Latest News
ਪੰਜਾਬ ਨੂੰ ਨਸ਼ਿਆਂ ਲਈ ਬਦਨਾਮ ਕੀਤਾ ਜਾ ਰਿਹੈ : ਸੋਲੰਕੀ
By ਜਲੰਧਰ (ਸ਼ੈਲੀ ਐਲਬਰਟ)

Published on 23 Mar, 2015 12:14 AM.

ਪੰਜਾਬ ਅਤੇ ਹਰਿਆਣਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ ਨੇ ਅੱਜ ਇਥੇ ਪੰਜਾਬ ਕੇਸਰੀ ਗਰੁੱਪ ਵਲੋਂ ਆਯੋਜਿਤ 111ਵੇਂ ਸ਼ਹੀਦ ਪਰਵਾਰ ਫ਼ੰਡ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਦੇ ਤੌਰ 'ਤੇ ਜਿੰਨਾ ਬਦਨਾਮ ਕੀਤਾ ਜਾ ਰਿਹਾ ਹੈ, ਹਕੀਕਤ ਵਿਚ ਅਜਿਹਾ ਕੁਝ ਨਜ਼ਰ ਨਹੀਂ ਆ ਰਿਹਾ। ਉਨ੍ਹਾ ਕਿਹਾ ਕਿ ਪੰਜਾਬ ਨੂੰ ਇਸ ਤਰ੍ਹਾ ਨਸ਼ਿਆਂ ਸੰਬੰਧੀ ਕਿਉਂ ਬਦਨਾਮ ਕੀਤਾ ਜਾ ਰਿਹਾ ਹੈ, ਇਸ ਸੰਬੰਧੀ ਡੂੰਘੀ ਸੋਚ-ਵਿਚਾਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਸ ਦੇਸ਼ ਨੇ ਸਾਨੂੰ ਸਭ ਕੁਝ ਦਿੱਤਾ ਹੈ, ਸਾਨੂੰ ਵੀ ਉਸ ਲਈ ਸਮਰਪਿਤ ਹੋਣਾ ਚਾਹੀਦਾ ਹੈ। ਭਾਰਤ ਇਕ ਅਜਿਹਾ ਦੇਸ਼ ਹੈ, ਜਿਥੇ ਗੁਰੂਆਂ-ਪੀਰਾਂ ਨੇ ਜਨਮ ਲਿਆ ਹੈ ਅਤੇ ਧਾਰਿਮਕ ਅਤੇ ਸਦਭਾਵਨਾ ਦੇ ਖੇਤਰ ਵਿਚ ਭਾਰਤ ਨੇ ਵਿਸ਼ਵ ਦੀ ਅਗਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਆਪਣੀ ਪੁਰਾਤਨ ਸੰਸਕ੍ਰਿਤੀ ਅਤੇ ਰਵਾਇਤਾਂ 'ਤੇ ਚਲਦਿਆਂ ਭਾਰਤ ਨੇ ਅੱਜ ਤੱਕ ਕਿਸੇ ਵੀ ਦੇਸ਼ ਉਤੇ ਹਮਲਾ ਨਹੀਂ ਕੀਤਾ । ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਅਤੇ ਹੋਰ ਗੁਰੂ ਸਾਹਿਬਾਨਾਂ ਨੇ ਅਪਣੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ, ਜਿਨ੍ਹਾਂ ਤੋਂ ਸਾਨੂੰ ਸਿੱਖਿਆ ਪ੍ਰਾਪਤ ਕਰਨ ਦੀ ਲੋੜ ਹੈ। ਉਨ੍ਹਾ ਕਿਹਾ ਕਿ ਸਵਾਮੀ ਵਿਵੇਕਾਨੰਦ ਨੇ ਸਹੀ ਕਿਹਾ ਸੀ ਕਿ ਜੋ ਤੁਸੀਂ ਕਮਾਈ ਕਰਦੇ ਹੋ, ਉਸ ਵਿਚੋਂ ਕੁਝ ਹਿੱਸਾ ਸਮਾਜ ਦੀ ਭਲਾਈ ਅਤੇ ਗਰੀਬਾਂ ਦੀ ਸੇਵਾ ਵਾਸਤੇ ਖਰਚ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾ ਕਿਹਾ ਕਿ ਅਪਰਾਧੀ ਵੀ ਇੱਕ ਇਨਸਾਨ ਹਨ, ਉਨ੍ਹਾਂ ਦੀ ਸੋਚ ਵਿਚ ਬਦਲਾਅ ਲਿਆਉਣ ਦੀ ਲੋੜ ਹੈ। ਸਮਾਜ ਦੇ ਬਲ ਤੇ ਕਮਾਏ ਹੋਏ ਪੈਸੇ ਦਾ ਕੁਝ ਹਿੱਸਾ ਸਮਾਜ ਵਿਚੋਂ ਸਮਾਜਿਕ ਕੁਰੀਤੀਆਂ ਨੂੰ ਖਤਮ ਕਰਨ ਤੇ ਖਰਚ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਉਨ੍ਹਾ ਨੇ ਸ਼ਹੀਦ ਪਰਵਾਰ ਫ਼ੰਡ ਟਰੱਸਟ ਵਲੋਂ ਪਿਛਲੇ 3 ਦਹਾਕਿਆਂ ਤੋਂ ਸ਼ੁਰੂ ਕੀਤੇ ਸ਼ਹੀਦਾਂ ਦੇ ਪਰਵਾਰਾਂ ਲਈ ਆਰਥਕ ਮਦਦ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿਚ ਪੀੜਤ ਅਤੇ ਲੋੜਵੰਦ ਲੋਕਾਂ ਦੀ ਵੱਡੀ ਮਦਦ ਕਰਦਾ ਹੈ। ਇਸ ਮੌਕੇ ਉਨ੍ਹਾਂ ਸ਼ਹੀਦ ਪਰਵਾਰ ਫ਼ੰਡ ਲਈ ਆਪਣੇ ਅਖਤਿਆਰੀ ਫ਼ੰਡ ਵਿਚੋਂ 11 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸ਼ਹੀਦ ਪਰਿਵਾਰ ਫ਼ੰਡ ਟਰੱਸਟ ਵਲੋਂ ਅੱਤਵਾਦ ਤੋਂ ਪੀੜਤ 167 ਪਰਿਵਾਰਾਂ ਨੂੰ ਰਾਸ਼ਨ ਅਤੇ ਹੋਰ ਜ਼ਰੂਰੀ ਘਰੇਲੂ ਸਮੱਗਰੀ ਤੋਂ ਇਲਾਵਾ 46 ਲੱਖ 85 ਹਜ਼ਾਰ ਰੁਪਏ ਦੀ ਉਨ੍ਹਾਂ ਦੇ ਨਾਂਅ ਜਮ੍ਹਾਂ ਰਾਸ਼ੀ ਦੇ ਸਰਟੀਫਿਕੇਟ ਭੇਟ ਕੀਤੇ। ਇਸ ਤੋਂ ਪਹਿਲਾਂ ਸ਼ਹੀਦ ਪਰਵਾਰ ਫ਼ੰਡ ਵਲੋਂ ਜੰਮੂ-ਕਸ਼ਮੀਰ ਦੇ ਅੱਤਵਾਦ ਤੋਂ ਪ੍ਰਭਾਵਤ ਪਰਵਾਰਾਂ ਲਈ ਰਾਸ਼ਨ ਅਤੇ ਕੱਪੜਿਆਂ ਦੇ ਦੋ ਟਰੱਕ ਰਵਾਨਾ ਕੀਤੇ ਗਏ।
ਇਸ ਮੌਕੇ ਮਸ਼ਹੂਰ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਕਿਹਾ ਕਿ ਅਜ਼ਾਦੀ ਦੇ ਬੂਟੇ ਨੂੰ ਹਰਿਆ-ਭਰਿਆ ਰੱਖਣ ਲਈ ਹਮੇਸ਼ਾ ਸ਼ਹਾਦਤਾਂ ਦੀ ਲੋੜ ਹੁੰਦੀ ਹੈ। ਉਨ੍ਹਾ ਯੁਵਾ ਸ਼ਕਤੀ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋ ਉਪਰ ਉੱਠਣ ਅਤੇ ਜੇ ਆਪਣੇ ਜੀਵਨ ਦਾ ਸਹੀ ਆਨੰਦ ਮਾਨਣਾ ਚਾਹੁੰਦੇ ਹਨ ਤਾਂ ਸਮਾਜ ਵਿਚ ਬੇਦਾਗ ਜੀਵਨ ਜਿਉਂਦੇ ਹੋਏ ਸਮਾਜ ਸੇਵਾ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ। ਉਨ੍ਹਾ ਕਿਹਾ ਸ਼ਹੀਦੇ ਆਜ਼ਮ ਸ. ਭਗਤ ਸਿੰਘ ਦੇ ਜੀਵਨ ਤੋਂ ਪੰਜਾਬ ਦੇ ਨੌਜਵਾਨਾਂ ਨੂੰ ਸੇਧ ਲੈਣ ਦੀ ਲੋੜ ਹੈ। ਉਨ੍ਹਾ ਕਿਹਾ ਕਿ ਲੋਕਾਂ ਦੇ ਵਿੱਚੋ ਸਹਿਣਸ਼ੀਲਤਾ ਦੀ ਭਾਵਨਾ ਖਤਮ ਹੋਣ ਨਾਲ ਮੈਂ ਅਤੇ ਮੇਰੇ ਦਾ ਬੋਲਬਾਲਾ ਵਧਦਾ ਜਾ ਰਿਹਾ ਹੈ, ਇਸ ਲਈ ਨੌਜਵਾਨਾਂ ਨੂੰ ਸਹਿਣਸ਼ੀਲਤਾ ਅਪਣਾਉਣ ਦੀ ਲੋੜ ਹੈ। ਇਸ ਮੌਕੇ ਪੰਜਾਬ ਦੇ ਵਣ ਤੇ ਕਿਰਤ ਮੰਤਰੀ ਭਗਤ ਚੁੰਨੀ ਲਾਲ, ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ, ਸ਼ਰਨਜੀਤ ਸਿੰਘ ਢਿੱਲੋ ਸਿੰਚਾਈ ਮੰਤਰੀ, ਮਨੋਰੰਜਨ ਕਾਲੀਆ ਸਾਬਕਾ ਮੰਤਰੀ ਅਤੇ ਵਿਧਾਇਕ, ਤੀਕਸ਼ਣ ਸੂਦ ਰਾਜਸੀ ਸਲਾਹਕਾਰ ਮੁੱਖ ਮੰਤਰੀ ਪੰਜਾਬ, ਮਾਸਟਰ ਮੋਹਨ ਲਾਲ ਸਾਬਕਾ ਮੰਤਰੀ, ਡਾ.ਬਲਦੇਵ ਪ੍ਰਕਾਸ਼ ਚਾਵਲਾ ਸਾਬਕਾ ਮੰਤਰੀ, ਅਸ਼ਵਨੀ ਕੁਮਾਰ ਰਾਜ ਸਭਾ ਮੈਂਬਰ, ਰਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ, ਸੁਨੀਲ ਜਾਖੜ ਵਿਰੋਧੀ ਧਿਰ ਦੇ ਆਗੂ, ਸੰਧਿਆ ਬਜਾਜ ਸਾਬਕਾ ਚੇਅਰਪਰਸਨ ਹਰਿਆਣਾ ਹੈਂਡਲੂਮ, ਡੀ ਆਰ ਭੱਟੀ ਸਾਬਕਾ ਡੀ ਜੀ ਪੀ, ਡਾ. ਜੋਗਿੰਦਰ ਦਿਆਲ, ਬਾਬਾ ਕਸ਼ਮੀਰਾ ਸਿੰਘ, ਮਨਿੰਦਰਜੀਤ ਸਿੰਘ ਬਿੱਟਾ ਪ੍ਰਧਾਨ ਅੱਤਵਾਦ ਵਿਰੋਧੀ ਫਰੰਟ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਪੰਜਾਬ ਕੇਸਰੀ ਗਰੁੱਖ ਵੱਲੋਂ ਸ਼ੁਰੂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਲ ਕਿਸ਼ੋਰ ਯਾਦਵ ਡਿਪਟੀ ਕਮਿਸ਼ਨਰ, ਯੁਰਿੰਦਰ ਸਿੰਘ ਹੇਅਰ ਪੁਲਸ ਕਮਿਸ਼ਨਰ ਜਲੰਧਰ, ਰਜਿੰਦਰ ਸਿੰਘ ਡਿਪਟੀ ਕਮਿਸ਼ਨਰ ਪੁਲਸ, ਕੁਮਾਰ ਅਮਿਤ ਵਧੀਕ ਡਿਪਟੀ ਕਮਿਸ਼ਨਰ(ਵਿਕਾਸ), ਸਵਾਮੀ ਕ੍ਰਿਸ਼ਨਾ ਨੰਦ, ਕੀਮਤੀ ਭਗਤ ਚੇਅਰਮੈਨ ਗਊ ਸੇਵਾ ਸਮਿਤੀ ਆਦਿ ਸ਼ਖਸੀਅਤਾਂ ਹਾਜ਼ਰ ਸਨ।

1238 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper