Latest News
ਕੇਂਦਰੀ ਮੰਤਰੀ ਦੀ ਬਰਖਾਸਤਗੀ ਲਈ ਰੇਲ ਪਟੜੀਆਂ 'ਤੇ ਧਰਨੇ

Published on 18 Oct, 2021 10:52 AM.


ਚੰਡੀਗੜ੍ਹ (ਗੁਰਜੀਤ ਬਿੱਲਾ)
ਯੂ ਪੀ ਦੇ ਲਖੀਮਪੁਰ ਖੀਰੀ ਵਿਚ ਹੋਈ ਹਿੰਸਾ ਦੇ ਸੰਬੰਧ ਵਿਚ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਬਰਖਾਸਤ ਕਰਨ ਅਤੇ ਗਿ੍ਫਤਾਰ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ, ਹਰਿਆਣਾ, ਰਾਜਸਥਾਨ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਇਲਾਵਾ ਬਿਹਾਰ, ਯੂ ਪੀ, ਕਰਨਾਟਕ ਆਦਿ ਵਿਚ ਵੀ ਕਿਸਾਨਾਂ ਨੇ ਸੋਮਵਾਰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੁਰਅਮਨ ਰੇਲ ਪਟੜੀਆਂ 'ਤੇ ਧਰਨੇ ਦਿੱਤੇ | ਇਸ ਐਕਸ਼ਨ ਦਾ ਸੱਦਾ ਸੰਯੁਕਤ ਕਿਸਾਨ ਮੋਰਚਾ ਨੇ ਦਿੱਤਾ ਸੀ |
ਰੇਲਵੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਧਰਨਾਕਾਰੀਆਂ ਨੇ ਫਿਰੋਜ਼ਪੁਰ ਮੰਡਲ ਦੇ ਚਾਰ ਸੈਕਸ਼ਨ ਰੋਕ ਦਿੱਤੇ | ਫਿਰੋਜਪੁਰ-ਫਾਜ਼ਿਲਕਾ ਸੈਕਸ਼ਨ ਅਤੇ ਮੋਗਾ ਦੇ ਅਜੀਤਵਾਲ ਵਿਚ ਫਿਰੋਜਪੁਰ-ਲੁਧਿਆਣਾ ਸੈਕਸ਼ਨ ਬੰਦ ਕਰਨੇ ਪਏ |
ਹਰਿਆਣਾ ਦੇ ਸਿਰਸਾ, ਸੋਨੀਪਤ ਤੇ ਹੋਰਨਾਂ ਜ਼ਿਲਿ੍ਹਆਂ ਵਿਚ ਵੀ ਕਿਸਾਨਾਂ ਵੱਲੋਂ ਰੇਲ ਆਵਾਜਾਈ ਠੱਪ ਕੀਤੀ ਗਈ | ਰਾਜਸਥਾਨ ਵਿਚ ਵੀ ਕਈ ਥਾਵਾਂ 'ਤੇ ਰੋਲ ਰੋਕੋ ਅੰਦੋਲਨ ਦਾ ਅਸਰ ਦੇਖਣ ਨੂੰ ਮਿਲਿਆ |
ਕਿਸਾਨਾਂ ਨੇ ਛੇ ਘੰਟਿਆਂ ਲਈ ਰੇਲਵੇ ਟਰੈਕਾਂ ਅਤੇ ਪਲੇਟਫਾਰਮਾਂ 'ਤੇ ਧਰਨੇ ਲਾਏ | ਹਜ਼ਾਰਾਂ ਦੀ ਗਿਣਤੀ ਵਿਚ ਮਰਦ ਅਤੇ ਔਰਤਾਂ ਰੇਲ ਰੋਕੋ ਯੋਜਨਾ ਨੂੰ ਲਾਗੂ ਕਰਨ ਲਈ ਬਾਹਰ ਆਏ ਅਤੇ ਕਈ ਥਾਵਾਂ 'ਤੇ ਉਨ੍ਹਾਂ ਨੇ ਭਾਰੀ ਮੀਂਹ ਦੇ ਬਾਵਜੂਦ ਬਹਾਦਰੀ ਨਾਲ ਅਜਿਹਾ ਕੀਤਾ | 290 ਤੋਂ ਜ਼ਿਆਦਾ ਰੇਲ ਗੱਡੀਆਂ ਪ੍ਰਭਾਵਤ ਹੋਣ ਅਤੇ 40 ਟਰੇਨਾਂ ਕੈਂਸਲ ਕਰਨ ਦੀ ਜਾਣਕਾਰੀ ਹੈ | ਯੂ ਪੀ ਪੁਲਸ ਨੇ ਕਈ ਥਾਵਾਂ 'ਤੇ ਕਿਸਾਨ ਨੇਤਾ ਹਿਰਾਸਤ ਵਿਚ ਲੈ ਲਏ ਸਨ | ਮੱਧ ਪ੍ਰਦੇਸ਼ ਵਿਚ ਪੁਲਸ ਨੇ ਗੁਨਾ, ਗਵਾਲੀਅਰ, ਰੀਵਾ, ਬਾਮਨੀਆ ਅਤੇ ਹੋਰ ਥਾਵਾਂ 'ਤੇ ਪ੍ਰਦਰਸ਼ਨਕਾਰੀਆਂ ਨੂੰ ਗਿ੍ਫਤਾਰ ਕੀਤਾ | ਤੇਲੰਗਾਨਾ ਦੇ ਕਾਚੇਗੁੜਾ (ਹੈਦਰਾਬਾਦ) ਵਿਚ ਵੀ ਪ੍ਰਦਰਸ਼ਨਕਾਰੀਆਂ ਨੂੰ ਗਿ੍ਫਤਾਰ ਕੀਤਾ ਗਿਆ | ਸਫਲ ਰੇਲ ਰੋਕੋ ਦੀਆਂ ਰਿਪੋਰਟਾਂ ਬਿਹਾਰ, ਓਡੀਸ਼ਾ, ਪੱਛਮੀ ਬੰਗਾਲ, ਮੱਧ ਪ੍ਰਦੇਸ਼, ਕਰਨਾਟਕ, ਤੇਲੰਗਾਨਾ ਆਦਿ ਰਾਜਾਂ ਤੋਂ ਵੀ ਆਈਆਂ ਹਨ |
ਸੰਯੁਕਤ ਕਿਸਾਨ ਮੋਰਚਾ ਨੇ ਆਪਣੀ ਇਹ ਮੰਗ ਜ਼ੋਰਦਾਰ ਢੰਗ ਨਾਲ ਦੁਹਰਾਈ ਕਿ ਲਖੀਮਪੁਰ ਖੀਰੀ ਕਿਸਾਨ ਕਤਲੇਆਮ ਲਈ ਅਜੈ ਮਿਸਰਾ ਟੇਨੀ ਨੂੰ ਗਿ੍ਫਤਾਰ ਕਰਕੇ ਕੇਂਦਰੀ ਮੰਤਰੀ ਮੰਡਲ ਤੋਂ ਬਰਖਾਸਤ ਕੀਤਾ ਜਾਵੇ | ਮੋਦੀ ਸਰਕਾਰ ਨੂੰ ਕੁਦਰਤੀ ਨਿਆਂ ਦੇ ਇੱਕ ਸਧਾਰਨ ਸਿਧਾਂਤ ਵਜੋਂ ਇਹ ਕਰਨ ਦੇ ਨਾਲ-ਨਾਲ ਨੈਤਿਕ ਜ਼ਿੰਮੇਵਾਰੀ ਵੀ ਨਿਭਾਉਣੀ ਪਵੇਗੀ, ਇਹ ਯਕੀਨੀ ਬਣਾਉਣ ਲਈ ਕਿ ਜਾਂਚ ਪ੍ਰਭਾਵਤ ਨਾ ਹੋਵੇ, ਲਖੀਮਪੁਰ ਖੀਰੀ ਕਤਲੇਆਮ ਦੇ ਅਸਲ ਦੋਸ਼ੀਆਂ ਅਤੇ ਮਾਸਟਰਮਾਈਾਡਾਂ ਨੂੰ ਗਿ੍ਫਤਾਰ ਕੀਤਾ ਜਾਵੇ | ਨਾਗਰਿਕ ਆਪਣੀ ਸਰਕਾਰ ਵੱਲ ਕੁਝ ਵਿਸ਼ਵਾਸ ਅਤੇ ਸਤਿਕਾਰ ਦੀ ਨਜ਼ਰ ਨਾਲ ਤਾਂ ਹੀ ਵੇਖ ਸਕਦੇ ਹਨ, ਜੇ ਨੈਤਿਕਤਾ ਪ੍ਰਦਰਸ਼ਤ ਕੀਤੀ ਜਾਵੇ | ਮੋਰਚੇ ਨੇ ਇਹ ਚਿਤਾਵਨੀ ਵੀ ਦਿੱਤੀ ਕਿ ਜੇ ਲਖੀਮਪੁਰ ਖੀਰੀ ਕਤਲੇਆਮ ਵਿੱਚ ਇਨਸਾਫ ਲਈ ਇਸ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਵਿਰੋਧ ਪ੍ਰਦਰਸ਼ਨ ਹੋਰ ਤੇਜ਼ ਕੀਤੇ ਜਾਣਗੇ |
ਦੇਸ਼ ਦੇ ਕਈ ਰਾਜਾਂ ਵਿਚ ਲਖੀਮਪੁਰ ਖੀਰੀ ਕਤਲੇਆਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ | ਮੱਧ ਪ੍ਰਦੇਸ਼ ਵਿੱਚ ਸ਼ਹੀਦ ਕਿਸਾਨ ਸ਼ਰਧਾਂਜਲੀ ਪਦਯਾਤਰਾ ਦੀ ਯੋਜਨਾ ਬਣਾਈ ਗਈ ਹੈ | ਉੱਤਰਾਖੰਡ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਵਿਚ ਸ਼ਹੀਦ ਕਲਸ਼ ਯਾਤਰਾਵਾਂ ਸ਼ੁਰੂ ਹੋ ਗਈਆਂ ਹਨ | ਗਾਂਧੀ ਜਯੰਤੀ 'ਤੇ ਬਿਹਾਰ ਦੇ ਚੰਪਾਰਨ ਤੋਂ ਸ਼ੁਰੂ ਹੋਈ ਲੋਕਨੀਤੀ ਸੱਤਿਆਗ੍ਰਹਿ ਕਿਸਾਨ ਜਨ-ਜਾਗਰਣ ਪਦਯਾਤਰਾ ਵਾਰਾਨਸੀ ਦੀ ਆਪਣੀ ਮੰਜ਼ਲ ਦੇ ਨੇੜੇ ਹੈ | ਪਦ ਯਾਤਰਾ ਨੇ ਹੁਣ ਤੱਕ 17 ਦਿਨਾਂ ਦੀ ਪੈਦਲ ਯਾਤਰਾ ਕਵਰ ਕੀਤੀ ਹੈ | ਇਹ ਸੋਮਵਾਰ ਸਵੇਰੇ ਗਾਜ਼ੀਪੁਰ ਜ਼ਿਲ੍ਹੇ ਦੇ ਨਾਇਸਰਾ ਤੋਂ ਰਵਾਨਾ ਹੋਈ ਅਤੇ ਦੁਪਹਿਰ ਤੱਕ ਬਾਸੂਪੁਰ ਪਹੁੰਚ ਗਈ | ਯਾਤਰੀ ਆਖਰੀ ਪੜਾਅ ਵਿਚ ਮੰਗਲਵਾਰ ਬਨਾਰਸ ਜ਼ਿਲ੍ਹੇ ਵਿਚ ਦਾਖਲ ਹੋਣਗੇ | ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਲ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮ ਐੱਸ ਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ 108 ਥਾਵਾਂ 'ਤੇ ਜਾਰੀ ਧਰਨੇ ਸੋਮਵਾਰ 383ਵੇਂ ਦਿਨ ਵੀ ਜੋਸ਼ੋ-ਖਰੋਸ਼ ਨਾਲ ਜਾਰੀ ਰਹੇ | ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਪੰਜਾਬ ਭਰ 'ਚ 62 ਤੋਂ ਵੱਧ ਥਾਵਾਂ 'ਤੇ ਰੇਲਾਂ ਰੋਕੀਆਂ ਗਈਆਂ | ਸਵੇਰੇ ਠੀਕ ਦਸ ਵਜੇ ਰੇਲਵੇ ਲਾਈਨਾਂ 'ਤੇ ਹਜ਼ਾਰਾਂ ਕਿਸਾਨਾਂ ਨੇ ਧਰਨੇ ਲਾ ਲਏ, ਜੋ ਸ਼ਾਮ ਚਾਰ ਵਜੇ ਤੱਕ ਜਾਰੀ ਰਹੇ | ਕਿਸਾਨ ਆਗੂਆਂ ਜਗਜੀਤ ਸਿੰਘ ਡੱਲੇਵਾਲ, ਹਰਮੀਤ ਸਿੰਘ ਕਾਦੀਆਂ, ਹਰਿੰਦਰ ਸਿੰਘ ਲੱਖੋਵਾਲ, ਮਨਜੀਤ ਸਿੰਘ ਧਨੇਰ, ਰਮਿੰਦਰ ਸਿੰਘ ਪਟਿਆਲਾ ਅਤੇ ਰੁਲਦੂ ਸਿੰਘ ਮਾਨਸਾ ਆਗੂਆਂ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਜੈ ਮਿਸ਼ਰਾ ਦੀ ਲਖੀਮਪੁਰ-ਖੀਰੀ ਕਾਂਡ ਵਿੱਚ ਸਿੱਧੀ ਸ਼ਮੂਲੀਅਤ ਹੈ, ਸਰਕਾਰ ਉਸ ਨੂੰ ਗਿ੍ਫਤਾਰ ਕਰਕੇ ਤੁਰੰਤ ਬਰਖਾਸਤ ਕਰੇ | ਆਗੂਆਂ ਕਿਹਾ ਕਿ ਖੁਦਕੁਸ਼ੀ ਕਿਸੇ ਸਮੱਸਿਆ ਦਾ ਹੱਲ ਨਹੀਂ | ਖੁਦਕੁਸ਼ੀ ਦਾ ਰਾਹ ਛੱਡ ਕੇ ਸੰਘਰਸ਼ਾਂ ਦੇ ਲੜ ਲੱਗੋ, ਇਹੀ ਇੱਕੋ ਇੱਕ ਰਾਹ ਸਾਡੀਆਂ ਮੁਸ਼ਕਲਾਂ ਦਾ ਅਸਲੀ ਹੱਲ ਹੈ | ਕਿਸਾਨ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਪੰਜਾਬ ਵਿੱਚ ਡੀ ਏ ਪੀ ਖਾਦ ਦੀ ਕਿੱਲਤ ਦੇ ਮਸਲੇ ਨੂੰ ਬਹੁਤ ਸ਼ਿੱਦਤ ਨਾਲ ਉਭਾਰਿਆ | ਆਗੂਆਂ ਨੇ ਕਿਹਾ ਕਿ ਪੰਜਾਬ ਨੂੰ ਹਾੜ੍ਹੀ ਦੀ ਫਸਲ ਲਈ 55 ਲੱਖ ਟਨ ਡੀ ਏ ਪੀ ਖਾਦ ਦੀ ਜਰੂਰਤ ਹੈ, ਪਰ ਸਿਰਫ 18 ਲੱਖ ਟਨ ਦੀ ਸਪਲਾਈ ਦਾ ਇੰਤਜ਼ਾਮ ਕੀਤਾ ਗਿਆ ਹੈ | ਖਾਦ ਦਾ 1200 ਰੁਪਏ ਵਾਲਾ ਗੱਟਾ 1500 ਰੁਪਏ ਤੱਕ ਵਿਕ ਰਿਹਾ ਹੈ | ਕਿਸਾਨਾਂ ਨੂੰ ਰੇਲਵੇ ਦੇ ਖਾਦ ਵਾਲੇ ਰੈਕ ਘੇਰਨੇ ਪੈ ਰਹੇ ਹਨ, ਤਾਂ ਜੋ ਖਾਦ ਪ੍ਰਾਈਵੇਟ ਡੀਲਰਾਂ ਦੀ ਬਜਾਏ ਕੋਆਪਰੇਟਿਵ ਸੁਸਾਇਟੀਆਂ ਨੂੰ ਮਿਲੇ | ਡੀਲਰ ਡੀ ਏ ਪੀ ਖਾਦ ਦੇ ਨਾਲ ਗੈਰ-ਜਰੂਰੀ ਕੈਮੀਕਲ ਤੇ ਖਾਦਾਂ ਖਰੀਦਣ ਲਈ ਸ਼ਰਤਾਂ ਮੜ੍ਹ ਰਹੇ ਹਨ | ਝੋਨੇ ਦੀ ਕਟਾਈ/ ਵਿਕਰੀ ਵਿੱਚ ਰੁੱਝੇ ਕਿਸਾਨਾਂ ਲਈ ਡੀ ਏ ਪੀ ਖਾਦ ਦਾ ਇੰਤਜ਼ਾਮ ਕਰਨਾ ਨਵੀਂ ਸਿਰਦਰਦੀ ਬਣਿਆ ਹੋਇਆ ਹੈ | ਸਰਕਾਰ ਖਾਦ ਦੀ ਕਿੱਲਤ ਤੁਰੰਤ ਦੂਰ ਕਰੇ |

238 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper