Latest News
31 ਸਾਲਾਂ ਬਾਅਦ ਸੁਣੀ ਗਈ

Published on 18 Oct, 2021 10:44 AM.


ਸ਼ਾਹਕੋਟ (ਗਿਆਨ ਸੈਦਪੁਰੀ)
ਸੋਮਵਾਰ ਨੂੰ ਗਿਆਰਾਂ ਦੁਕਾਨਾਂ ਦੀ 99 ਸਾਲਾ ਲੀਜ਼ ਵਾਲੇ ਆਰਡਰ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਲੋੜਵੰਦਾਂ ਨੂੰ ਸੌਂਪੇ | ਇਹ 11 ਦੁਕਾਨਾਂ ਉਨ੍ਹਾਂ 35 ਦੁਕਾਨਾਂ ਦਾ ਹਿੱਸਾ ਹਨ, ਜੋ ਸਰਕਾਰ ਵੱਲੋਂ ਸਿਰ 'ਤੇ ਮੈਲਾ ਢੋਣ ਦੀ ਪ੍ਰਥਾ ਨੂੰ ਖਤਮ ਕਰਨ ਦੀ ਸਕੀਮ ਅਧੀਨ ਸਵੈ-ਰੁਜ਼ਗਾਰ ਮੁਹੱਈਆ ਕਰਵਾਉਣ ਲਈ 1990 ਵਿੱਚ ਮਨਜ਼ੂਰ ਹੋਈਆਂ ਸਨ | ਲੋੜਵੰਦਾਂ ਨੂੰ ਰੁਜ਼ਗਾਰ ਦੇਣ ਦੀ ਪ੍ਰਕਿ੍ਆ ਨੂੰ ਪੂਰਾ ਹੋਣ ਲਈ, ਉਹ ਵੀ ਅੱਧੇ-ਅਧੂਰੇ ਰੂਪ ਵਿੱਚ 31 ਸਾਲ ਦਾ ਸਫਰ ਤੈਅ ਕਰਨਾ ਪਿਆ | ਸੋਮਵਾਰ ਦੀ ਉਹ ਘੜੀ 11 ਪਰਵਾਰਾਂ ਲਈ ਤਾਂ ਬੇੇਹੱਦ ਖੁਸ਼ੀ ਭਰੀ ਸੀ, ਜਦੋਂ ਉਹ 99 ਸਾਲਾਂ ਲਈ ਦੁਕਾਨ ਦੇ ਮਾਲਕ ਬਣੇ, ਪਰ ਨਾਲ ਹੀ ਬਾਰਾਂ ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ, ਵਾਲੀ ਕਹਾਵਤ ਬੌਣੀ-ਬੌਣੀ ਲੱਗਣ ਲੱਗੀ | ਸੁਰਜੀਤ ਪਾਤਰ ਸਾਹਿਬ ਦੀ ਉਹ ਗਜ਼ਲ ਵੀ ਕੰਨਾਂ 'ਚ ਗੂੰਜਣ ਲੱਗੀ | ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ... |
ਇਹ ਫੈਸਲਾ ਇੰਨਾ ਦੇਰੀ ਨਾਲ ਹੋਇਆ ਕਿ ਜਿਸ ਵੇਲੇ ਇਹ ਦੁਕਾਨਾਂ ਮਨਜ਼ੂਰ ਹੋਈਆਂ ਸਨ, ਉਸ ਵੇਲੇ ਜਿਨ੍ਹਾਂ ਵਿਅਕਤੀਆਂ ਨੂੰ ਮਿਲ ਜਾਣੀਆਂ ਚਾਹੀਦੀਆਂ ਸਨ, ਕੁਝ ਕੇਸਾਂ ਵਿੱਚ ਇਹ ਉਨ੍ਹਾਂ ਦੇ ਪੋਤਿਆਂ ਨੂੰ ਮਿਲੀਆਂ ਹਨ | 1999 ਵਿੱਚ ਕਸਬੇ ਦੇ ਵੱਖ-ਵੱਖ ਥਾਵਾਂ 'ਤੇ 35 ਦੁਕਾਨਾਂ ਬਣ ਕੇ ਤਿਆਰ ਹੋ ਗਈਆਂ ਸਨ, ਪਰ ਇਹ ਲੋੜਵੰਦਾਂ ਨੂੰ ਦਿੱਤੀਆਂ ਨਾ ਜਾ ਸਕੀਆਂ | ਇਸੇ ਦੌਰਾਨ ਇਨ੍ਹਾਂ ਦੁਕਾਨਾਂ ਦੀ ਹਾਲਤ ਖਸਤਾ ਹੋ ਗਈ | ਇਨ੍ਹਾਂ ਦੇ ਸ਼ਟਰ ਗਲ ਗਏ | ਜਿਨ੍ਹਾਂ ਪਰਵਾਰਾਂ ਦੇ ਮਨਾਂ ਅੰਦਰ ਰੁਜ਼ਗਾਰ ਦੀ ਉਮੀਦ ਪੈਦਾ ਹੋਈ ਸੀ, ਉਸ ਨੂੰ ਨਾ ਉਮੀਦੀ ਵਿੱਚ ਬਦਲਣ ਲਈ ਜਿੱਥੇ ਪ੍ਰਸ਼ਾਸਨ ਦੀ ਅਣਗਹਿਲੀ ਜ਼ੁੰਮੇਵਾਰ, ਉੱਥੇ ਸਿਆਸੀ ਗਿਣਤੀਆਂ-ਮਿਣਤੀਆਂ ਵੀ ਕਸੂਰਵਾਰ ਹਨ |
ਜਿੱਥੇ ਕੁਝ ਲੋਕਾਂ ਨੂੰ ਰੋਜ਼ਗਾਰ ਮਿਲਣ ਦੀ ਪ੍ਰਕਿ੍ਆ ਨੂੰ ਤਿੰਨ ਦਹਾਕੇ ਲੱਗ ਗਏ, ਉੱਥੇ ਗਲੀਆਂ-ਸੜੀਆਂ ਦੁਕਾਨਾਂ ਨੂੰ ਦੁਬਾਰਾ ਬਣਾਉਣ ਲਈ ਸਰਕਾਰ ਦੇ ਲੱਖਾਂ ਰੁਪਏ ਲੱਗ ਗਏ | ਗਿਆਰਾਂ ਦੁਕਾਨਾਂ ਅਲਾਟ ਹੋਣ ਤੋਂ ਬਾਅਦ ਵੀ ਸਵਾਲ ਖੜਾ ਕਿ ਬਾਕੀ ਦੀਆਂ 24 ਦੁਕਾਨਾਂ ਕਿਸ-ਕਿਸ ਨੂੰ ਤੇ ਕਦੋਂ ਦਿੱਤੀਆਂ ਜਾਣਗੀਆਂ |
ਦੁਕਾਨ ਵੰਡ ਸਮਾਗਮ ਵਿੱਚ ਮੌਜੂਦ ਜਲੰਧਰ ਤੋਂ ਆਏ ਇੱਕ ਸਮਾਜ ਸੇਵਕ ਨਰੇਸ਼ ਲੱਲਾ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਉਸ ਦੀਆਂ ਕੋਸ਼ਿਸ਼ਾਂ ਨਾਲ 11 ਪਰਵਾਰਾਂ ਨੂੰ ਰੁਜ਼ਗਾਰ ਮੁਹੱਈਆ ਹੋਇਆ | ਉਸ ਨੇ ਦੱਸਿਆ ਕਿ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਇਨ੍ਹਾਂ ਦੁਕਾਨਾਂ ਬਾਰੇ ਕੇਸ ਚੱਲ ਰਿਹਾ ਹੈ | 35 ਦੁਕਾਨਾਂ ਵਿੱਚੋਂ ਬਾਕੀ 24 ਦੁਕਾਨਾਂ ਦੀ ਅਲਾਟਮੈਂਟ ਹੋਣ ਤੱਕ ਉਸ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ | ਅਲਾਟਮੈਂਟ ਸੰਬੰਧੀ 11 ਪਰਵਾਰਾਂ ਨੂੰ ਪੱਤਰ ਸੌਂਪਣ ਮੌਕੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਸੰਬੰਧਤ ਪਰਵਾਰਾਂ ਨੂੰ ਵਧਾਈ ਦਿੱਤੀ |
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਸਤੀਸ਼ ਰਿਹਾਨ, ਮਾਰਕਿਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਸੁਰਿੰਦਰਜੀਤ ਸਿੰਘ ਚੱਠਾ, ਮਾਰਕਿਟ ਕਮੇਟੀ ਸ਼ਾਹਕੋਟ ਦੇ ਸਾਬਕਾ ਚੇਅਰਮੈਨ ਗੁਲਜ਼ਾਰ ਸਿੰਘ ਥਿੰਦ, ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਪਵਨ ਪੁਰੀ, ਡਾਇਰੈਕਟਰ ਕਮਲ ਕੁਮਾਰ ਨਾਹਰ, ਸ਼ਹਿਰੀ ਕਾਂਗਰਸ ਪ੍ਰਧਾਨ ਪਰਵੀਨ ਗਰੋਵਰ, ਸੀਨੀਅਰ ਕਾਂਗਰਸੀ ਆਗੂ ਬੂਟਾ ਸਿੰਘ ਕਲਸੀ, ਬਲਾਕ ਪ੍ਰਧਾਨ ਹਰਦੇਵ ਸਿੰਘ ਪੀਟਾ, ਐੱਮ.ਸੀ ਰੋਮੀ ਗਿੱਲ, ਮੰਡੀ ਕਮੇਟੀ ਸ਼ਾਹਕੋਟ ਦੇ ਪ੍ਰਧਾਨ ਪਵਨ ਅੱਗਰਵਾਲ, ਜਗਤਾਰ ਸਿੰਘ ਖਾਲਸਾ, ਬਿਕਰਮਜੀਤ ਸਿੰਘ ਬਜਾਜ, ਸੀਤਾ ਰਾਮ ਠਾਕੁਰ, ਤਾਰਾ ਚੰਦ ਸਾਬਕਾ ਐੱਮ.ਸੀ, ਬੈਜ ਨਾਥ ਅੱਗਰਵਾਲ, ਟਿੰਪੀ ਕੁਮਰਾ, ਵਿਕਾਸ ਨਾਹਰ ਆਦਿ ਹਾਜ਼ਰ ਸਨ |

126 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper