Latest News
ਮਾਕਨ ਨੂੰ ਜ਼ਿੰਮੇਵਾਰੀ ਦੇਣ 'ਤੇ ਕੈਪਟਨ ਨੇ ਕਾਂਗਰਸ ਘੇਰੀ

Published on 07 Dec, 2021 10:38 AM.


ਚੰਡੀਗੜ੍ਹ (ਗੁਰਜੀਤ ਬਿੱਲਾ)
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਹਾਈ ਕਮਾਂਡ ਵੱਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਵਾਸਤੇ ਸਕਰੀਨਿੰਗ ਕਮੇਟੀ ਦਾ ਚੇਅਰਮੈਨ ਅਜੈ ਮਾਕਨ ਨੂੰ ਬਣਾਏ ਜਾਣ ਦੀ ਨਿੰਦਾ ਕੀਤੀ ਹੈ | ਜਾਰੀ ਬਿਆਨ 'ਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਾਕਨ ਦਿੱਲੀ 'ਚ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮੁੱਖ ਦੋਸ਼ੀਆਂ ਵਿਚੋਂ ਇਕ ਲਲਿਤ ਮਾਕਨ ਦੇ ਭਤੀਜੇ ਹਨ | ਇਸ ਜ਼ਿੰਮੇਵਾਰੀ ਲਈ ਕਾਂਗਰਸ ਵੱਲੋਂ ਮਾਕਨ ਨੂੰ ਚੁਣਨ ਤੋਂ ਵੱਡਾ ਗ਼ਲਤ ਫ਼ੈਸਲਾ ਕੁਝ ਹੋਰ ਨਹੀਂ ਹੋ ਸਕਦਾ | ਅਜਿਹੇ ਵਿਚ ਇਕ ਪਾਸੇ ਜਿਥੇ ਕੇਂਦਰ ਸਰਕਾਰ ਇਕ ਗੁਨਾਹਗਾਰ ਸੱਜਣ ਕੁਮਾਰ ਨੂੰ ਸਜ਼ਾ ਦੇਣ ਵੱਲ ਵਧ ਰਹੀ ਹੈ, ਤਾਂ ਦੂਜੀ ਧਿਰ ਕਾਂਗਰਸ ਮਾਕਨਾਂ ਨੂੰ ਪੁਰਸਕਾਰ ਦੇ ਰਹੀ ਹੈ ਅਤੇ ਉਹ ਵੀ ਪੰਜਾਬ ਲਈ, ਜੋ ਪੰਜਾਬੀਆਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਦੇ ਸਮਾਨ ਹੈ | ਸਾਬਕਾ ਮੁੱਖ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਮਾਕਨ ਵਰਗੇ ਵਿਅਕਤੀ ਦਾ ਨਾਂਅ ਅੱਗੇ ਵਧਾਉਣ ਤੋਂ ਬਚਣਾ ਚਾਹੀਦਾ ਸੀ, ਜੋ ਉਨ੍ਹਾ ਦੇ ਚਾਚਾ ਦੇ ਸਿੱਖ ਵਿਰੋਧੀ ਦੰਗਿਆਂ 'ਚ ਸ਼ਾਮਲ ਹੋਣ ਕਾਰਨ ਪੰਜਾਬ ਵਿੱਚ ਬਗਾਵਤ ਦਾ ਕਾਰਨ ਬਣ ਸਕਦਾ ਹੈ, ਜਦੋਂ ਬੇਕਸੂਰ ਲੋਕਾਂ ਨੂੰ ਜ਼ਿੰਦਾ ਸਾੜ ਤੱਕ ਦਿੱਤਾ ਗਿਆ ਸੀ | ਇਸ ਤੋਂ ਇਲਾਵਾ ਮਾਕਨ ਸਕਰੀਨਿੰਗ ਕਮੇਟੀ ਦੇ ਮੁਖੀ ਬਣਨ ਲਈ ਕਾਬਲ ਵਿਅਕਤੀ ਵੀ ਨਹੀਂ ਹਨ, ਜਿਸ ਵਿੱਚ ਅੰਬਿਕਾ ਸੋਨੀ ਅਤੇ ਸੁਨੀਲ ਜਾਖੜ ਵਰਗੇ ਸੀਨੀਅਰ ਆਗੂਆਂ ਨੂੰ ਉਨ੍ਹਾ ਦੇ ਅਧੀਨ ਰੱਖਿਆ ਗਿਆ ਹੈ | ਉਨ੍ਹਾ ਕਿਹਾ ਕਿ ਮਾਕਨ ਨੇ ਦਿੱਲੀ ਵਿਧਾਨ ਸਭਾ ਚੋਣਾਂ 'ਚ ਪਾਰਟੀ ਨੂੰ ਲਗਾਤਾਰ ਦੋ ਵੱਡੀਆਂ ਹਾਰਾਂ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ | ਜਿਸ ਵਿਅਕਤੀ ਨੇ ਦਿੱਲੀ 'ਚ ਕਾਂਗਰਸ ਦਾ ਪੂਰੀ ਤਰ੍ਹਾਂ ਸਫਾਇਆ ਕਰ ਦਿੱਤਾ ਹੈ, ਹੁਣ ਉਸ ਨੂੰ ਪੰਜਾਬ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਅਜਿਹੇ ਵਿੱਚ ਕੋਈ ਵੀ ਸੂਬੇ ਅੰਦਰ ਪਾਰਟੀ ਦੇ ਭਵਿੱਖ ਦਾ ਅੰਦਾਜ਼ਾ ਲਗਾ ਸਕਦਾ ਹੈ | ਉਹਨਾ ਕਿਹਾ ਕਿ ਦਿੱਲੀ 'ਚ 2014 ਅਤੇ 2019 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਲਈ ਕੋਈ ਵੀ ਸੀਟ ਯਕੀਨੀ ਨਾ ਕਰਨ ਵਾਲੇ ਵਿਅਕਤੀ ਨੂੰ ਪੰਜਾਬ ਭੇਜਿਆ ਗਿਆ ਹੈ, ਤਾਂ ਜੋ ਇੱਥੇ ਵੀ ਉਸੇ ਪ੍ਰਾਪਤੀ ਨੂੰ ਹਾਸਲ ਕੀਤਾ ਜਾ ਸਕੇ | ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਆਪਣੀ ਹਾਰ ਨੂੰ ਕਬੂਲ ਕਰ ਲਿਆ ਹੈ, ਜਿਸ ਨੇ ਇਕ ਅਜਿਹੇ ਵਿਅਕਤੀ ਨੂੰ ਨਿਯੁਕਤ ਕੀਤਾ ਹੈ, ਜਿਹੜਾ 2014 ਅਤੇ 2019 'ਚ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਹਾਰ ਚੁੱਕਾ ਹੈ ਤੇ ਵਿਧਾਨ ਸਭਾ ਚੋਣ 'ਚ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕਿਆ |

97 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper