Latest News
ਔਲਖ ਸਨਮਾਨ ਸਮਾਰੋਹ ਹੁਣ 8 ਮਾਰਚ ਨੂੰ
ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ ਵੱਲੋਂ ਰੱਲਾ (ਮਾਨਸਾ) ਸਥਿਤ ਲੜਕੀਆਂ ਦੇ ਮਾਈ ਭਾਗੋ ਕਾਲਜ ਵਿਖੇ ਇੱਕ ਮਾਰਚ ਨੂੰ ਪੰਜਾਬ ਦੇ ਉਘੇ ਨਾਟਕਕਾਰ ਪ੍ਰੋ: ਅਜਮੇਰ ਸਿੰਘ ਔਲਖ ਨੂੰ ਲੋਕ ਕਲਾ ਸਨਮਾਨ ਨਾਲ ਸਨਮਾਨਤ ਕਰਨ ਲਈ ਕੀਤਾ ਜਾ ਰਿਹਾ ਸੂਬਾ ਪੱਧਰੀ ਸਮਾਰੋਹ ਹੁਣ 8 ਮਾਰਚ ਨੂੰ ਕੀਤਾ ਜਾਵੇਗਾ, ਕਿਉਂਕਿ ਇੱਕ ਮਾਰਚ ਨੂੰ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਇੰਟਰਨੈੱਟ \'ਤੇ ਲਗਾਤਾਰ ਆ ਰਹੀ ਹੈ। ਇਸ ਸਮਾਰੋਹ ਵਿਚ ਪੂਰੇ ਧੂਮ-ਧੜੱਕੇ ਨਾਲ ਸ਼ਾਮਲ ਹੋਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਸਾਂਝੇ ਤੌਰ \'ਤੇ ਪਿੰਡ-ਪਿੰਡ ਰੈਲੀਆਂ, ਨੁੱਕੜ ਨਾਟਕਾਂ ਆਦਿ ਰਾਹੀਂ ਕਿਸਾਨਾਂ-ਮਜ਼ਦੂਰਾਂ ਤੇ ਪੇਂਡੂ ਕਿਰਤੀਆਂ ਨੂੰ ਜਾਗਰਿਤ/ਲਾਮਬੰਦ ਕਰਨ ਲਈ ਜ਼ੋਰਦਾਰ ਤਿਆਰੀਆਂ ਪੰਜਾਬ ਭਰ ਅੰਦਰ ਜਾਰੀ ਹਨ। ਜਾਣਕਾਰੀ ਦਿੰਦੇ ਹੋਏ ਦੋਵਾਂ ਜਥੇਬੰਦੀਆਂ ਦੇ ਜਨਰਲ ਸਕੱਤਰਾਂ ਸੁਖਦੇਵ ਸਿੰਘ ਕੋਕਰੀ ਕਲਾਂ ਤੇ ਲਛਮਣ ਸਿੰਘ ਸੇਵੇਵਾਲਾ ਵੱਲੋਂ ਜਾਰੀ ਕੀਤੇ ਗਏ ਪ੍ਰੈੱਸ ਰਿਲੀਜ਼ ਰਾਹੀਂ ਦੱਸਿਆ ਗਿਆ ਹੈ ਕਿ ਜ਼ਿਲ੍ਹਾ ਸੰਗਰੂਰ, ਬਠਿੰਡਾ, ਮਾਨਸਾ ਬਰਨਾਲਾ, ਮੋਗਾ ਤੇ ਮੁਕਤਸਰ ਵਿਖੇ ਸਥਾਨਕ ਲੋਕ ਪੱਖੀ ਕਲਾਕਾਰਾਂ, ਸਾਹਿਤਕਾਰਾਂ, ਪੇਂਡੂ ਡਾਕਟਰਾਂ, ਨੌਜਵਾਨ ਆਗੂਆਂ ਅਤੇ ਮੁਲਾਜ਼ਮ ਆਗੂਆਂ ਨਾਲ ਮਿਲ ਕੇ ਜ਼ਿਲ੍ਹਾ, ਤਹਿਸੀਲ ਪੱਧਰਾਂ \'ਤੇ ਬਣਾਈਆਂ ਗਈਆਂ ਸਹਿਯੋਗੀ ਕਮੇਟੀਆਂ ਵੀ ਇਸ ਕੰਮ ਵਿੱਚ ਨਵੇਂ ਉਭਰਦੇ ਕਲਾਕਾਰਾਂ ਤੱਕ ਪਹੁੰਚ ਕਰਨ ਅਤੇ ਫੰਡ ਆਦਿ ਜੁਟਾਉਣ ਰਾਹੀਂ ਯੋਗਦਾਨ ਪਾ ਰਹੀਆਂ ਹਨ।\r\nਇਸ ਮੁਹਿੰਮ ਦਾ ਨਿਸ਼ਾਨਾ ਜਨਤਕ ਜਮਹੂਰੀ ਸੰਘਰਸ਼ਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਣ ਵਾਲੇ ਸਾਹਿਤਕਾਰਾਂ, ਕਲਾਕਾਰਾਂ, ਗੀਤਕਾਰਾਂ ਆਦਿ ਦੀ ਸ਼ਕਤੀਸ਼ਾਲੀ ਲੋਕ ਪੱਖੀ ਸੱਭਿਆਚਾਰਕ ਲਹਿਰ ਖੜੀ ਕਰਨਾ ਹੈ, ਜਿਸ ਰਾਹੀਂ ਉਸ ਲੋਕ ਵਿਰੋਧੀ ਲਹਿਰ ਨੂੰ ਮਾਤ ਦਿੱਤੀ ਜਾ ਸਕੇ। ਜਿਸ ਦੇ ਲਾਲਚੀ ਤੇ ਵਿਕਾਊ ਕਲਾਕਾਰਾਂ ਤੇ ਸਾਹਿਤਕਾਰਾਂ ਵੱਲੋਂ ਪੈਸੇ ਖਾਤਰ ਲੱਚਰਪੁਣਾ, ਫ਼ਿਰਕਾਪ੍ਰਸਤੀ ਵਹਿਮਾ- ਭਰਮਾਂ ਅਤੇ ਨਸ਼ਿਆਂ ਗੁੰਡਾਗਰਦੀ ਨੂੰ ਫੈਲਾਉਣ ਤੇ ਉਕਸਾਉਣ ਰਾਹੀਂ ਆਮ ਲੋਕਾਂ ਤੇ ਖ਼ਾਸ ਕਰਕੇ ਨੌਜਵਾਨ ਪੁੱਤਾਂ-ਧੀਆਂ ਨੂੰ ਕੁਰਾਹੇ ਪਾਇਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਲੁਟੇਰੇ ਹਾਕਮਾਂ ਦੇ ਪੱਖ \'ਚ ਭੁਗਤਾਇਆ ਜਾ ਰਿਹਾ ਹੈ। ਦੁਨੀਆ ਭਰ ਦਾ ਇਤਿਹਾਸ ਗਵਾਹੀ ਭਰਦਾ ਹੈ ਕਿ ਲੋਕ ਪੱਖੀ ਸੰਘਰਸ਼ਾਂ ਦੀ ਹਰ ਇੱਕ ਲਹਿਰ ਦੇ ਬਰਾਬਰ ਹੀ ਸਮਕਾਲੀ ਸੱਭਿਆਚਾਰਕ ਲਹਿਰ ਹਿੱਕਾਂ ਡਾਹ ਕੇ ਖੜਦੀ ਰਹੀ ਹੈ ਅਤੇ ਸਮੇਂ ਦੇ ਜਾਲਮ ਲੁਟੇਰੇ ਹਾਕਮਾਂ ਦੇ ਕਹਿਰ ਖਿੜੇ ਮੱਥੇ ਝੱਲਦੀ ਰਹੀ ਹੈ। ਪ੍ਰੋ: ਔਲਖ ਵੀ ਅਜਿਹੇ ਕਲਾਕਾਰਾਂ ਤੇ ਸੱਭਿਆਚਾਰਕ ਕਾਮਿਆਂ ਦੀ ਉਠ ਰਹੀ ਲਹਿਰ ਦਾ ਇੱਕ ਸਿਰਕੱਢ ਉਸਰਈਆ ਹੈ। ਹੁਣ ਤੱਕ ਜਿੱਥੇ ਮੋਗਾ ਜ਼ਿਲ੍ਹੇ \'ਚ ਸ਼ਹੀਦ ਸਾਧੂ ਸਿੰਘ ਤਖ਼ਤੂਪੁਰਾ ਦੀ ਬਰਸੀ ਮੌਕੇ 20 ਫਰਵਰੀ ਨੂੰ ਹਜ਼ਾਰਾਂ ਲੋਕਾਂ ਦਾ ਇਕੱਠ ਜ਼ਿਲ੍ਹਾ ਪੱਧਰ ਅਤੇ ਲੰਬੀ \'ਚ ਬਲਾਕ ਪੱਧਰ ਦਾ ਨਾਟਕ ਮੇਲਾ ਇਸ ਤਿਆਰੀ ਨੂੰ ਸਮਰਪਿਤ ਕੀਤਾ ਗਿਆ ਹੈ, ਉਥੇ ਹੁਣ ਤੱਕ ਜ਼ਿਲ੍ਹਾ ਬਠਿੰਡਾ, ਸੰਗਰੂਰ, ਮਾਨਸਾ, ਬਰਨਾਲਾ, ਮੋਗਾ ਅਤੇ ਮੁਕਤਸਰ ਵਿਚ 230 ਤੋਂ ਵੱਧ ਪਿੰਡਾਂ ਅੰਦਰ ਨੁੱਕੜ ਨਾਟਕ, ਕਵੀਸ਼ਰੀ ਸਭਾਵਾਂ ਅਤੇ ਮੀਟਿੰਗਾਂ ਆਦਿ ਰਾਹੀਂ ਸੈਂਕੜੇ ਔਰਤਾਂ ਸਮੇਤ ਹਜ਼ਾਰਾਂ ਲੋਕਾਂ ਤੱਕ ਪਹੁੰਚ ਕੀਤੀ ਜਾ ਚੁੱਕੀ ਹੈ ਅਤੇ ਇਹ ਸਿਲਸਿਲਾ 7 ਮਾਰਚ ਤੱਕ ਲਗਾਤਾਰ ਜਾਰੀ ਰੱਖਿਆ ਜਾਵੇਗਾ। ਸਮਾਗਮ ਵਿੱਚ ਹਜ਼ਾਰਾਂ ਹੀ ਕਿਸਾਨ ਮਜ਼ਦੂਰ ਹੁੰਮਹੁਮਾ ਕੇ ਪੁੱਜਣ ਦੇ ਠੋਸ ਅੰਦਾਜ਼ੇ ਹਨ।

1017 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper