Latest News
ਲਾਪਰਵਾਹੀ

Published on 20 Sep, 2021 11:47 AM.


ਕੌਮੀ ਅਪਰਾਧ ਰਿਕਾਰਡ ਬਿਊਰੋ ਦੀ 2020 ਦੀ ਸਾਲਾਨਾ 'ਕਰਾਈਮ ਇੰਡੀਆ' ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਦੇਸ਼ ਵਿਚ ਲਾਪਰਵਾਹੀ ਕਾਰਨ ਸੜਕ ਹਾਦਸਿਆਂ ਦੇ ਅਜਿਹੇ ਇਕ ਲੱਖ 20 ਹਜ਼ਾਰ ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਵਿਚ ਲੋਕਾਂ ਦੀਆਂ ਮੌਤਾਂ ਹੋਈਆਂ ਤੇ ਕੁਲ ਮੌਤਾਂ ਦੀ ਗਿਣਤੀ 3 ਲੱਖ 92 ਹਜ਼ਾਰ ਰਹੀ | ਯਾਨੀਕਿ ਔਸਤਨ ਰੋਜ਼ਾਨਾ 328 ਲੋਕਾਂ ਨੇ ਜਾਨ ਗੁਆਈ | ਇਸੇ ਤਰ੍ਹਾਂ ਟੱਕਰ ਮਾਰ ਕੇ ਭੱਜ ਜਾਣ (ਹਿੱਟ ਐਂਡ ਰਨ) ਦੇ 41 ਹਜ਼ਾਰ 196 ਮਾਮਲੇ ਦਰਜ ਕੀਤੇ ਗਏ | 2019 ਵਿਚ 47 ਹਜ਼ਾਰ 504 ਤੇ 2018 ਵਿਚ 47 ਹਜ਼ਾਰ 028 ਦਰਜ ਕੀਤੇ ਗਏ ਸਨ | ਤੇਜ਼ ਰਫਤਾਰੀ ਤੇ ਲਾਪਰਵਾਹੀ ਨਾਲ ਗੱਡੀਆਂ ਚਲਾਉਣ ਕਰਕੇ ਸੱਟ ਲੱਗਣ ਦੇ 2020 ਵਿਚ ਇਕ ਲੱਖ 30 ਹਜ਼ਾਰ ਮਾਮਲੇ ਦਰਜ ਕੀਤੇ ਗਏ | 2019 ਵਿਚ ਇਕ ਲੱਖ 60 ਹਜ਼ਾਰ ਤੇ 2018 ਵਿਚ ਇਕ ਲੱਖ 66 ਹਜ਼ਾਰ ਦਰਜ ਹੋਏ ਸਨ | ਗੰਭੀਰ ਸੱਟਾਂ ਦੇ ਕ੍ਰਮਵਾਰ 85 ਹਜ਼ਾਰ 920, ਇਕ ਲੱਖ 12 ਹਜ਼ਾਰ ਤੇ ਇਕ ਲੱਖ 8 ਹਜ਼ਾਰ ਮਾਮਲੇ ਦਰਜ ਹੋਏ | ਗਿਣਤੀ ਦੇ ਹਿਸਾਬ ਨਾਲ ਮਾਮਲਿਆਂ ਵਿਚ ਕਮੀ ਨਜ਼ਰ ਆਉਂਦੀ ਹੈ, ਪਰ ਨੋਟ ਕਰਨ ਵਾਲੀ ਗੱਲ ਹੈ ਕਿ 25 ਮਾਰਚ ਤੋਂ 31 ਮਈ ਤੱਕ ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਵਿਚ ਮੁਕੰਮਲ ਲਾਕਡਾਊਨ ਰਿਹਾ ਅਤੇ ਉਸ ਤੋਂ ਬਾਅਦ ਵੀ ਜ਼ਿੰਦਗੀ ਨਾਰਮਲ ਨਹੀਂ ਹੋਈ, ਇਸ ਦੇ ਬਾਵਜੂਦ ਏਨੇ ਹਾਦਸਿਆਂ ਦਾ ਵਾਪਰਨਾ ਦੱਸਦਾ ਹੈ ਕਿ ਅਸੀਂ ਕਿੰਨੀ ਲਾਪਰਵਾਹੀ ਨਾਲ ਮੋਟਰ-ਗੱਡੀਆਂ ਚਲਾਉਂਦੇ ਹਾਂ | ਹਾਦਸਿਆਂ ਲਈ ਜ਼ਿੰਮੇਵਾਰ ਪ੍ਰਮੁੱਖ ਕਾਰਨਾਂ ਵਿਚ ਅਕਸਰ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨਾ, ਕਾਰ ਚਲਾਉਂਦਿਆਂ ਸੀਟ ਬੈਲਟ ਦੀ ਵਰਤੋਂ ਨਾ ਕਰਨਾ, ਬਾਈਕ ਚਲਾਉਂਦਿਆਂ ਹੈਲਮਟ ਦੀ ਵਰਤੋਂ ਨਾ ਕਰਨਾ, ਦਾਰੂ ਪੀ ਕੇ ਜਾਂ ਨਸ਼ਾ ਕਰਕੇ ਗੱਡੀ ਚਲਾਉਣਾ, ਡਰਾਈਵਰ ਦੀ ਨੀਂਦ ਪੂਰੀ ਨਾ ਹੋਣਾ ਜਾਂ ਉਸ ਦੀ ਮਾਲਕ ਪ੍ਰਤੀ ਖਿਝ, ਸੜਕਾਂ ਦੀ ਮਾੜੀ ਹਾਲਤ ਗਿਣਾਏ ਜਾਂਦੇ ਹਨ ਅਤੇ ਬਚਾਅ ਲਈ ਰਫਤਾਰ ਘੱਟ ਰੱਖਣ, ਸੀਟ ਬੈਲਟ ਤੇ ਹੈਲਮਟ ਦੀ ਵਰਤੋਂ ਕਰਨ, ਨਸ਼ਾ ਨਾ ਕਰਨ ਅਤੇ ਚੌਕਸ ਕਰਦੇ ਬੋਰਡਾਂ ਨੂੰ ਪੜ੍ਹਨ ਦੀ ਸਲਾਹ ਦਿੱਤੀ ਜਾਂਦੀ ਹੈ | ਸਕੂਲਾਂ ਵਿਚ ਬੱਚਿਆਂ ਨੂੰ ਟਰੈਫਿਕ ਨਿਯਮ ਸਿਖਾਏ ਜਾਂਦੇ ਹਨ | ਪੁਲਸ ਵੀ ਸੁਰੱਖਿਆ ਪੰਦਰਵਾੜੇ ਮਨਾ ਕੇ ਡਰਾਈਵਰਾਂ ਨੂੰ ਸਾਵਧਾਨ ਕਰਦੀ ਹੈ | ਇਸ ਦੇ ਬਾਵਜੂਦ ਹਾਦਸਿਆਂ ਵਿਚ ਕਮੀ ਨਹੀਂ ਆ ਰਹੀ | ਹਾਈਵੇਅ 'ਤੇ ਲੋਕ ਰੇਸਾਂ ਲਾਉਂਦੇ ਹੀ ਹਨ, ਨਾਬਾਲਗ ਬੱਚਿਆਂ ਵੱਲੋਂ ਭੀੜੀਆਂ ਗਲੀਆਂ ਤੇ ਸੜਕਾਂ 'ਤੇ ਜਿਸ ਰਫਤਾਰ ਨਾਲ ਬਾਈਕਾਂ ਦੌੜਾਈਆਂ ਜਾਂਦੀਆਂ ਹਨ ਉਸਤੋਂ ਸਾਫ ਹੈ ਕਿ ਹਾਦਸੇ ਘਟਣ ਵਾਲੇ ਨਹੀਂ | ਇਨ੍ਹਾਂ ਹਾਦਸਿਆਂ ਲਈ ਸਿਰਫ ਬਾਈਕ ਜਾਂ ਗੱਡੀ ਚਲਾਉਣ ਵਾਲੇ ਹੀ ਜ਼ਿੰਮੇਵਾਰ ਨਹੀਂ, ਸਗੋਂ ਮਾਪੇ ਵੀ ਕਾਫੀ ਹੱਦ ਤਕ ਜ਼ਿੰਮੇਵਾਰ ਹਨ, ਜਿਹੜੇ ਪ੍ਰਾਇਮਰੀ ਤੇ ਮਿਡਲ ਸਕੂਲ ਵਿਚ ਪੜ੍ਹਨ ਵਾਲੇ ਆਪਣੇ ਬੱਚਿਆਂ ਨੂੰ ਸਕੂਟਰੀ ਲੈ ਦਿੰਦੇ ਹਨ | ਮਾਪੇ ਸਿਆਣਪ ਵਰਤਣ ਤਾਂ ਹਾਦਸਿਆਂ ਵਿਚ ਕਮੀ ਹੋ ਸਕਦੀ ਹੈ ਤੇ ਉਹ ਆਪਣੇ ਬੱਚਿਆਂ ਨੂੰ ਮੋਢਾ ਦੇਣ ਦੀ ਨੌਬਤ ਟਾਲ ਸਕਦੇ ਹਨ | ਚੰਗਾ ਹੋਵੇਗਾ ਕਿ ਜੇ ਉਹ ਬੱਚੇ ਨੂੰ ਨਿੱਕੇ ਹੁੰਦਿਆਂ ਪਲਾਸਟਿਕ ਦੀਆਂ ਸਕੂਟਰੀਆਂ, ਕਾਰਾਂ, ਹੈਲੀਕਾਪਟਰ ਤੇ ਜਹਾਜ਼ ਲੈ ਕੇ ਨਾ ਦੇਣ | ਤੁਰਨ ਜੋਗਾ ਹੋਣ 'ਤੇ ਲੱਕੜ ਦਾ ਰੇੜ੍ਹਨਾ ਬਣਵਾ ਕੇ ਦੇਣ | ਬਚਪਨੇ ਵਿਚ ਹੀ ਸਕੂਟਰਾਂ ਤੇ ਕਾਰਾਂ ਦੁੜਾਉਣ ਦੀ ਮਾਨਸਿਕਤਾ ਉਨ੍ਹਾਂ ਨੂੰ ਤੇਜ਼ ਰਫਤਾਰੀ ਵੱਲ ਲਿਜਾਂਦੀ ਹੈ ਤੇ ਉਹ ਆਮ ਸਾਈਕਲ ਚਲਾਉਣ ਨਾਲੋਂ ਸਕੂਟਰਾਂ-ਮੋਟਰਸਾਈਕਲਾਂ ਦੀ ਡਿਮਾਂਡ ਕਰਨ ਲੱਗ ਜਾਂਦੇ ਹਨ | ਸਕੂਲਾਂ ਵਾਲਿਆਂ ਨੂੰ ਨਾਬਾਲਗ ਬੱਚਿਆਂ ਨੂੰ ਸਕੂਟਰਾਂ-ਮੋਟਰਸਾਈਕਲਾਂ 'ਤੇ ਸਕੂਲ ਆਉਣ ਤੋਂ ਵਰਜਣਾ ਚਾਹੀਦਾ ਹੈ | ਪੁਲਸ ਨੂੰ ਸਕੂਲਾਂ ਵਿਚ ਜਾ ਕੇ ਦੇਖਣਾ ਚਾਹੀਦਾ ਹੈ ਕਿ ਕਿਹੜੇ ਨਾਬਾਲਗ ਬੱਚੇ ਸਕੂਟਰ-ਮੋਟਰਸਾਈਕਲ ਲੈ ਕੇ ਆਉਂਦੇ ਹਨ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਾਰਨਿੰਗ ਦੇਣੀ ਚਾਹੀਦੀ ਹੈ | ਨਾ ਮੰਨਣ 'ਤੇ ਮੋਟਾ ਜੁਰਮਾਨਾ ਠੋਕਣਾ ਚਾਹੀਦਾ ਹੈ | ਬਚਪਨ 'ਚ ਮਿਲੀ ਚੰਗੀ ਸਿੱਖਿਆ ਬੱਚਿਆਂ ਨੂੰ ਅੱਗੇ ਚਲ ਕੇ ਸਿਆਣੇ ਚਾਲਕ ਬਣਨ ਵਿਚ ਮਦਦ ਕਰੇਗੀ, ਜਿਸ ਨਾਲ ਹਾਦਸਿਆਂ ਵਿਚ ਨਿਸ਼ਚੇ ਹੀ ਕਮੀ ਆਏਗੀ |

805 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper