Latest News
ਖੱਬੇ ਪੱਖੀ ਮਜ਼ਦੂਰ ਜੱਥੇਬੰਦੀਆਂ ਵੱਲੋਂ ਪ੍ਰਸ਼ਾਸਨ ਖਿਲਾਫ ਧਰਨਾ ਤੇ ਜਾਮ
ਵੀਰਵਾਰ ਤੀਜੇ ਦਿਨ ਜ਼ਿਲ੍ਹੇ ਦੀਆਂ ਤਿੰਨ ਖੱਬੇ ਪੱਖੀ ਮਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ, ਮਜ਼ਦੂਰ ਮੁਕਤੀ ਮੋਰਚਾ ਅਤੇ ਦਿਹਾਤੀ ਮਜ਼ਦੂਰ ਸਭਾ, ਮਜ਼ਦੂਰ ਜੱਥੇਬੰਦੀਆਂ ਦੀ ਅਗਵਾਈ ਹੇਠ ਮੁੱਖ ਤੌਰ \'ਤੇ ਤਿੰਨ ਮਜ਼ਦੂਰ ਮੰਗਾਂ ਦੀ ਪੂਰਤੀ ਲਈ ਸਥਾਨਕ ਡੀ ਸੀ ਕੰਪਲੈਕਸ ਅੱਗੇ ਧਰਨਾ ਲਗਾਉਣ ਤੋਂ ਰੋਕਣ ਦੇ ਰੋਹ ਵਜੋਂ ਮਜ਼ਦੂਰਾਂ ਨੇ ਕੰਪਲੈਕਸ ਅੱਗੇ ਸੜਕ \'ਤੇ ਹੀ ਧਰਨਾ ਲਗਾ ਦਿੱਤਾ ਅਤੇ ਡਿਪਟੀ ਕਮਿਸ਼ਨਰ ਬਰਨਾਲਾ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਸਥਾਨਕ ਪੁਲਸ ਨੂੰ ਟਰੈਫਿਕ ਦੇ ਜਾਮ ਦੀ ਸਥਿੱਤੀ ਨੂੰ ਨਜਿੱਠਣ ਲਈ ਤੁਰੰਤ ਬਦਲਵੇਂ ਪ੍ਰਬੰਧ ਕਰਨੇ ਪਏ। ਮਜ਼ਦੂਰ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ 19 ਤਰੀਕ ਨੂੰ ਵਿਧਾਨ ਸਭਾ ਦਾ ਘੇਰਾਓ ਕਰਨਗੇ ਅਤੇ ਪਿੰਡਾਂ ਅੰਦਰ ਡੀ ਸੀ ਦੇ ਪੁਤਲੇ ਫੂਕੇ ਜਾਣਗੇ।\r\nਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੰਘੇਂ ਸਮੇਂ ਪ੍ਰਸ਼ਾਸਨਿਕ ਦਫ਼ਤਰਾਂ ਅੱਗੇ ਦਿੱਤੇ ਧਰਨਿਆਂ ਉਪਰੰਤ ਕੀਤੀਆਂ ਮੀਟਿੰਗਾਂ ਵਿੱਚ ਮਨਰੇਗਾ ਮਜ਼ਦੂਰਾਂ ਦੇ ਕੀਤੇ ਕੰਮ ਦੇ ਬਕਾਇਆ ਪੈਸੇ ਤੁਰੰਤ ਦੇਣ, ਮਜ਼ਦੂਰਾਂ ਲਈ ਪੰਜ-ਪੰਜ ਮਰਲੇ ਦੇ ਰਿਹਾਇਸ਼ੀ ਪਲਾਟਾਂ ਲਈ ਜਗ੍ਹਾ ਹਿੱਤ ਪੰਚਾਇਤੀ ਮਤੇ ਪਵਾਉਣ ਅਤੇ ਹਲਕਾ ਮਹਿਲ ਕਲਾਂ ਤੇ ਭਦੌੜ ਅਧੀਨ ਆਉਂਦੇ ਦਰਜਨਾਂ ਪਿੰਡਾਂ ਵਿੱਚ ਡਿੱਪੂਆਂ ਵੱਲੋਂ ਪਿਛਲੇ ਤਕਰੀਬਨ 6 ਮਹੀਨਿਆਂ ਦਾ ਕਣਕ ਦਾ ਕੋਟਾ ਵੰਡਾਉਣਾ ਯਕੀਨੀ ਬਣਾਉਣ ਦੇ ਦਿੱਤੇ ਭਰੋਸੇ ਦੇ ਬਾਵਜੂਦ ਅਜੇ ਤੱਕ ਕਿਸੇ ਵੀ ਮੰਗ ਦੀ ਪੂਰਤੀ ਨਾ ਹੋਣ ਦੇ ਰੋਸ ਵਜੋਂ ਲਗਾਤਾਰ ਮੋਰਚਾ ਲਗਾਉਣ ਲਈ ਮਜ਼ਬੂਰ ਹਨ। ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਆਗੂ ਖੁਸ਼ੀਆ ਸਿੰਘ ਤੇ ਜੁਗਰਾਜ ਸਿੰਘ ਨੇ ਕਿਹਾ ਕਿ ਉਪਰੋਕਤ ਮੰਗਾਂ ਪ੍ਰਸ਼ਾਸਨ ਵੱਲੋਂ ਅਮਲ ਵਿੱਚ ਨਾ ਲਿਆਂਦੇ ਜਾਣ ਸਦਕਾ ਪਹਿਲਾਂ ਹੀ ਸਮਾਜ ਦੇ ਸਭ ਤੋਂ ਹੇਠਲੇ ਪੱਧਰ \'ਤੇ ਮੰਦੀਆਂ ਹਾਲਤਾਂ \'ਚ ਜਿਊਣ ਲਈ ਮਜ਼ਬੂਰ ਮਜ਼ਦੂਰ ਵਰਗ ਦਾ ਜਿਊਣਾ ਹੋਰ ਵੀ ਦੁੱਭਰ ਹੋ ਗਿਆ ਹੈ। ਉਨ੍ਹਾਂ ਨਰੇਗਾ ਐਕਟ ਮੁਤਾਬਕ ਪੂਰਾ ਕੰਮ/ਸਹੂਲਤਾਂ ਦੇਣ ਦੀ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਅਪੀਲ ਕਰਦਿਆਂ ਕੇਂਦਰੀ ਸਰਕਾਰ ਤੋਂ ਨਰੇਗਾ ਮਜ਼ਦੂਰਾਂ ਨੂੰ ਸਾਰਾ ਸਾਲ ਕੰਮ ਯਕੀਨੀ ਬਣਾਉਣ ਦਾ ਵੀ ਸੱਦਾ ਦਿੱਤਾ। ਮਜ਼ਦੂਰ ਮੁਕਤੀ ਮੋਰਚਾ ਦੇ ਗੁਰਪ੍ਰੀਤ ਸਿੰਘ ਨੇ ਸੂਬਾ ਸਰਕਾਰ ਦੇ ਵਿੱਤ ਕਮਿਸ਼ਨਰ ਵੱਲੋਂ ਮਜ਼ਦੂਰਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਸਬੰਧੀ ਜਾਰੀ ਪੱਤਰ \'ਤੇ ਅਮਲ ਯਕੀਨੀ ਬਣਾਉਣ ਲਈ ਕਿਹਾ।\r\nਦਿਹਾਤੀ ਮਜ਼ਦੂਰ ਸਭਾ ਦੇ ਭੋਲਾ ਸਿੰਘ ਕਲਾਲਮਾਜ਼ਰਾ ਨੇ ਜ਼ਿਲ੍ਹਾ ਫੂਡ ਤੇ ਸਪਲਾਈ ਕੰਟਰੋਲਰ ਵੱਲੋਂ ਨੈਸ਼ਨਲ ਫੂਡ ਸਕਿਊਰਟੀ ਐਕਟ ਨੂੰ ਜਾਣਬੁੱਝ ਕੇ ਹੇਠਲੇ ਪੱਧਰ ਤੱਕ ਲਾਗੂ ਨਾ ਕਰਵਾ ਕੇ ਗਰੀਬਾਂ ਨੂੰ ਘੱਟੋ-ਘੱਟ ਭੋਜਨ/ਅਨਾਜ਼ ਦੇ ਹੱਕ ਤੋਂ ਡਿਪੂ ਮਾਲਕਾਂ ਨਾਲ ਮਿਲੀ ਭੁਗਤ ਕਰਕੋਂ ਵਾਂਝਾ ਰੱਖਿਆ ਜਾ ਰਿਹਾ ਹੈ। ਆਗੂਆਂ ਚਿਤਾਵਨੀ ਵੀ ਦਿੱਤੀ ਕਿ ਮਜ਼ਦੂਰ ਮੰਗਾਂ ਸੰਬੰਧੀ ਉਹ 19 ਤਰੀਕ ਨੂੰ ਵਿਧਾਨ ਸਭਾ ਦਾ ਘੇਰਾਓ ਕਰਨਗੇ।\r\nਇਸ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਅੰਦਰ ਡੀ ਸੀ ਬਰਨਾਲਾ ਦੇ ਪੁਤਲੇ ਫੂਕੇ ਜਾਣਗੇ। ਇਸ ਮੌਕੇ ਉਨ੍ਹਾਂ ਡੀ ਸੀ ਬਰਨਾਲਾ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਤੇ ਸੂਬਾ ਸਰਕਾਰ ਖਿਲਾਫ ਰੋਹ ਭਰਪੂਰ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਭਾਨ ਸਿੰਘ ਸੰਘੇੜਾ, ਕਰਨੈਲ ਸਿੰਘ ਠੀਕਰੀਵਾਲਾ, ਬਘੇਲ ਸਿੰਘ ਸਹਿਜੜਾ, ਗੁਰਮੀਤ ਕੌਰ ਕਾਹਨੇਕੇ, ਪਰਮਜੀਤ ਕੌਰ ਅਤੇ ਕੁਲਦੀਪ ਕੌਰ ਆਦਿ ਮਜ਼ਦੂਰ ਆਗੂਆਂ ਨੇ ਵੀ ਸੰਬੋਧਨ ਕੀਤਾ।

1272 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper