Latest News
ਈਡੀਅਟ ਕਲੱਬ ਵੱਲੋਂ ਜਸਪਾਲ ਭੱਟੀ ਐਵਾਰਡ ਸਮਾਰੋਹ
ਈਡੀਅਟ ਕਲੱਬ ਵੱਲੋਂ ਤੀਸਰੇ ਜਸਪਾਲ ਭੱਟੀ ਐਵਾਰਡ ਸਮਾਰੋਹ ਦਾ ਆਯੋਜਨ ਅਲਫਾਵਨ ਵਿਖੇ ਕੀਤਾ ਗਿਆ। ਕਲੱਬ ਦੇ ਪ੍ਰਧਾਨ ਅਤੇ ਫਿਲਮੀ ਕਲਾਕਾਰ ਰਾਜਿੰਦਰ ਰਿਖੀ ਅਤੇ ਧਵਨੀ ਮਹਿਰਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਐਵਾਰਡ ਸਮਾਰੋਹ ਵਿਚ ਦੂਰਦਰਸ਼ਨ ਜਲੰਧਰ ਦੇ ਕਲਾਕਾਰ ਸੁਖਬੀਰ ਸਿੰਘ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਬਾਲੀਵੁੱਡ ਸਟਾਰ ਮੰਗਲ ਢਿੱਲੋਂ ਨੂੰ ਆਊਟ ਸਟੈਂਡਿੰਗ ਅਚੀਵਮੈਂਟਸ ਐਵਾਰਡ ਨਾਲ ਨਿਵਾਜਿਆ ਗਿਆ। ਪੰਜਾਬੀ ਗਾਇਕ ਨਛੱਤਰ ਗਿੱਲ, ਸੂਫੀ ਗਾਇਕ ਜੋੜੀ ਸੰਨੀ ਸਲੀਮ ਅਤੇ ਹਿਨਾ ਡੀ ਸਿੰਘਲ ਨੂੰ ਸੁਰਾਂ ਦਾ ਬਾਦਸ਼ਾਹ ਐਵਾਰਡ ਦਿਤਾ ਗਿਆ। ਪੀ ਟੀ ਸੀ ਚੈਨਲ \'ਤੇ ਚੱਲਣ ਵਾਲੇ ਲਾਫਟਰ ਦਾ ਮਾਸਟਰ ਪ੍ਰੋਗਰਾਮ ਦੇ ਸੱਤੀ ਸੈਂਬੀ, ਸਲੋਨੀ ਸਰੀਨ, ਕੰਵਲ ਰਣਦੇਅ, ਲਹਿਰੀ ਲਖਬੀਰ ਅਤੇ ਮਿੰਟੋ ਨੂੰ ਮਸਖਰੇ ਪੰਜਾਬ ਦੇ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਜੀਤ ਮਹਿੰਦਰੂ ਦੀ ਯੋਗ ਨਿਰਦੇਸ਼ਨਾ ਹੇਠ ਤਿਆਰ ਫਿਲਮ ਕੁਦੇਸ਼ਣ ਦੀ ਟੀਮ ਵੀ ਇਸ ਮੌਕੇ ਹਾਜ਼ਰ ਸੀ। ਇਸ ਫਿਲਮ ਵਿਚ ਸੁਖਬੀਰ ਸਿੰਘ ਨੇ ਮੁੱਖ ਭੂਮਿਕਾ ਨਿਭਾਈ ਹੈ। ਬਾਲੀਵੁੱਡ ਸਟਾਰ ਮੰਗਲ ਢਿੱਲੋਂ ਨੇ ਕਿਹਾ ਕਿ ਹੱਸਣਾ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਅੱਜ ਦੀ ਟੈਨਸ਼ਨਾਂ ਭਰੀ ਜ਼ਿੰਦਗੀ ਵਿਚ ਕਿਸੇ ਨੂੰ ਕੁਝ ਪਲ ਲਈ ਹਸਾਉਣ ਲਈ ਸਾਡੇ ਨੌਜਵਾਨ ਕਮੇਡੀ ਕਲਾਕਾਰ ਜੋ ਰੋਲ ਅਦਾ ਕਰ ਰਹੇ ਹਨ, ਉਹ ਕਾਬਲੇ ਤਾਰੀਫ ਹੈ। ਉਹਨਾਂ ਕਿਹਾ ਕਿ ਈਡੀਅਟ ਕਲੱਬ ਵੱਲੋਂ ਜਸਪਾਲ ਭੱਟੀ ਦੀ ਯਾਦ ਨੂੰ ਸਮਰਪਿਤ ਸ਼ੁਰੂ ਕੀਤੇ ਗਏ ਇਹਨਾਂ ਐਵਾਰਡਾਂ ਲਈ ਕਲੱਬ ਦੇ ਪ੍ਰਧਾਨ ਰਾਜਿੰਦਰ ਰਿਖੀ ਅਤੇ ਉਹਨਾਂ ਦੀ ਟੀਮ ਵਧਾਈ ਦੀ ਪਾਤਰ ਹੈ। ਇਸ ਐਵਾਰਡ ਸਮਾਰੋਹ ਵਿਚ ਕਮੇਡੀ ਕਲਾਕਾਰਾਂ ਟੋਚਨ ਹੀਲਾ, ਧੀਰਜ ਅਤੇ ਮਸਖਰੇ ਪੰਜਾਬ ਦੇ ਐਵਾਰਡ ਪ੍ਰਾਪਤ ਕਰਨ ਵਾਲੇ ਸਾਰੇ ਕਮੇਡੀਅਨਾਂ ਨੇ ਹਸਾ-ਹਸਾ ਕੇ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾ ਛੱਡੀਆਂ। ਇਸ ਮੌਕੇ ਸਪਤਾਹਿਕ ਅਖਬਾਰ ਦਿਵਯ ਪੰਜਾਬ ਦੀ ਘੁੰਡ ਚੁਕਾਈ ਵੀ ਕੀਤੀ ਗਈ। ਭਾਰੀ ਬਾਰਿਸ਼ ਦੇ ਬਾਵਜੂਦ ਵੀ ਜਸਪਾਲ ਭੱਟੀ ਸਾਹਿਬ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਭਾਰੀ ਇਕੱਠ ਪ੍ਰੋਗਰਾਮ ਵਿਚ ਹਾਜ਼ਰ ਸੀ। ਜਸਪਾਲ ਭੱਟੀ ਦੇ ਪੁੱਤਰ ਜਸਰਾਜ ਭੱਟੀ ਅਤੇ ਨੂੰਹ ਸੁਰੀਲੀ ਗੌਤਮ ਨੇ ਇਸ ਸਮਾਰੋਹ ਵਿਚ ਵਿਸ਼ੇਸ਼ ਤੌਰ \'ਤੇ ਸ਼ਿਰਕਤ ਕੀਤੀ। ਜਸਰਾਜ ਭੱਟੀ ਨੇ ਇਸ ਮੌਕੇ ਬੋਲਦੇ ਹੋਏ ਕਿਹਾ ਕਿ ਜਿਉਂਦੇ ਜੀਅ ਤਾਂ ਹਰ ਕੋਈ ਵਿਅਕਤੀ ਕਿਸੇ ਨਾਲ ਪਿਆਰ ਕਰਦਾ ਹੈ, ਉਸਦੇ ਅੱਗੇ-ਪਿੱਛੇ ਘੁੰਮਦਾ ਹੈ, ਪਰ ਉਸੇ ਆਦਮੀ ਦੇ ਇਸ ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਜੇਕਰ ਕੋਈ ਉਸਨੂੰ ਯਾਦ ਰੱਖਦਾ ਹੈ ਤਾਂ ਅਸਲੀ ਪਿਆਰ ਇਹ ਹੀ ਹੁੰਦਾ ਹੈ। ਜਸਪਾਲ ਭੱਟੀ ਦੇ ਜਨਮ ਦਿਨ ਨੂੰ ਸਮਰਪਿਤ ਇਸ ਐਵਾਰਡ ਸਮਾਰੋਹ ਦੌਰਾਨ ਕੇਕ ਕੱਟ ਕੇ ਉਨ੍ਹਾਂ ਦਾ ਜਨਮ ਦਿਨ ਮਨਾਇਆ ਗਿਆ। ਕਲੱਬ ਦੇ ਮੀਤ ਪ੍ਰਧਾਨ ਕੇ.ਐਸ.ਪਾਰਸ ਨੇ ਆਏ ਹੋਏ ਸਾਰੇ ਹੀ ਕਲਾਕਾਰਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ।

1036 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper