Latest News
ਭਾਜਪਾ ਦੀਆਂ ਨੀਤੀਆਂ ਕਾਰਪੋਰੇਟ ਜਗਤ ਨੂੰ ਮੁਨਾਫ਼ਾ ਦੇਣ ਵਾਲੀਆਂ : ਬੁਆਣੀ
ਸੀ ਪੀ ਆਈ ਤਰਨ ਤਾਰਨ ਜ਼ਿਲ੍ਹੇ ਦੀ ਕਾਨਫ਼ਰੰਸ ਮੌਕੇ ਇਕੱਤਰ ਹੋਏ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਸੂਬਾ ਸਕੱਤਰੇਤ ਦੇ ਮੈਂਬਰ ਕਰਤਾਰ ਸਿੰਘ ਬੁਆਣੀ ਨੇ ਕਿਹਾ ਕਿ ਕਮਿਊਨਿਸਟ ਪਾਰਟੀ ਮਾਰਕਸਵਾਦ ਦੇ ਸਿਧਾਂਤ ਦੀ ਰੌਸ਼ਨੀ ਵਿੱਚ ਲੋਕਾਂ ਨੂੰ ਜਾਗ੍ਰਿਤ ਕਰ ਰਹੀ ਹੈ। ਉਨ੍ਹਾ ਕਿਹਾ ਕਿ ਬੀ ਜੇ ਪੀ ਸਰਕਾਰ ਦੀਆਂ ਨੀਤੀਆਂ ਕਾਰਪੋਰੇਟ ਜਗਤ ਨੂੰ ਮੁਨਾਫ਼ਾ ਦੇਣ ਵਾਲੀਆਂ ਹਨ। ਕਾਂਗਰਸ ਪਾਰਟੀ ਨਾਲੋਂ ਵੀ ਤੇਜ਼ ਗਤੀ ਨਾਲ ਬੀ ਜੇ ਪੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਹਿੰਦੁਸਤਾਨ ਦੀ ਮਿਹਨਤੀ ਜਨਤਾ ਨੂੰ ਲੁੱਟਣ ਦੀਆਂ ਖੁੱਲ੍ਹਾਂ ਦੇਈ ਜਾ ਰਹੀ ਹੈ। ਬੀ ਜੇ ਪੀ ਅਤੇ ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਕਰਕੇ ਦਿੱਲੀ ਦੇ ਲੋਕਾਂ ਇਹਨਾਂ ਪਾਰਟੀਆਂ ਦੇ ਵਿਰੋਧ ਵਿੱਚ ਫਤਵਾ ਦਿੱਤਾ ਅਤੇ ਆਮ ਆਦਮੀ ਪਾਰਟੀ ਨੂੰ ਦਿੱਲੀ ਦੀ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਹੈ। ਉਨ੍ਹਾ ਜ਼ੋਰ ਦੇ ਕੇ ਕਿਹਾ ਕਿ ਕਿਤੇ ਕਮਿਊਨਿਸਟ ਪਾਰਟੀ ਦੇ ਵਰਕਰ ਭੁਲੇਖੇ ਵਿੱਚ ਨਾ ਰਹਿਣ, ਆਮ ਆਦਮੀ ਪਾਰਟੀ ਵੀ ਇੱਕ ਸਰਮਾਏਦਾਰ ਵਿਚਾਰਧਾਰਾ ਦੀ ਪਾਰਟੀ ਹੈ, ਇਸ ਪਾਰਟੀ ਦੀ ਸੋਚ ਵੀ ਕਿਰਤੀਆਂ ਦੇ ਰਾਜ ਪ੍ਰਬੰਧ ਦੀ ਨਹੀਂ। ਇਸ ਮੌਕੇ ਕੌਮੀ ਕੌਂਸਲ ਮੈਂਬਰ ਕਾਮਰੇਡ ਹਰਭਜਨ ਸਿੰਘ ਨੇ ਕਿਹਾ ਕਿ ਪੂੰਜੀਵਾਦੀ ਸੋਚ ਦੇ ਮਾਲਕ ਤਾਂ ਇਹ ਕਹਿ ਰਹੇ ਹਨ ਕਿ ਦੁਨੀਆ ਵਿੱਚ ਸਿਰਫ਼ ਸਰਮਾਏਦਾਰੀ ਪ੍ਰਬੰਧ ਹੀ ਕਾਮਯਾਬ ਹੈ, ਪਰ ਦੱਖਣੀ ਅਮਰੀਕਨ ਦੇਸ਼ ਸਰਮਾਏਦਾਰੀ ਪ੍ਰਬੰਧ ਦੇ ਗਲਬੇ ਵਿੱਚੋਂ ਨਿਕਲ ਦੇ ਸਮਾਜਵਾਦੀ ਸੋਚ ਵਾਲੀਆਂ ਸਰਕਾਰਾਂ ਕਾਇਮ ਕਰ ਚੁੱਕੇ ਹਨ ਅਤੇ ਇਹਨਾਂ ਸਰਕਾਰਾਂ ਨੇ ਮਨੁੱਖ ਦੇ ਜੀਵਨ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਵਾਲੇ ਅਦਾਰਿਆਂ ਸਿਹਤ, ਵਿੱਦਿਆ, ਸਾਫ਼ ਪਾਣੀ, ਘਰ, ਬਿਜਲੀ, ਤੇਲ ਆਦਿ ਦਾ ਨਿੱਜੀਕਰਨ ਤੋੜ ਕੇ ਸਰਕਾਰੀਕਰਨ ਕਰ ਦਾ ਦਿੱਤਾ ਹੈ। ਯੂਰਪ ਦਾ ਬਹੁਤ ਹੀ ਮਹੱਤਵਪੂਰਨ ਦੇਸ਼ ਯੂਨਾਨ (ਗਰੀਸ) ਵੀ ਪਿਛਲੇ ਦਿਨਾਂ ਵਿੱਚ ਸਰਮਾਏਦਾਰੀ ਸੋਚ ਦੀ ਵਲਗਣ ਵਿੱਚੋਂ ਨਿਕਲ ਕੇ ਖੱਬੇ-ਪੱਖੀ ਪਾਰਟੀਆਂ ਦੀ ਅਗਵਾਈ ਹੇਠ ਆ ਗਿਆ ਹੈ। ਸਪੇਨ ਦੇ ਲੋਕ ਖੱਬੇ-ਪੱਖੀ ਪਾਰਟੀਆਂ ਦੀ ਰਹਿਨੁਮਾਈ ਹੇਠ ਸਰਮਾਏਦਾਰੀ ਪ੍ਰਬੰਧ ਤੋਂ ਮੁਕਤੀ ਪ੍ਰਾਪਤ ਕਰਨ ਲਈ ਅੰਗੜਾਈਆਂ ਲੈ ਰਹੇ ਹਨ। ਏਸ਼ੀਆ ਵਿੱਚ ਚੀਨ, ਵੀਅਤਨਾਮ, ਕੋਰੀਆ, ਨੇਪਾਲ ਆਦਿ ਦੇਸ਼ਾਂ ਵਿੱਚ ਸਮਾਜਵਾਦੀ ਵਿਚਾਰਾਂ ਦੀ ਪ੍ਰਤੀਨਿਧਤਾ ਹੈ।\r\nਉਨ੍ਹਾ ਕਿਹਾ ਕਿ ਕਮਿਊਨਿਸਟਾਂ ਨੂੰ ਵਿਚਾਰਾਂ ਵਿੱਚ ਪਰਪੱਕਤਾ ਲਿਆਉਣ ਲਈ ਸਿਧਾਂਤਕ ਕੈਂਪ ਆਯੋਜਿਤ ਕਰਨੇ ਚਾਹੀਦੇ ਹਨ। ਇਸ ਕਾਨਫ਼ਰੰਸ ਵਿੱਚ ਫ਼ੈਸਲਾ ਕੀਤਾ ਗਿਆ ਕਿ ਪਾਰਟੀ ਨਾਲ ਸੰਬੰਧਤ ਜਨਤਕ ਜਥੇਬੰਦੀਆਂ ਸਰਬ ਭਾਰਤ ਨੌਜਵਾਨ ਸਭਾ, ਕਿਸਾਨ ਸਭਾ, ਖੇਤ ਮਜ਼ਦੂਰ ਸਭਾ, ਇਸਤਰੀ ਸਭਾ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਏਟਕ ਨੂੰ ਮਜ਼ਬੂਤ ਕੀਤਾ ਜਾਵੇਗਾ। ਸੀ ਪੀ ਆਈ ਦੀ ਮੈਂਬਰਸ਼ਿਪ ਅਤੇ ਪਿੰਡਾਂ ਵਿੱਚ ਨਵੀਂਆਂ ਬਰਾਂਚਾਂ ਸਥਾਪਤ ਕੀਤੀਆਂ ਜਾਣਗੀਆਂ। ਅੰਤ ਵਿੱਚ ਜ਼ਿਲ੍ਹੇ ਭਰ ਵਿੱਚੋਂ ਆਏ ਡੈਲੀਗੇਟਾਂ ਨੇ 51 ਮੈਂਬਰੀ ਕੌਂਸਲ ਅਤੇ 15 ਮੈਂਬਰੀ ਜ਼ਿਲ੍ਹਾ ਕਾਰਜਕਾਰਨੀ ਚੁਣੀ। ਤਾਰਾ ਸਿੰਘ ਖਹਿਰਾ ਨੂੰ ਜ਼ਿਲ੍ਹਾ ਸਕੱਤਰ ਅਤੇ ਮੀਤ ਸਕੱਤਰ ਦਵਿੰਦਰ ਸੋਹਲ ਅਤੇ ਕਿਰਨਬੀਰ ਕੌਰ ਵਲਟੋਹਾ ਨੂੰ ਸਰਬ-ਸੰਮਤੀ ਨਾਲ ਚੁਣ ਲਿਆ ਗਿਆ।

971 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper