Latest News
ਮਾਪਿਆਂ ਦੀ ਜ਼ਿੰਮੇਵਾਰੀ

Published on 18 Oct, 2021 10:53 AM.


ਕਿਤਾਬਾਂ ਪੜ੍ਹਨ ਦੀ ਆਦਤ ਘਟਦੀ ਜਾ ਰਹੀ ਹੈ | ਬੱਚੇ ਆਪਣੇ ਮਾਪਿਆਂ ਨੂੰ ਕਿਤਾਬਾਂ ਪੜ੍ਹਦੇ ਨਹੀਂ ਦੇਖਦੇ, ਇਸ ਕਰਕੇ ਉਹ ਵੀ ਕਿਤਾਬਾਂ ਤੋਂ ਦੂਰ ਰਹਿੰਦੇ ਹਨ | ਪਿਛਲੇ ਦਿਨੀਂ ਪਹਿਲੀ ਤੇ ਦੂਜੀ ਦੇ ਵਿਦਿਆਰਥੀਆਂ ਦੇ ਮਾਪਿਆਂ ਲਈ ਕੋਲਕਾਤਾ ਦੇ ਬੀ ਡੀ ਮੈੈਮੋਰੀਅਲ ਵੱਲੋਂ ਜਥੇਬੰਦ ਕੀਤੇ ਗਏ 'ਆਪਣੇ ਬੱਚਿਆਂ ਦੀ ਕਾਬਲੀਅਤ ਜਾਣੋ' ਨਾਂਅ ਦੇ ਆਨਲਾਈਨ ਸੈਮੀਨਾਰ ਵਿਚ ਅਧਿਆਪਕ ਸਹਿਮਤ ਹੋਏ ਕਿ ਜਦੋਂ ਤੱਕ ਬੱਚੇ ਆਪਣੇ ਕਰੀਬੀ ਬਾਲਗਾਂ ਨੂੰ ਪੜ੍ਹਦੇ ਨਹੀਂ ਦੇਖਣਗੇ, ਉਹ ਵੀ ਨਹੀਂ ਪੜ੍ਹਨਗੇ | ਕੋਰੋਨਾ ਮਹਾਂਮਾਰੀ ਨੇ ਇਸ ਸਮੱਸਿਆ ਨੂੰ ਹੋਰ ਵਧਾਇਆ ਹੈ | ਸਕੂਲ ਬੰਦ ਹੋਣ ਨਾਲ ਵਿਦਿਆਰਥੀਆਂ ਦੀ ਲਾਇਬ੍ਰੇਰੀਆਂ ਤੱਕ ਪਹੁੰਚ ਨਹੀਂ ਰਹੀ, ਜਿਹੜੀ ਕਿ ਉਨ੍ਹਾਂ ਨੂੰ ਪੜ੍ਹਨ ਲਈ ਪ੍ਰੇਰਦੀ ਹੈ | ਸੈਮੀਨਾਰ ਵਿਚ ਲੇਖਕਾ ਤੇ ਮਨੋਵਿਗਿਆਨੀ ਸ਼ੁਭਰਾ ਸ਼ਾਹ ਨੇ ਇਹ ਅਹਿਮ ਗੱਲ ਕਹੀ ਕਿ ਬਹੁਤੇ ਮਾਪੇ ਪਾਠਕ ਨਹੀਂ ਹਨ, ਫਿਰ ਉਹ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਕਿਵੇਂ ਕਹਿ ਸਕਦੇ ਹਨ | ਸ਼ਾਹ ਨੇ ਮਾਪਿਆਂ ਨੂੰ ਸਲਾਹ ਦਿੱਤੀ ਕਿ ਉਹ ਬੱਚਿਆਂ ਨੂੰ ਪੜ੍ਹਨ ਦੀ ਆਦਤ ਪਾਉਣ | ਨਿੱਕੀ ਉਮਰੇ ਪਾਈ ਪੜ੍ਹਨ ਦੀ ਆਦਤ ਸਦਾ ਰਹਿੰਦੀ ਹੈ | ਮਾਪੇ ਬੱਚਿਆਂ ਨੂੰ ਕਿਤਾਬਾਂ ਲੈ ਕੇ ਦੇਣ ਤੇ ਪੜ੍ਹਨ ਲਈ ਕਹਿਣ | ਸ਼ਾਹ ਨੂੰ ਜਦੋਂ 7 ਤੇ 9 ਸਾਲ ਦੇ ਦੋ ਬੱਚਿਆਂ ਦੀ ਮਾਂ ਨੇ ਕਿਹਾ ਕਿ ਉਸ ਨੇ ਬੱਚਿਆਂ ਨੂੰ ਕਿਤਾਬਾਂ ਖਰੀਦ ਕੇ ਦਿੱਤੀਆਂ, ਪਰ ਉਨ੍ਹਾਂ ਪੜ੍ਹੀਆਂ ਨਹੀਂ, ਤਾਂ ਸ਼ਾਹ ਨੇ ਜਵਾਬ ਦਿੱਤਾ—ਉਨ੍ਹਾਂ ਤੋਂ ਮੋਬਾਇਲ ਫੋਨ ਖੋਹ ਲਓ ਤੇ ਲੋੜ ਪਵੇ ਤਾਂ ਟੀ ਵੀ ਬੰਦ ਕਰ ਦਿਓ ਅਤੇ ਉਨ੍ਹਾਂ ਦੇ ਕੋਲ ਬੈਠ ਕੇ ਪੜ੍ਹਨ ਲਈ ਕਹੋ | ਅਧਿਆਪਕ ਇਸ ਗੱਲੋਂ ਵੀ ਚਿੰਤਤ ਨਜ਼ਰ ਆਏ ਕਿ ਮੋਬਾਇਲ ਫੋਨ ਲਸੂੜੇ ਵਾਂਗ ਚਿੰਬੜ ਗਿਆ ਹੈ ਤੇ ਬਾਲਗ ਵੀ ਇਸ ਦਾ ਖਹਿੜਾ ਨਹੀਂ ਛੱਡਦੇ | ਮਹਾਦੇਵੀ ਬਿਰਲਾ ਵਰਲਡ ਅਕੈਡਮੀ ਦੀ ਵਾਈਸ ਪਿ੍ੰਸੀਪਲ ਨੂਪੁਰ ਘੋਸ਼ ਨੇ ਸੈਮੀਨਾਰ ਵਿਚ ਕਿਹਾ ਕਿ ਜੇ ਬੱਚੇ ਦੇਖਣਗੇ ਕਿ ਘਰ ਦੇ ਵੱਡੇ ਸੁੱਤੇ ਹੋਏ ਕਿਤਾਬ ਸਿਰਹਾਣੇ ਨਾਲ ਰੱਖ ਕੇ ਸੌਂਦੇ ਹਨ ਅਤੇ ਮੋਬਾਇਲ ਫੋਨਾਂ 'ਤੇ ਓਪੇਰਾ ਜਾਂ ਵੈਬ ਸੀਰੀਜ਼ ਨਹੀਂ ਦੇਖਦੇ ਤਾਂ ਉਨ੍ਹਾਂ ਦਾ ਧਿਆਨ ਵੀ ਪੜ੍ਹਨ ਵੱਲ ਜਾਵੇਗਾ | ਘੋਸ਼ ਨੇ ਵੀ ਕਿਹਾ ਕਿ ਮਾਪਿਆਂ ਨੂੰ ਪੜ੍ਹਨ ਦੀ ਆਦਤ ਨਾ ਹੋਣ ਕਾਰਨ ਉਹ ਖੁਦ ਬੱਚਿਆਂ ਵਿਚ ਇਹ ਆਦਤ ਪਾਉਣ 'ਚ ਦਿਲਚਸਪੀ ਨਹੀਂ ਲੈਂਦੇ, ਜਦਕਿ ਜਿਨ੍ਹਾਂ ਮਾਪਿਆਂ ਨੂੰ ਪੜ੍ਹਨ ਦੀ ਆਦਤ ਹੈ, ਉਹ ਬੱਚਿਆਂ ਦੀ ਉਮਰ ਦੇ ਹਿਸਾਬ ਨਾਲ ਉਨ੍ਹਾਂ ਨੂੰ ਕਿਤਾਬਾਂ ਲੈ ਕੇ ਦਿੰਦੇ ਹਨ | ਬੀ ਡੀ ਮੈਮੋਰੀਅਲ ਦੀ ਡਾਇਰੈਕਟਰ ਸੁਮਨ ਸੂਦ ਨੇ ਕਿਹਾ ਕਿ ਮਾਪਿਆਂ ਨੂੰ ਮੋਬਾਇਲ ਦੀ ਵਰਤੋਂ ਘਟਾਉਣੀ ਚਾਹੀਦੀ ਹੈ | ਜੇ ਬਾਲਗ ਆਪਣੀ ਜ਼ਿੰਦਗੀ ਵਿਚ ਅਨੁਸ਼ਾਸਨ ਲਿਆਉਣਗੇ ਤਾਂ ਬੱਚੇ ਵੀ ਸਿੱਖਣਗੇ | ਬੱਚੇ ਮਾਪਿਆਂ ਦੀ ਨਕਲ ਕਰਦੇ ਹਨ | ਜੇ ਉਹ ਉਨ੍ਹਾਂ ਨੂੰ ਪੜ੍ਹਦੇ ਦੇਖਣਗੇ ਤਾਂ ਖੁਦ ਵੀ ਪੜ੍ਹਨਗੇ | ਮਾਪਿਆਂ ਨੂੰ ਬੱਚਿਆਂ ਨਾਲ ਬੈਠ ਕੇ ਪੜ੍ਹਨਾ ਚਾਹੀਦਾ ਹੈ | ਇਸ ਨਾਲ ਬੱਚਿਆਂ ਵਿਚ ਪੜ੍ਹਨ ਦੀ ਰੁਚੀ ਪੈਦਾ ਹੋਵੇਗੀ ਤੇ ਜੇ ਰੁਚੀ ਪੈਦਾ ਹੋ ਗਈ ਤਾਂ ਹਮੇਸ਼ਾ ਰਹੇਗੀ ਅਤੇ ਫਿਰ ਉਨ੍ਹਾਂ ਨੂੰ ਗਾਈਡੈਂਸ ਦੀ ਲੋੜ ਨਹੀਂ ਪਵੇਗੀ |

776 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper