Latest News
ਭਾਜਪਾ ਨੂੰ ਬਸ ਫਿਰਕੂ ਪੱਤੇ ਦਾ ਸਹਾਰਾ

Published on 07 Dec, 2021 10:47 AM.


ਅਗਲੇ ਸਾਲ ਦੇ ਸ਼ੁਰੂ ਵਿੱਚ ਜਿਨ੍ਹਾਂ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਉਨ੍ਹਾਂ ਵਿੱਚੋਂ ਚਾਰ ਰਾਜਾਂ ਉੱਤਰ ਪ੍ਰਦੇਸ਼, ਉਤਰਾਖੰਡ, ਗੋਆ ਤੇ ਮਨੀਪੁਰ ਵਿੱਚ ਭਾਜਪਾ ਦੀਆਂ ਸਰਕਾਰਾਂ ਹਨ | ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੈ, ਜਿੱਥੇ ਭਾਜਪਾ ਪੱਲੇ ਬਹੁਤਾ ਕੁਝ ਪੈਂਦਾ ਦਿਖਾਈ ਨਹੀਂ ਦਿੰਦਾ | ਭਾਜਪਾ ਲਈ ਉਕਤ ਚਾਰੇ ਰਾਜਾਂ ਵਿੱਚ ਆਪਣੀਆਂ ਸਰਕਾਰਾਂ ਬਚਾਉਣਾ ਅਹਿਮ ਹੈ, ਪਰ ਉਸ ਦਾ ਸਭ ਤੋਂ ਵੱਧ ਧਿਆਨ ਉੱਤਰ ਪ੍ਰਦੇਸ਼ ਉੱਤੇ ਲਗਾ ਹੋਇਆ ਹੈ | ਉੱਤਰ ਪ੍ਰਦੇਸ਼ ਦੇਸ਼ ਦਾ ਸਭ ਤੋਂ ਵੱਡਾ ਸੂਬਾ ਹੈ | ਇੱਥੋਂ ਦੀਆਂ 80 ਲੋਕ ਸਭਾ ਸੀਟਾਂ ਹੀ ਤੈਅ ਕਰਦੀਆਂ ਰਹੀਆਂ ਹਨ ਕਿ ਕੇਂਦਰ ਵਿੱਚ ਕਿਸ ਦੀ ਸਰਕਾਰ ਬਣਨੀ ਹੈ | ਢਾਈ ਕੁ ਸਾਲਾਂ ਬਾਅਦ ਲੋਕ ਸਭਾ ਦੀਆਂ ਚੋਣਾਂ ਆ ਜਾਣੀਆਂ ਹਨ | ਇਸ ਕਾਰਨ ਭਾਜਪਾ ਯੂ ਪੀ ਦੀਆਂ ਆ ਰਹੀਆਂ ਵਿਧਾਨ ਸਭਾ ਚੋਣਾਂ ਹਰ ਹਾਲ ਜਿੱਤਣਾ ਚਾਹੇਗੀ |
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਕਾਰਜਕਾਲ ਦੀ ਅਜਿਹੀ ਕੋਈ ਪ੍ਰਾਪਤੀ ਨਹੀਂ, ਜਿਸ ਨੂੰ ਅਧਾਰ ਬਣਾ ਕੇ ਭਾਜਪਾ ਇਹ ਚੋਣਾਂ ਜਿੱਤ ਸਕਦੀ ਹੈ | ਯੋਗੀ ਆਦਿੱਤਿਆਨਾਥ ਦਾ ਤਾਂ ਸਾਰਾ ਜ਼ੋਰ ਸ਼ਹਿਰਾਂ ਦੇ ਨਾਂਅ ਬਦਲਣ, ਲਵ ਜਿਹਾਦ ਦੇ ਨਾਂਅ ਉੱਤੇ ਮੁਸਲਿਮ ਨੌਜਵਾਨਾਂ ਨੂੰ ਫਸਾਉਣ ਅਤੇ ਝੂਠੇ ਪੁਲਸ ਮੁਕਾਬਲਿਆਂ ਰਾਹੀਂ ਲੋਕਾਂ ਵਿੱਚ ਦਹਿਸ਼ਤ ਫੈਲਾਉਣ 'ਤੇ ਲੱਗਾ ਰਿਹਾ ਹੈ | ਵਿਕਾਸ ਦਾ ਹਾਲ ਤਾਂ ਇਹ ਹੈ ਕਿ ਸਰਕਾਰ ਨੂੰ ਆਪਣੇ ਇਸ਼ਤਿਹਾਰਾਂ ਵਿੱਚ ਯੂ ਪੀ ਦਾ ਕਹਿ ਕੇ ਕਲਕੱਤੇ ਦੇ ਫਲਾਈ ਓਵਰ ਦੀ ਤਸਵੀਰ ਲਾਉਣੀ ਪੈ ਰਹੀ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਨੋਇਡਾ ਦੇ ਜੇਵਰ ਵਿੱਚ ਏਸ਼ੀਆ ਦੇ ਸਭ ਤੋਂ ਵੱਡੇ ਕੌਮਾਂਤਰੀ ਹਵਾਈ ਅੱਡੇ ਦਾ ਨੀਂਹ ਪੱਥਰ ਰੱਖਦੇ ਹਨ ਤਾਂ ਉਤਸ਼ਾਹ ਵਿੱਚ ਆ ਕੇ ਭਾਜਪਾਈ ਆਗੂ ਚੀਨ ਦੇ ਕੌਮਾਂਤਰੀ ਹਵਾਈ ਅੱਡੇ ਦੀ ਫੋਟੋ ਟਵੀਟ ਕਰਨ ਲੱਗ ਜਾਂਦੇ ਹਨ |
ਇਸ ਸਥਿਤੀ ਵਿੱਚ ਭਾਜਪਾ ਕੋਲ ਫਿਰਕੂ ਕਤਾਰਬੰਦੀ ਹੀ ਉਸ ਦਾ ਅਜ਼ਮਾਇਆ ਹੋਇਆ ਹਥਿਆਰ ਬਚਦਾ ਹੈ ਤੇ ਇਸ ਨੂੰ ਵਰਤਣਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਦਾ ਸ੍ਰੀਗਣੇਸ਼ ਵਿਸ਼ਵ ਹਿੰਦੂ ਪ੍ਰੀਸ਼ਦ ਤੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਨ ਵਾਲੇ ਰਾਜ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਨੇ ਕਰ ਦਿੱਤਾ ਸੀ | 6 ਦਸੰਬਰ 1992 ਨੂੰ ਜਦੋਂ ਬਾਬਰੀ ਮਸਜਿਦ ਢਾਈ ਗਈ ਸੀ ਤਾਂ ਕਾਰ ਸੇਵਕਾਂ ਨੇ ਨਾਅਰਾ ਦਿੱਤਾ ਸੀ, ''ਅਯੁੱਧਿਆ ਤੋਂ ਬਸ ਝਾਕੀ ਹੈ, ਕਾਸ਼ੀ-ਮûਰਾ ਬਾਕੀ ਹੈ |'' ਹੁਣ ਜਦੋਂ ਅਯੁੱਧਿਆ ਵਿੱਚ ਰਾਮ ਮੰਦਰ ਬਣਾਉਣ ਬਾਰੇ ਅਦਾਲਤ ਦੇ ਫੈਸਲੇ ਤੋਂ ਬਾਅਦ ਰਾਮ ਮੰਦਰ ਬਣਨਾ ਸ਼ੁਰੂ ਹੋ ਗਿਆ ਹੈ ਤਾਂ ਕੇਸ਼ਵ ਪ੍ਰਸਾਦ ਮੌਰੀਆ ਨੇ ਨਵਾਂ ਨਾਅਰਾ ਦੇ ਦਿੱਤਾ ਹੈ, ''ਅਯੁੱਧਿਆ-ਕਾਸ਼ੀ ਮੰਦਰ ਨਿਰਮਾਣ ਜਾਰੀ ਹੈ, ਮûਰਾ ਕੀ ਤਿਆਰੀ ਹੈ |'' ਇਹ ਚੰਗੀ ਗੱਲ ਹੈ ਕਿ ਮûਰਾ ਦੇ ਆਮ ਲੋਕ ਇਸ ਫਿਰਕੂ ਵੰਡ-ਪਾਊ ਸਿਆਸਤ ਵਿਰੁੱਧ ਲਾਮਬੰਦ ਹੋ ਰਹੇ ਹਨ | ਅਖਿਲ ਭਾਰਤੀ ਤੀਰਥ ਪ੍ਰੋਹਿਤ ਮਹਾਂ ਸਭਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਦੇ ਬਹਿਕਾਵੇ ਵਿੱਚ ਨਾ ਆਉਣ | ਮਹਾਂਸਭਾ ਦੇ ਪ੍ਰਧਾਨ ਸ੍ਰੀ ਮਾûਰ ਚਤੁਰਵੇਦ ਨੇ ਕਿਹਾ ਹੈ ਕਿ ਡੇਢ ਸਾਲ ਦੇ ਕੋਰੋਨਾ ਕਾਲ ਤੋਂ ਬਾਅਦ ਮਸਾਂ ਬਜ਼ਾਰ ਖੁਲ੍ਹਣ ਲੱਗੇ ਤੇ ਤੀਰਥ ਸਥਾਨਾਂ ਉਤੇ ਰੌਣਕ ਵਾਪਸ ਪਰਤੀ ਹੈ | ਕੁਝ ਲੋਕ ਨਿੱਜੀ ਸਵਾਰਥ ਲਈ ਸ਼ਹਿਰ ਦੇ ਅਮਨ-ਚੈਨ ਨੂੰ ਭੰਗ ਕਰਨ ਵਾਲੀਆਂ ਕਾਰਵਾਈਆਂ ਕਰ ਰਹੇ ਹਨ, ਪ੍ਰਸ਼ਾਸਨ ਨੂੰ ਇਨ੍ਹਾਂ ਨੂੰ ਰੋਕਣਾ ਚਾਹੀਦਾ ਹੈ, ਮûਰਾ ਦੀ ਆਮ ਜਨਤਾ ਉਸ ਦਾ ਸਹਿਯੋਗ ਕਰੇਗੀ | ਲੋਕਾਂ ਦੀ ਅਜਿਹੀ ਪ੍ਰਤੀਕ੍ਰਿਆ ਤੋਂ ਬਾਅਦ ਹਿੰਦੂ ਮਹਾਂ ਸਭਾ ਨੂੰ ਮûਰਾ ਮਸਜਿਦ ਵਿੱਚ 6 ਦਸੰਬਰ ਨੂੰ ਕ੍ਰਿਸ਼ਨ ਦੀ ਮੂਰਤੀ ਸਥਾਪਨਾ ਦਾ ਆਪਣਾ ਪ੍ਰੋਗਰਾਮ ਮੁਲਤਵੀ ਕਰਨਾ ਪਿਆ | ਇਸ ਦਾ ਮਤਲਬ ਇਹ ਨਹੀਂ ਕਿ ਹਿੰਦੂਵਾਦੀ ਸੰਗਠਨਾਂ ਨੇ ਆਪਣੀ ਮੰਗ ਛੱਡ ਦਿੱਤੀ ਹੈ | ਅਖਿਲ ਭਾਰਤੀ ਹਿੰਦੂ ਮਹਾਂਸਭਾ, ਸ੍ਰੀ ਕ੍ਰਿਸ਼ਨ ਜਨਮਭੂਮੀ ਨਿਰਮਾਣ ਨਿਆਸ, ਨਰਾਇਣੀ ਸੈਨਾ ਤੇ ਸ੍ਰੀ ਕਿ੍ਸ਼ਨ ਮੁਕਤੀ ਦਲ ਆਪਣੇ ਏਜੰਡੇ ਨੂੰ ਲਾਗੂ ਕਰਨ ਲਈ ਲਗਾਤਾਰ ਸਰਗਰਮ ਹਨ |
ਇਹ ਇੱਕੋ ਘਟਨਾ ਨਹੀਂ, ਜੇਕਰ ਵਿਧਾਨ ਸਭਾ ਚੋਣਾਂ ਲਈ ਕੀਤੀਆਂ ਜਾ ਰਹੀਆਂ ਤਾਬੜਤੋੜ ਰੈਲੀਆਂ ਵਿੱਚ ਯੋਗੀ ਆਦਿੱਤਿਆਨਾਥ ਦੇ ਭਾਸ਼ਣਾਂ ਨੂੰ ਗਹੁ ਨਾਲ ਵਾਚਿਆ ਜਾਵੇ ਤਾਂ ਉਹ ਹਮੇਸ਼ਾ ਮੰਦਰ-ਮਸਜਿਦ ਦੇ ਵਿਵਾਦ ਨੂੰ ਹੀ ਕੇਂਦਰ ਵਿੱਚ ਰੱਖਦੇ ਹਨ | ਉਹ ਜਨਤਾ ਨੂੰ ਪੁੱਛਦੇ ਹਨ ਕਿ ਜੇਕਰ 1990 ਵਿੱਚ ਕਾਰ ਸੇਵਕਾਂ ਉਤੇ ਗੋਲੀਆਂ ਚਲਾਉਣ ਵਾਲੇ ਅੱਜ ਸੱਤਾ ਵਿੱਚ ਹੁੰਦੇ ਤਾਂ ਕੀ ਰਾਮ ਮੰਦਰ ਬਣ ਸਕਦਾ ਸੀ | ਉਹ ਬਾਬਰੀ ਮਸਜਿਦ ਢਾਹੁਣ ਦੀ ਕਾਰਵਾਈ ਨੂੰ ਉਚਿਤ ਠਹਿਰਾਉਣ ਲਈ ਇਹ ਵੀ ਪੁੱਛਦੇ ਹਨ ਕਿ ਕੀ ਜੇਕਰ ਬਾਬਰੀ ਮਸਜਿਦ ਕਾਇਮ ਰਹਿੰਦੀ ਤਾਂ ਨਿਆਂਪਾਲਿਕਾ ਉਸੇ ਥਾਂ ਮੰਦਰ ਬਣਾਉਣ ਦਾ ਹੁਕਮ ਦੇ ਦਿੰਦੀ |
ਇਹੋ ਨਹੀਂ, ਇਨ੍ਹੀਂ ਦਿਨੀਂ ਯੋਗੀ ਆਦਿੱਤਿਆਨਾਥ ਵਾਰ-ਵਾਰ ਅਯੁੱਧਿਆ ਜਾ ਰਹੇ ਹਨ | ਕਿਆਸਅਰਾਈਆਂ ਇਹ ਵੀ ਹਨ ਕਿ ਉਹ ਅਯੁੱਧਿਆ ਸੀਟ ਤੋਂ ਚੋਣ ਲੜ ਕੇ ਬਹੁਗਿਣਤੀ ਹਿੰਦੂਆਂ ਦੀ ਮਾਨਸਿਕਤਾ ਨੂੰ ਮੰਦਰ-ਮਸਜਿਦ ਵਿਵਾਦ ਵਿੱਚ ਫਸਾਈ ਰੱਖਣ ਲਈ ਇਸ ਦੀ ਵਰਤੋਂ ਕਰਨਗੇ |
-ਚੰਦ ਫਤਿਹਪੁਰੀ

843 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper