ਨੈਸ਼ਨਲ ਹਾਈਵੇ 15 \'ਤੇ ਵੱਸੇ ਮਖ਼ੂ ਸ਼ਹਿਰ ਵਿਚਲੇ ਰੇਲਵੇ ਫ਼ਾਟਕ ਨੂੰ ਟਰੱਕ ਚਾਲਕ ਵੱਲੋਂ ਤੋੜ ਦੇਣ ਕਾਰਨ ਸਾਰਾ ਦਿਨ ਭਾਰੀ ਜਾਮ ਲੱਗਾ ਰਿਹਾ ਅਤੇ ਲੱਗੇ ਜਾਮ ਵਿੱਚ ਫ਼ਸੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੌਕੇ \'ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਜ਼ੀਰਾ ਮੋੜ ਤੋਂ ਲੰਘਦੀ ਨੈਸ਼ਨਲ ਹਾਈਵੇ-15 ਉਪਰ ਪਿਛਲੇ ਇੱਕ ਹਫ਼ਤੇ ਤੋਂ ਰੋਜ਼ਾਨਾ ਲੱਗਦੇ ਜਾਮ ਕਾਰਨ ਸਵੇਰ ਤੋਂ ਸ਼ਾਮ ਤੱਕ ਹਫ਼ਰਾ-ਤਫ਼ਰੀ ਦਾ ਮਾਹੌਲ ਬਣਿਆ ਰਹਿੰਦਾ ਹੈ, ਜਿਸ ਕਾਰਨ ਵਾਹਨ ਚਾਲਕ ਵੱਲੋਂ ਕੀਤੀ ਕਾਹਲੀ ਕਾਰਨ ਤਕਰੀਬਨ ਰੋਜ਼ਾਨਾ ਹੀ ਹਾਦਸੇ ਵਾਪਰ ਰਹੇ ਹਨ। ਇਸੇ ਕੜੀ ਦੇ ਚੱਲਦਿਆਂ ਬੀਤੇ ਦਿਨ ਟਰੱਕ ਡਰਾਈਵਰ ਵਲੋਂ ਕੀਤੀ ਕਾਹਲੀ ਰੇਲਵੇ ਫਾਟਕ ਟੁੱਟਣ ਦਾ ਕਰਾਮ ਬਣੀ ਗਈ। \r\nਇਸ ਸੰਬੰਧੀ ਰੇਲਵੇ ਗੇਟਮੈਨ ਅਵਿਨਾਸ਼ ਸਕਸੈਨਾ ਨੇ ਦੱਸਿਆ ਕਿ ਰੇਲ ਗੱਡੀ ਦਾ ਸਮਾਂ ਹੋਣ ਕਾਰਨ ਸਵੇਰੇ 10.06 ਵਜੇ ਫ਼ਾਟਕ ਬੰਦ ਕੀਤਾ ਜਾ ਰਿਹਾ ਸੀ ਅਤੇ ਲਗਾਤਾਰ ਆਟੋ ਮੈਟਿਕ ਹੂਟਰ ਵੱਜਣ ਦੇ ਬਾਵਜੂਦ ਟਰੱਕ ਨੰ:ਪੀ.ਬੀ.03 ਐਲ.9481 ਦੇ ਚਾਲਕ ਨੇ ਕਾਹਲੀ ਨਾਲ ਆਪਣਾ ਵਾਹਨ ਫ਼ਾਟਕ ਵਿੱਚ ਲਿਆ ਮਾਰਿਆ, ਜਿਸ ਕਾਰਨ ਸਵੇਰੇ ਦਸ ਵਜੇ ਤੋਂ ਸ਼ਾਮ ਤੱਕ ਕੌਮੀ ਸ਼ਾਹ-ਰਾਹ-15 \'ਤੇ ਮੀਲਾਂ ਲੰਮਾ ਜਾਮ ਲੱਗਿਆ ਰਿਹਾ ਅਤੇ ਫ਼ਾਟਕ ਦੀ ਮੁਰੰਮਤ ਦੇ ਚੱਲਦੇ ਪੈ ਰਹੇ ਮੀਂਹ ਵਿੱਚ ਸਾਰਾ ਦਿਨ ਜਾਮ ਵਿੱਚ ਫ਼ਸੇ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਧਰ ਇਸ ਸੰਬੰਧੀ ਰੇਲਵੇ ਪੁਲਸ ਥਾਣਾ ਫ਼ਿਰੋਜ਼ਪੁਰ ਵਿਖੇ ਉਕਤ ਟਰੱਕ ਚਾਲਕ ਖ਼ਿਲਾਫ਼ ਸਹਾਇਕ ਥਾਣੇਦਾਰ ਸੁਖ਼ਵਿੰਦਰ ਸਿੰਘ ਇੰਚਾਰਜ ਰੇਲਵੇ ਪੁਲਸ ਚੌਕੀ ਮਖ਼ੂ ਵੱਲੋਂ ਰੇਲਵੇ ਐਕਟ ਅਤੇ ਆਈ.ਪੀ.ਸੀ. ਦੀਆਂ ਵੱਖ਼-ਵੱਖ਼ ਧਾਰਾਵਾਂ ਤਹਿਤ ਮੁਕੱਦਮਾ ਨੰ:12 ਦਰਜ ਕਰਕੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।\r\nਇਥੇ ਜ਼ਿਕਰਯੋਗ ਇਹ ਵੀ ਹੈ ਕਿ ਅਖ਼ਬਾਰਾਂ ਵਿੱਚ ਲਗਾਤਾਰ ਖ਼ਬਰਾਂ ਲੱਗਣ ਦੇ ਬਾਵਜੂਦ ਵੀ ਭੀੜ ਭਾੜ ਵਾਲੀ ਇਸ ਸੜਕ ਉਪਰ ਆਵਾਜਾਈ ਨੂੰ ਕੰਟਰੋਲ ਕਰਨ ਲਈ ਕੋਈ ਵੀ ਟ੍ਰੈਫ਼ਿਕ ਕਰਮਚਾਰੀ ਤਾਇਨਾਤ ਨਹੀਂ ਹੁੰਦਾ, ਜਿਸ ਕਾਰਨ ਨਿੱਤ ਹੁੰਦੇ ਹਾਦਸਿਆਂ ਦੇ ਚੱਲਦੇ ਵਾਹਨ ਚਾਲਕਾਂ ਵਿਚਕਾਰ ਆਮ ਹੀ ਲੜਾਈ ਝਗੜੇ ਵੀ ਹੁੰਦੇ ਰਹਿੰਦੇ ਹਨ, ਪਰ ਪ੍ਰਸ਼ਾਸਨ ਵੱਲੋਂ ਜਲਦੀ ਹੀ ਨੈਸ਼ਨਲ ਹਾਈਵੇ-15 ਦੇ ਬਠਿੰਡਾ ਤੋਂ ਅੰਮ੍ਰਿਤਸਰ ਤੱਕ ਫ਼ੋਰ-ਲੇਨ ਹੋਣ ਦੀ ਦਲੀਲ ਦੇ ਕੇ ਡੰਗ ਟਪਾਈ ਕੀਤੀ ਜਾ ਰਹੀ ਹੈ।