Latest News
ਗੈਰ-ਕਾਨੂੰਨੀ ਮਾਈਨਿੰਗ ਖਿਲਾਫ਼ ਸਰਕਾਰ ਦਾ ਪੁਤਲਾ ਸਾੜਿਆ
ਹੁਸ਼ਿਆਰਪੁਰ ਦੇ ਪਿੰਡ ਡਗਾਣਾ ਖੁਰਦ ਵਿਖੇ ਚੱਲ ਰਹੀ ਸਰਕਾਰੀ ਮਾਈਨਿੰਗ 'ਚ ਹੋ ਰਹੀ ਵੱਡੇ ਪੱਧਰ 'ਤੇ ਘਪਲੇਬਾਜ਼ੀ ਅਤੇ ਇਸ ਦਾ ਖੁਲਾਸਾ ਕਰਨ ਵਾਲੇ ਦਲਿਤ ਭਾਈਚਾਰੇ ਨਾਲ ਸੰਬੰਧਤ ਸਾਈਟ ਮੈਨੇਜਰ ਰੇਸ਼ਮ ਸਿੰਘ ਨੂੰ ਨੌਕਰੀਓਂ ਕੱਢੇ ਜਾਣ ਖਿਲਾਫ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਕਸਬਾ ਹਰਿਆਣਾ ਵਿਖੇ ਪ੍ਰਧਾਨ ਸੋਨੂੰ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸੋਮ ਦੇਵ ਸੰਮੀ ਜ਼ਿਲ੍ਹਾ ਉਪ ਪ੍ਰਧਾਨ ਅਤੇ ਅਮਰਜੀਤ ਸੰਮੀ ਜ਼ਿਲ੍ਹਾ ਜਨਰਲ ਸਕੱਤਰ ਨੇ ਵੀ ਸ਼ਿਰਕਤ ਕੀਤੀ।
ਇਸ ਮੌਕੇ ਆਗੂਆਂ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਡਗਾਣਾ ਖੁਰਦ ਵਿਖੇ ਸਰਕਾਰੀ ਮਾਈਨਿੰਗ ਦੀ ਆੜ 'ਚ ਮਾਈਨਿੰਗ ਵਿਭਾਗ ਦੇ ਅਧਿਕਾਰੀ ਤੇ ਠੇਕੇਦਾਰ ਨਜਾਇਜ਼ ਮਾਈਨਿੰਗ ਕਰਵਾ ਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਾ ਰਹੇ ਹਨ। ਰੇਤਾ ਦੇ ਠੇਕੇਦਾਰ ਸੱਤਾਧਾਰੀ ਪਾਰਟੀ ਨਾਲ ਸੰਬੰਧਤ ਹੋਣ ਕਰਕੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇਸ ਨੂੰ ਨੱਥ ਪਾਉਣ ਵੱਲ ਧਿਆਨ ਨਹੀਂ ਦੇ ਰਿਹਾ। ਇਸ ਬਾਰੇ ਸਾਈਟ ਮੈਨੇਜਰ ਰੇਸ਼ਮ ਸਿੰਘ ਨੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਤਾਂ ਕੋਈ ਕਾਰਵਾਈ ਕਰਨ ਦੀ ਥਾਂ ਉਸ ਨੂੰ ਨੌਕਰੀਓਂ ਬਰਖਾਸਤ ਕਰ ਦਿੱਤਾ ਗਿਆ। ਅਜਿਹਾ ਕਰਨਾ ਜਿੱਥੇ ਦਲਿਤ ਲੋਕਾਂ ਪ੍ਰਤੀ ਸਰਕਾਰ ਦੀ ਸੌੜੀ ਮਾਨਸਿਕਤਾ ਨੂੰ ਦਰਸਾਉਂਦਾ ਹੈ, ਉਥੇ ਇਸ ਗੋਰਖ ਧੰਦੇ ਵਿੱਚ ਪ੍ਰਸ਼ਾਸਨਿਕ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਦਰਸਾਉਂਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇੱਥੋਂ ਰੋਜ਼ਾਨਾ 100 ਤੋਂ ਡੇਢ ਸੌ ਵਾਹਨ ਰੇਤਾ ਲਿਜਾਂਦੇ ਹਨ, ਪਰ ਮਾਈਨਿੰਗ ਵਿਭਾਗ ਦੇ ਰਿਕਾਰਡ ਵਿੱਚ 25-30 ਵਾਹਨ ਹੀ ਦਰਸਾਏ ਜਾ ਰਹੇ ਹਨ, ਜਿਸ ਨਾਲ ਸਰਕਾਰ ਨੂੰ ਰੋਜ਼ਾਨਾ ਲੱਖਾਂ ਰੁਪਏ ਦਾ ਚੂਨਾ ਲਾਇਆ ਜਾ ਰਿਹਾ ਹੈ। ਸਰਕਾਰ ਵੱਲੋਂ ਜ਼ਿਲ੍ਹਾ ਉਦਯੋਗ ਮੈਨੇਜਰ ਭੋਲਾ ਸਿੰਘ ਬਰਾੜ ਤੋਂ ਮਾਈਨਿੰਗ ਵਿਭਾਗ ਦਾ ਚਾਰਜ ਵਾਪਸ ਲੈ ਕੇ ਜ਼ਿਲ੍ਹਾ ਮਾਈਨਿੰਗ ਅਫਸਰ ਹਰਜੋਤ ਕੌਰ ਨੂੰ ਦੇਣਾ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਲੜੇ ਜਾ ਰਹੇ ਸੰਘਰਸ਼ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਦੋਸ਼ੀ ਪਾਏ ਜਾਣ ਵਾਲੇ ਮਾਈਨਿੰਗ ਅਧਿਕਾਰੀਆਂ ਤੇ ਠੇਕੇਦਾਰਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਪ੍ਰਿੰਸ ਭੂੰਗਾ, ਮਿੰਟੂ ਹਰਿਆਣਾ, ਦਿਨੇਸ਼, ਦੀਪਕ ਤੇ ਨੋਭੂ ਹਰਿਆਣਾ ਆਦਿ ਹਾਜ਼ਰ ਸਨ।

1612 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper