਿਵਸ ਮਨਾਇਆ ਜਾਂਦਾ ਸੀ, ਜਦੋਂ ਕਿ ਜਨਮ ਦਿਨ ਮਨਾਉਣ ਦੀ ਪਿਰਤ ਰੁਜ਼ਗਾਰ ਪ੍ਰਾਪਤੀ ਮੁਹਿੰਮ ਵੱਲੋਂ ਪਾਈ ਗਈ, ਜਿਸ ਦਾ ਹੀ ਨਤੀਜਾ ਸੀ ਕਿ ਪੰਜਾਬ ਭਰ ਤੋਂ ਅੱਗੇ ਵੱਧ ਕੌਮਾਂਤਰੀ ਪੱਧਰ 'ਤੇ ਭਗਤ ਸਿੰਘ ਦਾ ਸੌ ਸਾਲਾ ਜਨਮ ਦਿਨ ਇਨਕਲਾਬੀ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ | ਨੌਜਵਾਨ ਸਭਾ ਦੇ ਸੂਬਾਈ ਸਕੱਤਰ ਸੁਖਜਿੰਦਰ ਮਹੇਸ਼ਰੀ ਅਤੇ ਏ ਆਈ ਐੱਸ ਐੱਫ ਦੇ ਸੂਬਾ ਪ੍ਰਧਾਨ ਲਵਪ੍ਰੀਤ ਮਾੜੀਮੇਘਾ ਨੇ ਕਿਹਾ ਕਿ ਰੁਜ਼ਗਾਰ ਪ੍ਰਾਪਤੀ ਮੁਹਿੰਮ ਦਾ ਪੱਚੀ ਸਾਲਾ ਇਤਿਹਾਸ ਸ਼ਾਨਾਮੱਤਾ ਇਤਿਹਾਸ ਹੈ | ਸਭ ਲਈ ਰੁਜ਼ਗਾਰ ਦੀ ਗਾਰੰਟੀ ਅਤੇ ਬਾਰ੍ਹਵੀਂ ਤੱਕ ਵਿਦਿਆ ਮੁਫਤ ਤੇ ਲਾਜ਼ਮੀ ਗਾਰੰਟੀ ਦੀ ਮੰਗ ਨੂੰ ਲੈ ਕੇ ਚੱਲਿਆ ਇਹ ਸਫ਼ਰ 23 ਮਾਰਚ 2014 ਨੂੰ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਨ ਮੌਕੇ ਦੂਜੇ ਪੜਾਅ ਅਤੇ ਨਵੇਂ ਪ੍ਰੋਗਰਾਮ ਵਿੱਚ ਸ਼ਾਮਲ ਹੋਇਆ | ਇਸ ਮੌਕੇ ਵਿਦਿਆਰਥੀਆਂ ਅਤੇ ਨੌਜਵਾਨਾਂ ਵੱਲੋਂ ਦੇਸ਼ ਦੀ ਪਾਰਲੀਮੈਂਟ ਵਿੱਚ ਸਭ ਲਈ ਰੁਜ਼ਗਾਰ ਦੀ ਗਾਰੰਟੀ ਕਰਦੇ 'ਬਨੇਗਾ' ਭਾਵ 'ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ' ਬਣਾਉਣ ਦੀ ਮੰਗ ਨੂੰ ਲੈ ਕੇ ਸਰਗਰਮੀ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ | ਸ਼ਹੀਦਾਂ ਦੀ ਧਰਤੀ ਹੁਸੈਨੀਵਾਲਾ ਤੋਂ ਸ਼ੁਰੂ ਕੀਤੀ ਇਹ ਸਰਗਰਮੀ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚੋਂ ਹੁੰਦੀ ਹੋਈ ਦੇਸ਼ ਦੀ ਪਾਰਲੀਮੈਂਟ ਤੱਕ ਪਹੁੰਚੀ | ਇਸ ਕਾਨੂੰਨ ਅਨੁਸਾਰ ਹਰ (18 ਤੋਂ 58 ਸਾਲ ਉਮਰ ਗਰੁੱਪ ਦੇ) ਇਸਤਰੀ ਮਰਦ ਨੂੰ 18 ਸਾਲ ਤੋਂ ਉਪਰ ਨੂੰ (ਜੋ ਚਾਹੁੰਦਾ ਹੈ) ਕੰਮ ਦੀ ਗਰੰਟੀ ਹੇਠ: ਅਨਪੜ੍ਹ ਤੇ ਅਣਸਿਖਿਅਕ ਨੂੰ 20000 ਰੁਪਏ ਮਹੀਨਾ, ਅਰਧ ਸਿੱਖਿਅਕ ਨੂੰ 25000 ਰੁਪਏ ਮਹੀਨਾ, ਸਿੱਖਿਅਕ ਨੂੰ 30000 ਰੁਪਏ ਮਹੀਨਾ ਅਤੇ ਉਚ ਸਿੱਖਿਅਕ-ਡਿਗਰੀਧਾਰੀ ਨੂੰ 35000 ਰੁਪਏ ਮਹੀਨਾ, ਉਜਰਤ/ ਤਨਖਾਹ ਮਿਲਣ ਦੀ ਕਾਨੂੰਨੀ ਗਰੰਟੀ ਹੋਵੇ | ਵਿਅਕਤੀ ਵੱਲੋਂ ਮੰਗ ਕਰਨ ਦੇ ਕੰਮ ਨਾ ਮਿਲਣ ਦੀ ਸੂਰਤ ਹੇਠ ਉਹ ਵਿਅਕਤੀ ਯੋਗਤਾ ਅਨੁਸਾਰ ਪ੍ਰਤੀ ਮਹੀਨਾ ਤਨਖਾਹ ਦਾ ਅੱਧ, 'ਕੰਮ ਇੰਤਜ਼ਾਰ ਭੱਤਾ' ਵਜੋਂ ਪ੍ਰਾਪਤ ਕਰਨ ਦਾ ਕਾਨੂੰਨੀ ਹੱਕਦਾਰ ਹੋਵੇ | 'ਇਹ (ਬਨੇਗਾ) ਪੰਜਾਬ ਤੋਂ ਚੱਲ ਕੇ ਏ ਆਈ ਐੱਸ ਐੱਫ ਅਤੇ ਏ ਆਈ ਵਾਈ ਐੱਫ ਦੀ ਕੇਂਦਰੀ ਟੀਮ ਦੀ ਸੂਝ ਦਾ ਹਿੱਸਾ ਬਣਨ ਉਪਰੰਤ, ਮੁਹਿੰਮ ਦੇਸ਼ ਵਿਆਪੀ ਰੂਪ-ਧਾਰਨ ਬਣ ਗਈ ਅਤੇ 60 ਦਿਨਾਂ ਦਾ ਲਾਂਗ ਮਾਰਚ (12 ਜੁਲਾਈ 2017 ਤੋਂ 12 ਸਤੰਬਰ 2017) ਕੰਨਿਆਕੁਮਾਰੀ ਤੋਂ ਹੁਸੈਨੀਵਾਲਾ (ਰਾਜਗੁਰੂ, ਸੁਖਦੇਵ, ਭਗਤ ਸਿੰਘ ਦੀ ਯਾਦਗਾਰੀ ਸਥਾਨ) ਤੱਕ ਕਰਕੇ, 18 ਸੂਬਿਆਂ ਵਿਚ ਬਨੇਗਾ ਲਈ ਜਾਗਿ੍ਤ ਕੀਤਾ |
ਵਿਦਿਆਰਥੀ ਅਤੇ ਨੌਜਵਾਨ ਆਗੂਆਂ ਨੇ ਪੰਜਾਬ ਭਰ 'ਚ ਵੱਖ-ਵੱਖ ਪਲੇਟਫਾਰਮਾਂ 'ਤੇ ਆਪਣੇ ਰੁਜਗਾਰ ਦੀ ਗਾਰੰਟੀ ਲਈ ਲੜ ਰਹੇ ਨੌਜਵਾਨਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ ਭਗਤ ਸਿੰਘ ਦੇ ਜਨਮ ਦਿਨ 'ਤੇ ਜਲੰਧਰ ਦੇਸ਼ ਭਗਤ ਯਾਦਗਰ ਹਾਲ ਦੇ ਵਿਹੜੇ 'ਚ ਹੁੰਮ-ਹੁਮਾ ਕੇ ਪਹੁੰਚਣ ਅਤੇ ਸਭ ਦੀ ਰੁਜ਼ਗਾਰ ਦੀ ਗਾਰੰਟੀ ਲਈ ਆਵਾਜ਼ ਬੁਲੰਦ ਕਰਨ | ਇਸ ਮੌਕੇ ਤਿਆਰੀ ਕਮੇਟੀ ਨੇ ਤਿਆਰੀਆਂ ਸੰਬੰਧੀ ਜਾਇਜ਼ਾ ਲੈਂਦਿਆਂ ਵੱਖ-ਵੱਖ ਆਗੂਆਂ ਦੀਆਂ ਵੱਖ-ਵੱਖ ਕਾਰਜਾਂ ਲਈ ਡਿਊਟੀਆਂ ਲਗਾਈਆਂ |
ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸਰਬ ਭਾਰਤ ਨੌਜਵਾਨ ਸਭਾ ਜ਼ਿਲ੍ਹਾ ਜਲੰਧਰ ਦੇ ਆਗੂ ਸੰਦੀਪ ਦੌਲੀਕੇ, ਪੰਜਾਬ ਕਿਸਾਨ ਸਭਾ ਦੇ ਆਗੂ ਚਰਨਜੀਤ ਥੰਮੂਵਾਲ, ਟਰੇਡ ਯੂਨੀਅਨ ਆਗੂ ਰਾਜੇਸ਼ ਥਾਪਾ, ਰਛਪਾਲ ਕੈਲੇ, ਰੋਡਵੇਜ਼ ਆਗੂ ਗੁਰਮੁੱਖ ਸਿੰਘ, ਪਵਨਦੀਪ ਕੌਰ, ਸਿਕੰਦਰ ਸਿੰਘ ਸੰਧੂ ਅਤੇ ਸੁਦਾਗਰ ਸਿੰਘ ਵੀ ਹਾਜ਼ਰ ਸਨ |

144 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper