Latest News
ਯੂ ਜੀ ਸੀ ਨੂੰ ਵੀ ਢਾਹ

Published on 06 Dec, 2021 11:26 AM.


ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂ ਜੀ ਸੀ) ਕੇਂਦਰੀ ਸਿੱਖਿਆ ਮੰਤਰਾਲੇ ਦੇ ਉਚੇਰੀ ਸਿੱਖਿਆ ਵਿਭਾਗ ਵੱਲੋਂ ਯੂ ਜੀ ਸੀ ਐਕਟ-1956 ਤਹਿਤ ਸਥਾਪਤ ਸਟੈਚੁਰੀ ਬਾਡੀ ਹੈ | ਇਸ ਦਾ ਮੁੱਖ ਉਦੇਸ਼ ਉਚੇਰੀ ਸਿੱਖਿਆ ਦੇ ਮਿਆਰ ਨੂੰ ਉੱਤੇ ਚੁੱਕਣਾ ਹੈ | ਮੋਦੀ ਸਰਕਾਰ ਆਉਣ ਤੋਂ ਬਾਅਦ ਵੱਡੇ ਅਦਾਰਿਆਂ ਵਿਚ ਚੁਣ-ਚੁਣ ਕੇ ਆਰ ਐੱਸ ਐੱਸ ਵਿਚਾਰਧਾਰਾ ਦੇ ਨੇੜਲੇ ਲੋਕਾਂ ਨੂੰ ਵੱਡੇ ਅਹੁਦਿਆਂ 'ਤੇ ਲਾਉਣ ਦੀ ਚਲੀ ਪ੍ਰਥਾ ਹੁਣ ਯੂ ਜੀ ਸੀ ਵਿਚ ਵੀ ਲਾਗੂ ਹੁੰਦੀ ਨਜ਼ਰ ਆ ਰਹੀ ਹੈ | ਵੱਖ-ਵੱਖ ਅਦਾਰਿਆਂ ਵਿਚ ਕਿਸੇ ਦੇ ਰਿਟਾਇਰ ਹੋਣ ਤੋਂ ਬਾਅਦ ਦੂਜੇ ਹੱਕਦਾਰ ਨੂੰ ਉੱਚ ਅਹੁਦੇ 'ਤੇ ਬੈਠਣ ਤੋਂ ਰੋਕਣ ਲਈ ਨਿਯੁਕਤੀਆਂ ਨੂੰ ਜਾਣਬੁਝ ਕੇ ਟਾਲਣ ਦਾ ਪ੍ਰਚਲਨ ਆਮ ਹੈ | ਇਹ ਹੀ ਸਥਿਤੀ ਹੁਣ ਯੂ ਜੀ ਸੀ ਵਿਚ ਨਜ਼ਰ ਆ ਰਹੀ ਹੈ | ਹਫਤੇ ਤੱਕ ਇਸ ਦੇ ਦੋਨੋਂ ਉਤਲੇ ਅਹੁਦੇ ਖਾਲੀ ਹੋ ਜਾਣੇ ਹਨ, ਯਾਨੀ ਕਿ ਹੁਣ ਐਡਹਾਕਇਜ਼ਮ ਹੀ ਚੱਲੇਗਾ | ਇਸ ਦੇ ਚੇਅਰਮੈਨ ਡੀ ਪੀ ਸਿੰਘ ਦੀ ਮਿਆਦ ਅਗਲੇ ਹਫਤੇ ਮੁੱਕ ਰਹੀ ਹੈ, ਜਦਕਿ ਵਾਈਸ ਚੇਅਰਮੈਨ ਭੂਸ਼ਣ ਪਟਵਰਧਨ ਅੱਠ ਮਹੀਨੇ ਪਹਿਲਾਂ ਅਸਤੀਫਾ ਦੇ ਗਏ ਸਨ | ਅਕਾਦੀਮਿਸ਼ਨਾਂ ਦਾ ਡਰ ਹੈ ਕਿ ਪਹਿਲੀ ਵਾਰੀ ਕਿਸੇ ਨੌਕਰਸ਼ਾਹ ਨੂੰ ਚੌਧਰੀ ਬਣਾ ਦਿੱਤਾ ਜਾਵੇਗਾ | ਯੂ ਜੀ ਸੀ ਦੇ ਸਾਬਕਾ ਸਕੱਤਰ ਆਰ ਕੇ ਚੌਹਾਨ ਮੁਤਾਬਕ ਜਾਪਦਾ ਹੈ ਕਿ ਸਿੱਖਿਆ ਇਸ ਸਰਕਾਰ ਦੀਆਂ ਤਰਜੀਹਾਂ ਵਿਚ ਨਹੀਂ | ਯੂ ਜੀ ਸੀ ਹੀ ਨਹੀਂ, ਆਈ ਆਈ ਟੀ ਤੇ ਕੇਂਦਰੀ ਯੂਨੀਵਰਸਿਟੀਆਂ ਵਿਚ ਵੀ ਕਈ ਅਹੁਦੇ ਮਹੀਨਿਆਂ-ਬੱਧੀ ਨਹੀਂ ਭਰੇ ਗਏ | ਯੂ ਜੀ ਸੀ ਦੇ 12 ਮੈਂਬਰ ਹੁੰਦੇ ਹਨ | ਇਨ੍ਹਾਂ ਵਿਚ ਦੋ ਉਚੇਰੀ ਸਿੱਖਿਆ ਦੇ ਸਕੱਤਰ ਤੇ ਉਚੇਰੀ ਸਿੱਖਿਆ ਵਿਭਾਗ ਦੇ ਖਰਚਾ ਸਕੱਤਰ ਐੱਕਸ-ਆਫੀਸ਼ਿਓ ਮੈਂਬਰ ਹੁੰਦੇ ਹਨ | ਇਸ ਵੇਲੇ ਚੇਅਰਮੈਨ ਸਣੇ ਇਸ ਵਿਚ ਅੱਠ ਮੈਂਬਰ ਹਨ | ਯੂ ਜੀ ਸੀ ਐਕਟ ਮੁਤਾਬਕ ਰੈਗੂਲਰ ਚੇਅਰਮੈਨ ਸਰਕਾਰੀ ਅਧਿਕਾਰੀ ਨਹੀਂ ਹੋ ਸਕਦਾ | ਜੇ ਚੇਅਰਮੈਨ ਦਾ ਅਹੁਦਾ ਖਾਲੀ ਹੁੰਦਾ ਹੈ ਤਾਂ ਵਾਈਸ ਚੇਅਰਮੈਨ ਨੂੰ ਚਾਰਜ ਦਿੱਤਾ ਜਾਂਦਾ ਹੈ | ਜੇ ਦੋਨੋਂ ਅਹੁਦੇ ਖਾਲੀ ਹੋਣ ਤਾਂ ਕੇਂਦਰ ਸਰਕਾਰ ਕਿਸੇ ਮੈਂਬਰ ਨੂੰ ਚਾਰਜ ਦੇ ਸਕਦੀ ਹੈ, ਪਰ ਛੇ ਮਹੀਨਿਆਂ ਤੋਂ ਵੱਧ ਲਈ ਨਹੀਂ | ਦੱਸਿਆ ਜਾ ਰਿਹਾ ਹੈ ਕਿ ਸਰਕਾਰ ਉਚੇਰੀ ਸਿੱਖਿਆ ਦੇ ਸਕੱਤਰ ਕੇ ਸੰਜੇ ਮੂਰਤੀ ਨੂੰ ਰੈਗੂਲਰ ਚੇਅਰਮੈਨ ਦੀ ਨਿਯੁਕਤੀ ਤੱਕ ਚਾਰਜ ਦੇ ਸਕਦੀ ਹੈ | ਪਹਿਲਾਂ ਕਦੇ ਵੀ ਨੌਕਰਸ਼ਾਹ ਚੇਅਰਮੈਨ ਨਹੀਂ ਬਣਿਆ | ਇਕ ਕੇਂਦਰੀ ਯੂਨੀਵਰਸਿਟੀ ਦੇ ਸੀਨੀਅਰ ਪ੍ਰੋਫੈਸਰ ਮੁਤਾਬਕ ਅਜਿਹਾ ਕਰਨਾ ਗਲਤ ਰਵਾਇਤ ਹੋਵੇਗੀ ਅਤੇ ਇਹ ਯੂਨੀਵਰਸਿਟੀ ਗਰਾਂਟ ਕਮਿਸ਼ਨ ਨੂੰ ਕਾਨੂੰਨ ਤਹਿਤ ਮਿਲੀ ਖੁਦਮੁਖਤਾਰੀ ਨੂੰ ਢਾਹ ਲਾਵੇਗੀ | ਅਕਾਦੀਮਿਸ਼ਨ ਹੈਰਾਨ ਹਨ ਕਿ ਵਾਈਸ ਚੇਅਰਮੈਨ ਨੂੰ ਅਸਤੀਫਾ ਦਿੱਤਿਆਂ ਨੂੰ ਅੱਠ ਮਹੀਨੇ ਹੋ ਗਏ ਹਨ, ਪਰ ਅਹੁਦਾ ਭਰਨ ਲਈ ਅਜੇ ਤੱਕ ਇਸ਼ਤਿਹਾਰ ਨਹੀਂ ਦਿੱਤਾ ਗਿਆ | ਸਰਕਾਰ ਨੂੰ ਇਹ ਵੀ ਪਤਾ ਸੀ ਕਿ ਚੇਅਰਮੈਨ ਦੀ ਮਿਆਦ ਵੀ ਦਸੰਬਰ ਦੇ ਸ਼ੁਰੂ ਵਿਚ ਖਤਮ ਹੋਣ ਵਾਲੀ ਹੈ | ਦਰਅਸਲ ਯੂ ਜੀ ਸੀ ਸਮੇਤ ਹੋਰਨਾਂ ਵੱਡੇ ਖੁਦਮੁਖਤਾਰ ਅਦਾਰਿਆਂ ਵਿਚ ਕਈ ਮੈਂਬਰ ਪੁਰਾਣੀ ਸਰਕਾਰ ਵੇਲੇ ਦੇ ਹਨ, ਜੋ ਕਿ ਵਰਤਮਾਨ ਸਰਕਾਰ ਨੂੰ ਪਸੰਦ ਨਹੀਂ ਤੇ ਉਹ ਉਨ੍ਹਾਂ ਨੂੰ ਚੇਅਰਮੈਨੀਆਂ ਦੇ ਕੇ ਰਾਜ਼ੀ ਨਹੀਂ, ਭਾਵੇਂ ਇਨ੍ਹਾਂ ਤਹਿਤ ਆਉਂਦੇ ਕਾਲਜਾਂ-ਯੂਨੀਵਰਸਿਟੀਆਂ ਤੇ ਹੋਰ ਅਦਾਰਿਆਂ ਦਾ ਕੰਮ ਜਿੰਨਾ ਮਰਜ਼ੀ ਖਰਾਬ ਹੁੰਦਾ ਰਹੇ |

765 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper