Latest News
ਬਿਜਲੀ ਕਾਮਿਆਂ ਵੱਲੋਂ ਹੈੱਡ ਆਫਿਸ ਪਟਿਆਲਾ ਦੇ ਤਿੰਨਾਂ ਗੇਟਾਂ 'ਤੇ ਜ਼ਬਰਦਸਤ ਮੁਜ਼ਾਹਰਾ

Published on 18 Oct, 2021 10:45 AM.


ਪਟਿਆਲਾ : ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਹਜ਼ਾਰਾਂ ਬਿਜਲੀ ਮੁਲਾਜ਼ਮਾਂ ਨੇ ਸੋਮਵਾਰ ਹੈੱਡ ਆਫਿਸ ਪਟਿਆਲਾ ਦੇ ਤਿੰਨੇ ਗੇਟਾਂ 'ਤੇ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਕੇ ਦਫਤਰਾਂ ਦਾ ਕੰਮ ਠੱਪ ਕੀਤਾ | ਪਾਵਰ ਮੈਨੇਜਮੈਂਟ ਅਤੇ ਦਫਤਰੀ ਅਮਲਾ ਗੇਟ ਤੇ ਪ੍ਰਦਰਸ਼ਨ ਕਾਰਨ ਅੰਦਰ ਜਾਣ ਤੋਂ ਅਸਮਰਥ ਰਿਹਾ | ਜ਼ਿਕਰਯੋਗ ਹੈ ਕਿ ਹੈੱਡ ਆਫਿਸ ਪਟਿਆਲਾ 13 ਦਿਨਾਂ ਤੋਂ ਲਗਾਤਾਰ ਬੰਦ ਹੈ | ਮਿ੍ਤਕਾਂ ਦੇ ਆਸ਼ਰਿਤ ਵੀ ਅਗੇਤ ਅਧਾਰ 'ਤੇ ਨੌਕਰੀ ਲੈਣ ਲਈ ਲਗਾਤਾਰ ਹੈੱਡ ਆਫਿਸ ਦੇ ਤਿੰਨਾਂ ਗੇਟਾਂ 'ਤੇ ਰੋਸ ਪ੍ਰਗਟ ਕਰ ਰਹੇ ਹਨ | ਪੀ ਐੱਸ ਈ ਬੀ ਇੰਪਲਾਈਜ਼ ਜਾਇੰਟ ਫੋਰਮ ਦੇ ਸੱਦੇ 'ਤੇ ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜੱਥੇਬੰਦੀਆਂ ਟੈਕਨੀਕਲ ਸਰਵਿਸਿਜ਼ ਯੂਨੀਅਨ, ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ, ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ, ਇੰਪਲਾਈਜ਼ ਫੈਡਰੇਸ਼ਨ (ਫਲਜੀਤ ਸਿੰਘ), ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ, ਹੈੱਡ ਆਫਿਸ ਇੰਪਲਾਈਜ਼ ਫੈਡਰੇਸ਼ਨ, ਵਰਕਰਜ਼ ਫੈਡਰੇਸ਼ਨ ਪਾਵਰਕਾਮ ਟਰਾਂਸਕੋ, ਥਰਮਲ ਇੰਪਲਾਈਜ਼ ਕੁਆਰਡੀਨੇਸ਼ਨ ਕਮੇਟੀ ਅਤੇ ਪੰਜਾਬ ਰਾਜ ਬਿਜਲੀ ਮਜ਼ਦੂਰ ਸੰਘ ਦੇ ਬਿਜਲੀ ਕਾਮਿਆਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਰੋਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ |
ਜਥੇਬੰਦੀ ਦੇ ਸੂਬਾਈ ਆਗੂਆਂ ਕਰਮ ਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਹਰਜਿੰਦਰ ਸਿੰਘ ਦੁਧਾਲਾ, ਬਲਵਿੰਦਰ ਸਿੰਘ ਸੰਧੂ, ਹਰਪਾਲ ਸਿੰਘ, ਜਗਜੀਤ ਸਿੰਘ ਲਹਿਰਾ, ਰਾਮ ਲੁਭਾਇਆ, ਹਰਜੀਤ ਸਿੰਘ, ਨਛੱਤਰ ਸਿੰਘ, ਰਵੇਲ ਸਿੰਘ ਸਹਾਏਪੁਰ, ਕੌਰ ਸਿੰਘ ਸੋਹੀ, ਕਮਲਜੀਤ ਸਿੰਘ, ਗੁਰਕਮਲ ਸਿੰਘ, ਮਨਜੀਤ ਕੁਮਾਰ, ਸੁਖਵਿੰਦਰ ਸਿੰਘ ਦੁੰਮਣਾ, ਪ੍ਰੀਤਮ ਸਿੰਘ ਪਿੰਡੀ ਅਤੇ ਗੁਰਦਿੱਤ ਸਿੰਘ ਸਿੱਧੂ ਧਰਨਾਕਾਰੀਆਂ ਨੇ ਸੰਬੋਧਨ ਕਰਦਿਆਂ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਦੀਆਂ ਮੰਗਾਂ ਮੰਨ ਕੇ ਵੀ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਅਤੇ ਲਗਾਤਾਰ ਟਾਲਮਟੋਲ ਦੀ ਨੀਤੀ ਅਪਨਾਈ ਜਾ ਰਹੀ ਹੈ | ਪਾਵਰ ਮੈਨੇਜਮੈਂਟ ਮੁਲਾਜ਼ਮ ਮੰਗਾਂ ਦੇ ਹੱਲ ਲਈ ਜਥਬੰਦੀਆਂ ਨਾਲ ਕੋਈ ਗੱਲ ਕਰਕੇ ਸਾਰਥਕ ਹੱਲ ਕੱਢਣ ਦੀ ਥਾਂ ਗੱਲਬਾਤ ਤੋਂ ਭੱਜ ਰਹੀ ਹੈ | ਮੁਲਾਜ਼ਮ ਮੰਗਾਂ ਜਿਵੇਂ ਮਿਤੀ 1.12.2011 ਤੋਂ ਪੇ ਬੈਂਡ ਵਿੱਚ ਵਾਧਾ, 23 ਸਾਲਾਂ ਦੀ ਸੇਵਾ ਬਾਅਦ ਤਰੱਕੀ ਵਾਧਾ ਦੇਣ, ਕੱਚੇ ਕਾਮੇ ਪੱਕੇ ਕਰਨ, ਮਿ੍ਤਕਾਂ ਦੇ ਆਸ਼ਰਿਤਾਂ ਨੂੰ ਨੌਕਰੀ ਦੇਣ, ਯੋਗ ਟੈਕਨੀਕਲ ਅਤੇ ਕਲੈਰੀਕਲ ਮੁਲਾਜ਼ਮਾਂ ਸਮੇਤ ਥਰਮਲ, ਹਾਈਡਲਾਂ, ਸਬ-ਸਟੇਸ਼ਨਾਂ ਅਤੇ ਟਰਾਂਸਮਿਸ਼ਨ ਕਾਮਿਆਂ ਦੀ ਤਰੱਕੀਆਂ ਲਗਾਤਾਰ ਰੋਕੀਆਂ ਜਾ ਰਹੀਆਂ ਹਨ | ਸਬ-ਸਟੇਸ਼ਨ ਸਮੇਤ ਉੱਥੇ ਕੰਮ ਕਰਦੇ ਕਾਮਿਆਂ ਦੀ ਸੁਰੱਖਿਆ, ਸ.ਲ.ਮ. ਨੂੰ ਪਰੀ ਤਨਖਾਹ ਦੇਣ, ਸੀਨੀਆਰਤਾ ਸੂਚੀ ਬਣਾਉਣ ਅਤੇ ਪ੍ਰੋਬੇਸ਼ਨ ਪੀਰੀਅਡ ਵਾਲੇ ਕਰਮਚਾਰੀਆਂ ਨੂੰ ਪੂਰਾ ਦੇਣ, ਖਾਲੀ ਅਸਾਮੀਆਂ ਵਿਰੁੱਧ ਨਵੀਂ ਭਰਤੀ, ਰਹਿੰਦੇ ਸ.ਲ.ਮ. ਸਮੇਤ 42 ਦੀ ਭਰਤੀ ਅਤੇ ਅਨਸਕਿਲਡ ਕਾਮਿਆਂ ਨੂੰ ਪੂਰਾ ਤਨਖਾਹ ਸਕੇਲ ਦੇਣ, ਸ ਲ ਮ., ਓ ਸੀ, ਆਰ.ਟੀ.ਐਮ., ਐੱਸ.ਐੱਸ.ਏ., ਜੇ ਈ ਅਤੇ ਐਸ.ਐਸ.ਓ. ਦੀਆਂ ਤਰੱਕੀਆਂ ਆਦਿ ਮੰਗ ਪੱਤਰ ਅਨੁਸਾਰ ਮੰਗਾਂ ਹੱਲ ਕਰਨ ਦੀ ਮੰਗ ਕੀਤੀ | ਆਗੂਆਂ ਐਲਾਨ ਕੀਤਾ ਕਿ ਚੇਅਰਮੈਨ ਤੇ ਡਾਇਰੈਕਟਰਜ਼ ਵਿਰੁੱਧ ਫੀਲਡ ਵਿੱਚ ਦੌਰਿਆਂ ਸਮੇਂ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਅਤੇ ਵਰਕ-ਟੂ-ਰੂਲ ਅਨੁਸਾਰ ਕੰਮ ਜਾਰੀ ਰਹੇਗਾ | ਕਿਸੇ ਵੀ ਥਾਂ ਪਾਵਰ ਮੈਨੇਜਮੈਂਟ ਵਿਰੁੱਧ ਗੁਪਤ ਐਕਸ਼ਨ ਕਰਕੇ ਰੋਸ ਪ੍ਰਗਟ ਕੀਤਾ ਜਾਵੇਗਾ | 27, 28 ਅਕਤੂਬਰ ਨੂੰ ਸਮੁੱਚੇ ਬਿਜਲੀ ਕਾਮੇ ਮਾਸ ਕੈਜ਼ੂਅਲ ਲੈ ਕੇ ਪੰਜਾਬ ਦੇ ਸਮੁੱਚੇ ਬਿਜਲੀ ਦਫਤਰਾਂ ਦਾ ਕੰਮ ਠੱਪ ਕਰਨਗੇ | ਮੁਲਾਜ਼ਮ ਅਤੇ ਪੈਨਸ਼ਨਰਜ਼ ਤਾਲਮੇਲ ਸੰਘਰਸ਼ ਕਮੇਟੀ ਦੇ ਸੱਦੇ 'ਤੇ 21, 22 ਅਕਤੂਬਰ ਨੂੰ ਪ੍ਰਤੀਨਿਧ ਧਰਨੇ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ | ਧਰਨਾਕਾਰੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਸੰਘਰਸ਼ ਦਾ ਸਮਰਥਨ ਤੇ ਸ਼ਮੂਲੀਅਤ ਕਰਨ ਦੇ ਨਾਲ ਪੰਜਾਬ/ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ 'ਤੇ ਮੋਰਿੰਡਾ ਵਿਖੇ ਪੱਕੇ ਮੋਰਚੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ | ਜੇਕਰ ਜਲਦੀ ਮਸਲਿਆਂ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ |

161 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper