ਗਊਸ਼ਾਲਾ ਕਮੇਟੀ ਕੋਲ 73 ਕਿਲੇ ਜ਼ਮੀਨ, ਫਿਰ ਵੀ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਤੋਂ ਵੱਟ ਰਹੀ ਪਾਸਾ
ਰਾਤ ਦੇ ਹਨੇਰੇ ਵਿੱਚ ਅਵਾਰਾ ਪਸ਼ੂਆਂ ਵੱਲੋਂ ਮੁੱਖ ਸੜਕਾਂ ਅਤੇ ਗਲੀਆਂ ਵਿੱਚ ਫਿਰਨ ਕਰਕੇ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਲ ਹੋਇਆ ਹੈ। ਅਵਾਰਾ ਪਸ਼ੂ ਹਰ ਸੜਕ ਅਤੇ ਹਰ ਗਲੀ ਵਿੱਚ ਫਿਰਦੇ ਨਜ਼ਰ ਆਉਂਦੇ ਹਨ ਅਤੇ ਰਾਤ ਸਮੇਂ ਭਿਆਨਕ ਹਾਦਸਿਆਂ ਦਾ ਕਾਰਨ ਬਣਦੇ ਹਨ, ਪਰ ਇਹਨਾਂ ਪਸ਼ੂਆਂ ਨੂੰ ਸੰਭਾਲਣ ਲਈ ਕੋਈ ਗਊਸ਼ਾਲਾ ਕਮੇਟੀ ਅਤੇ ਪ੍ਰਸ਼ਾਸਨ ਮੁੱਢਲਾ ਫਰਜ਼ ਨਹੀਂ ਸਮਝ ਰਿਹਾ। ਜ਼ਿਕਰਯੋਗ ਹੈ ਕਿ ਸਥਾਨਕ ਗਊਸ਼ਾਲਾ ਕਮੇਟੀ ਕੋਲ 73 ਕਿਲੇ ਜ਼ਮੀਨ ਹੈ, ਜੋ ਸਿੱਖਾਂ ਵਾਲਾ ਰੋਡ \'ਤੇ 35 ਕਿਲੇ, ਸੰਧਵਾਂ 23 ਕਿਲੇ, ਦੇਵੀ ਵਾਲਾ ਰੋਡ 4 ਕਿਲੇ ਅਤੇ ਇਸ ਤੋਂ ਇਲਾਵਾ 11 ਕਿਲੇ ਜ਼ਮੀਨ ਹੋਰ ਹੈ, ਜਿਸ ਨੂੰ ਉਹ ਹਰ ਸਾਲ ਠੇਕੇ \'ਤੇ ਦੇ ਕੇ ਚੰਗੀ ਆਮਦਨ ਵਸੂਲ ਕਰ ਰਹੇ ਹਨ, ਪਰ ਜੇਕਰ ਉਹਨਾਂ ਨੂੰ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਪੁੱਛਿਆ ਜਾਂਦਾ ਹੈ ਤਾਂ ਉਹ ਸਰਕਾਰ ਅਤੇ ਕਿਸਾਨਾਂ ਤੋਂ ਸਹਾਇਤਾ ਦੀ ਮੰਗ ਕਰਦੇ ਹਨ। ਜੇਕਰ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਹੱਲ ਕੱਢਣ ਤਾਂ ਅਸਾਨੀ ਨਾਲ ਹੱਲ ਕੱਢਿਆ ਜਾ ਸਕਦਾ ਹੈ। ਸ਼ਹਿਰ ਦੇ ਸਮਾਜ ਸੇਵੀ ਪ੍ਰੋ: ਹਰਬੰਸ ਸਿੰਘ ਪਦਮ ਨੇ ਕਿਹਾ ਕਿ ਜੇਕਰ ਕਮੇਟੀ ਕੋਲ ਚੰਗੀ ਜ਼ਮੀਨ ਹੈ ਤਾਂ ਕੋਈ ਮੁਸ਼ਕਿਲ ਨਹੀਂ ਆਉਣੀ ਚਾਹੀਦੀ, ਕਿਉਂਕਿ ਜ਼ਮੀਨ ਦੇ ਕੁਝ ਹਿੱਸੇ ਵਿੱਚ ਅਵਾਰਾ ਪਸ਼ੂਆਂ ਲਈ ਜਗ੍ਹਾ ਬਣਾਈ ਜਾ ਸਕਦੀ ਹੈ, ਪਿੰਡਾ ਦੀਆਂ ਕਮੇਟੀਆਂ ਤੋਂ ਚਾਰਾ ਵੀ ਲਿਆ ਜਾ ਸਕਦਾ ਹੈ। ਗਊਸ਼ਾਲਾ ਕਮੇਟੀ ਦਾ ਇਹ ਨੈਤਿਕ ਫਰਜ਼ ਬਣਦਾ ਹੈ ਕਿ ਉਹ ਇਸ ਅਹਿਮ ਮਸਲੇ ਤੋਂ ਲੋਕਾਂ ਨੂੰ ਨਿਜਾਤ ਦਿਵਾਏ। ਐਡਵੋਕੇਟ ਗੁਰਬੀਰ ਸਿੰਘ ਸੰਧੂ ਨੇ ਕਿਹਾ ਕਿ ਗਊਸ਼ਾਲਾ ਕਮੇਟੀ ਦੀ ਮੈਨੇਜਮੈਂਟ ਦੀ ਕਮੀ ਹੈ। ਪਤਾ ਲੱਗਿਆ ਹੈ ਕਿ ਗਊਸ਼ਾਲਾ ਵੱਲੋਂ ਦੁੱਧ ਵਾਲੀਆਂ ਗਊਆਂ ਹੀ ਰੱਖੀਆਂ ਜਾਂਦੀਆਂ ਹਨ, ਜਿਨ੍ਹਾਂ ਦਾ ਦੁੱਧ ਵੀ ਉਹ ਵੇਚ ਰਹੇ ਹਨ। ਜੇਕਰ ਕੁਝ ਜ਼ਮੀਨ ਦੇ ਕਿਲੇ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਰੱਖ ਲਏ ਜਾਣ ਮਸਲੇ ਨੂੰ ਆਸਾਨੀ ਨਾਲ ਹੱਲ ਕੀਤਾ ਜਾ ਸਕਦਾ ਹੈ। ਸਮਾਜਸੇਵੀ ਹਰਿੰਦਰ ਸਿੰਘ ਅਹੂਜਾ ਨੇ ਕਿਹਾ ਕਿ ਅਣਗਿਣਤ ਲੋਕ ਗਊਸ਼ਾਲਾ ਦੇ ਬਾਹਰ ਮੁੱਲ ਚਾਰਾ ਲੈ ਕੇ ਗਊਆਂ ਨੂੰ ਪਾਉਂਦੇ ਹਨ, ਜਿਸ ਕਾਰਨ ਮੁਫਤ ਵਿੱਚ ਕਮੇਟੀ ਨੂੰ ਚਾਰਾ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਇੰਨੀ ਜ਼ਮੀਨ ਹੋਣ ਅਤੇ ਹਰ ਸਾਲ ਜ਼ਮੀਨ ਦਾ ਠੇਕਾ ਆਉਣ ਕਰਕੇ ਗਊਸ਼ਾਲਾ ਕਮੇਟੀ ਵੱਲੋਂ ਇਸ ਅਹਿਮ ਮਸਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।ਸਮਾਜਸੇਵੀ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਗਊਸ਼ਾਲਾ ਕਮੇਟੀ ਦਾ ਇਹ ਮੁੱਖ ਕੰਮ ਹੈ ਕਿ ਸਾਰੇ ਪਸ਼ੂਆਂ ਨੂੰ ਸੰਭਾਲੇ, ਭੁੱਖ-ਪਿਆਸ ਨਾਲ ਮਰ ਰਹੀਆਂ ਗਊਆਂ ਦੀ ਗਊਸ਼ਾਲਾ ਕਮੇਟੀ ਵੱਲੋਂ ਅਣਦੇਖੀ ਕੀਤੀ ਜਾ ਰਹੀ ਹੈ।ਇਸ ਸੰਬੰਧੀ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਚਦੇਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕਮੇਟੀ ਜਲਦੀ ਹੀ ਇਸ ਮਸਲੇ ਦਾ ਹੱਲ ਕਰਨ ਵਾਲੀ ਹੈ।ਇਸ ਸੰਬੰਧੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੁਹੰਮਦ ਤਾਇਅਬ ਨਾਲ ਗੱਲਬਾਤ ਕੀਤੀ ਗਈ। ਉਹਨਾਂ ਕਿਹਾ ਕਿ ਉਹ ਐੱਸ.ਡੀ.ਐੱਮ ਦੀ ਡਿਊਟੀ ਲਗਾ ਰਹੇ ਹਨ, ਜਿਸ ਨਾਲ ਇਹ ਅਵਾਰਾ ਪਸ਼ੂਆਂ ਦੇ ਮਸਲੇ ਦਾ ਹੱਲ ਕੀਤਾ ਜਾਵੇਗਾ।