Latest News
ਪੱਤਰਕਾਰਤਾ 'ਚ ਨਿਖਾਰ ਲਿਆਉਣ ਲਈ ਭਾਸ਼ਾ ਤੇ ਪੇਸ਼ਕਾਰੀ ਦੇ ਢੰਗਾਂ 'ਤੇ ਪਕੜ ਜ਼ਰੂਰੀ : ਵਾਲੀਆ
ਚੰਡੀਗੜ੍ਹ ਪੰਜਾਬ ਯੂਨੀਅਨ ਆਫ਼ ਜਰਨਲਿਸਟ ਯੂਨਿਟ ਪਾਤੜਾਂ ਵੱਲੋਂ ਅਜੋਕੀ ਪੱਤਰਕਾਰੀ, ਨਿਯਮ ਤੇ ਫਰਜ਼ ਵਿਸ਼ੇ ਉਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਮੁੱਖ ਬੁਲਾਰੇ ਦੇ ਤੌਰ ਉੇਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਦੇ ਮੁਖੀ ਡਾ. ਹਰਜਿੰਦਰ ਸਿੰਘ ਵਾਲੀਆ ਨੇ ਸ਼ਿਰਕਤ ਕੀਤੀ। ਇਸ ਸੈਮੀਨਾਰ ਨੂੰ ਦੋ ਮੁੱਖ ਭਾਗਾਂ ਵਿੱਚ ਵੰਡਿਆ ਗਿਆ, ਜਿਸ ਦੌਰਾਨ ਪਹਿਲੇ ਸੈਸ਼ਨ ਵਿੱਚ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਵਿੱਚ ਖਬਰਾਂ ਦੀ ਬਣਤਰ ਤੇ ਉਨ੍ਹਾਂ ਉੱਤੇ ਲਾਗੂ ਹੁੰਦੇ ਨਿਯਮਾਂ ਸੰਬੰਧੀ ਜਾਣਕਾਰੀ ਦਿੱਤੀ ਗਈ। ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਡਾ. ਹਰਜਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਅੱਜ-ਕੱਲ ਦੇ ਸਮੇਂ ਅੰਦਰ ਪੱਤਰਕਾਰੀ ਕੰਢਿਆਂ ਦੀ ਸੇਜ ਹੈ, ਪਰ ਸਮਾਜ ਵਿੱਚ ਵਾਪਰ ਰਹੇ ਬਹੁਤੇ ਵਰਤਾਰਿਆਂ ਦੌਰਾਨ ਆਮ ਲੋਕਾਂ ਦੀ ਨਜ਼ਰ ਮੀਡੀਆ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਉਤੇ ਹੁੰਦੀ ਹੈ। ਜਨਤਾ ਖਬਰਾਂ ਨੂੰ ਸੱਚ ਮੰਨਦੀ ਹੈ, ਪਰ ਇਸ ਵਿੱਚ ਲਗਾਤਾਰ ਆ ਰਹੀ ਗਿਰਾਵਟ ਮੀਡੀਆ ਨੂੰ ਨਿਘਾਰ ਵੱਲ ਲੈ ਕੇ ਜਾ ਰਹੀ ਹੈ। ਉਨ੍ਹਾਂ ਪੱਤਰਕਾਰਾਂ ਨੂੰ ਸਮਾਜ ਦੀ ਬਿਹਤਰੀ ਲਈ ਅਗਾਂਹਵਧੂ ਕਵਰੇਜ ਵੱਲ ਜ਼ੋਰ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਸਦੇ ਹਮੇਸ਼ਾ ਸਾਰਥਿਕ ਸਿੱਟੇ ਨਿਕਲਦੇ ਹਨ, ਜਦੋਂਕਿ ਪੀਲੀ ਪੱਤਰਕਾਰੀ ਥੋੜ੍ਹਚਿਰੀ ਹੁੰਦੀ ਹੈ ਤੇ ਇਸ ਨੂੰ ਸਦਾ ਜਨਤਾ ਸ਼ੱਕ ਦੀ ਨਜ਼ਰ ਨਾਲ ਦੇਖਦੀ ਹੈ, ਜੋ ਕਿ ਅਕਸਰ ਪੱਤਰਕਾਰ ਦੀ ਬਦਨਾਮੀ ਦਾ ਕਾਰਨ ਬਣਦੀ ਹੈ। ਉਨ੍ਹਾਂ ਪੱਤਰਕਾਰਤਾ ਵਿੱਚ ਨਿਖਾਰ ਲਿਆਉਣ ਲਈ ਬੋਲੀ, ਭਾਸ਼ਾ ਤੇ ਪੇਸ਼ਕਾਰੀ ਦੇ ਢੰਗਾਂ ਉਤੇ ਪਕੜ ਬਣਾਉਣ ਦੇ ਨਾਲ-ਨਾਲ ਸੂਚਨਾ ਦੇ ਖੇਤਰ ਵਿੱਚ ਆ ਰਹੀਆਂ ਨਵੀਂਆਂ ਤਕਨੀਕਾਂ ਨੂੰ ਅਪਣਾਉਣ ਦੀ ਸਲਾਹ ਦਿੰਦਿਆਂ ਸੋਸ਼ਲ ਮੀਡੀਆ ਦੀ ਭੂਮਿਕਾ ਸੰਬੰਧੀ ਵੀ ਚਰਚਾ ਕੀਤੀ ਤੇ ਇਸਦੀ ਵੱਧ ਤੋਂ ਵੱਧ ਵਰਤੋਂ 'ਤੇ ਜ਼ੋਰ ਦਿੱਤਾ।
ਦੂਜੇ ਸੈਸ਼ਨ ਦੌਰਾਨ ਪਟੇਲ ਕਾਲਜ ਰਾਜਪੁਰਾ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੀ ਪ੍ਰੋ. ਪਾਰੁਲ ਰਾਏਜ਼ਾਦਾ ਮੁਖੀ ਪੱਤਰਕਾਰੀ ਵਿਭਾਗ ਨੇ ਸੂਚਨਾ ਦੇ ਅਧਿਕਾਰ ਐਕਟ 2005 ਸੰਬੰਧੀ ਚਰਚਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਮ ਜਨਤਾ ਨੂੰ ਦਿੱਤਾ ਗਿਆ ਅਧਿਕਾਰ ਪੱਤਰਕਾਰੀ ਦੇ ਖੇਤਰ ਨਾਲ ਜੁੜੇ ਲੋਕਾਂ ਲਈ ਬਹੁਤ ਸਹਾਈ ਹੁੰਦਾ ਹੈ, ਪਰ ਬਦਕਿਸਮਤੀ ਦੀ ਗੱਲ ਹੈ ਕਿ ਕੁਝ ਲੋਕ ਇਸਦੀ ਗਲ਼ਤ ਵਰਤੋਂ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਅਧਿਕਾਰ ਜ਼ਰੀਏ ਲੋਕ ਸਮੱਸਿਆਵਾਂ ਤੇ ਉਨ੍ਹਾਂ ਦੇ ਹੱਲ ਵਿੱਚ ਆ ਰਹੀਆਂ ਦਿੱਕਤਾਂ ਨੂੰ ਉਭਾਰਦਿਆਂ ਵਾਪਰ ਰਹੇ ਗਲ਼ਤ ਵਰਤਾਰਿਆਂ ਨੂੰ ਉਭਾਰ ਕੇ ਪੱਤਰਕਾਰੀ ਨੂੰ ਚਮਕਾਇਆ ਜਾ ਸਕਦਾ ਹੈ। ਜਥੇਬੰਦੀ ਵੱਲੋਂ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਪਵਨ ਕੁਮਾਰ ਬਾਂਸਲ, ਗੁਰਨਾਮ ਸਿੰਘ ਚੌਹਾਨ, ਕਰਨੈਲ ਸਿੰਘ ਮਹਿਰੋਕ, ਬ੍ਰਿਸ਼ਭਾਨ ਬੁਜਰਕ, ਸੱਤਪਾਲ ਗਰਗ, ਸੀਤਾ ਰਾਮ ਸਿੰਗਲਾ, ਕੇਵਲ ਸ਼ਰਮਾ, ਜੀ ਐੱਸ ਬੱਤਰਾ, ਸੰਜੇ ਗਰਗ, ਬਲਦੇਵ ਸਿੰਘ ਮਹਿਰੋਕ, ਜਸਪਾਲ ਸਿੰਗਲਾ, ਬਲਬੀਰ ਸਿੰਘ ਸ਼ੁਤਰਾਣਾ, ਭੁਪਿੰਦਰਜੀਤ ਮੌਲਵੀਵਾਲਾ, ਵਿਕਰਮਜੀਤ ਸਿੰਘ ਬਾਜਵਾ, ਹੇਮਰਾਜ ਬਰਾਸ, ਸੁਰੇਸ਼ ਸ਼ਰਮਾ, ਜੋਗਿੰਦਰ ਸ਼ਰਮਾ, ਮੁਕੇਸ਼ ਗੋਇਲ, ਪ੍ਰਵੀਨ ਕਮਲ, ਮਨਜੀਤ ਸ਼ਰਮਾ, ਨਰਿੰਦਰਪਾਲ ਸਿੰਘ ਜਾਖਲ ਤੇ ਗੁਰਜੰਟ ਸਿੰਘ ਢੀਂਡਸਾ ਆਦਿ ਹਾਜ਼ਰ ਸਨ।

1173 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper